ਹੁਸ਼ਿਆਰਪੁਰ, 16 ਜੂਨ (ਰਾਜੇਸ਼ ਜੈਨ – ਭਗਵਾਨ ਭੰਗੂ) : ਜ਼ਿਲ੍ਹੇ ਦੇ ਕਲੱਸਟਰ ਨੰਬਰ 28 ਦੀਆਂ ਤਿੰਨ ਵਪਾਰਕ ਰੇਤ ਮਾਈਨਿੰਗ ਸਾਈਟਾਂ ਸੰਧਵਾਲ, ਨੌਸ਼ਹਿਰਾ ਅਤੇ ਬਡਿਆਲ ਲਈ ਸ਼ੁੱਕਰਵਾਰ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਦੇ ਬੀ.ਆਰ.ਜੀ.ਐਫ ਹਾਲ ਵਿਖੇ ਡਰਾਅ ਆਫ ਲਾਟਸ ਕੱਢਿਆ ਗਿਆ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਮੀਡੀਆ ਅਤੇ ਬੋਲੀਕਾਰਾਂ ਦੀ ਹਾਜ਼ਰੀ ਵਿੱਚ ਐੱਚ-1 ਬੋਲੀ ਦੀਆਂ 3 ਪਰਚੀਆਂ ਕੱਢੀਆਂ ਗਈਆਂ।ਜਿਸ ਲਈ ਕਿਰਤ ਬਿਲਡਿੰਗ ਮਟੀਰੀਅਲ ਪਿੰਡ ਖਾਂਬਰਾ, ਜਲੰਧਰ ਨੂੰ ਕਲਸਟਰ 28 ਲਈ ਐਚ-1 ਐਲਾਨਿਆ ਗਿਆ। ਇਸ ਤੋਂ ਇਲਾਵਾ 2 ਹੋਰ ਐੱਚ-1 ਬੋਲੀਕਾਰਾਂ ਦੀਆਂ ਪਰਚੀਆਂ ਕੱਢੀਆਂ ਗਈਆਂ ਤਾਂ ਜੋ ਕਿਸੇ ਵਿਭਾਗੀ ਸਮੱਸਿਆ ਦੀ ਸੂਰਤ ਵਿੱਚ ਉਨ੍ਹਾਂ ਨੂੰ ਸਹੀ ਮੰਨਿਆ ਜਾ ਸਕੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਾਅ ਕਰਵਾਉਣ ਸਮੇਂ ਪੂਰੀ ਪਾਰਦਰਸ਼ਤਾ ਅਪਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਹਾਜ਼ਰ ਸਮੂਹ ਵਿਅਕਤੀਆਂ/ਫਰਮਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦੀਆਂ ਪਰਚੀਆਂ ਬਣਾਉਂਦੇ ਹੋਏ ਡਰਾਅ ਕੱਢਿਆ ਗਿਆ ਅਤੇ ਸਾਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਰੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਬੋਲੀਕਾਰਾਂ ਨੂੰ ਆਪਣੇ ਖਰਚੇ ‘ਤੇ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ ਸੀ।
ਐਕਸੀਅਨ ਮਾਈਨਿੰਗ ਸਰਤਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ ਰੇਤ ਮਾਈਨਿੰਗ ਵਾਲੀਆਂ ਥਾਵਾਂ ਨੌਸ਼ਹਿਰਾ, ਸੰਧਵਾਲ ਅਤੇ ਬਡਿਆਲ ਨੂੰ ਠੇਕੇ ’ਤੇ ਦੇਣ ਲਈ ਕਲੱਸਟਰ ਨੰਬਰ 28 ਦਾ ਟੈਂਡਰ ਜਾਰੀ ਕੀਤਾ ਗਿਆ ਸੀ ਅਤੇ ਟੈਂਡਰ ਦੀ ਬੋਲੀ ਦੀ ਆਖਰੀ ਮਿਤੀ 2 ਜੂਨ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ 2 ਜੂਨ ਨੂੰ ਕਲੱਸਟਰ ਨੰਬਰ 28 ਦਾ ਟੈਂਡਰ ਤਕਨੀਕੀ ਮੁਲਾਂਕਣ ਲਈ ਖੋਲ੍ਹਿਆ ਗਿਆ ਸੀ, ਜਿਸ ਦੌਰਾਨ ਪਤਾ ਲੱਗਾ ਕਿ ਇਸ ਟੈਂਡਰ ਵਿੱਚ ਕੁੱਲ 34 ਵਿਅਕਤੀਆਂ ਨੇ ਭਾਗ ਲਿਆ ਸੀ। ਇਸ ਤੋਂ ਬਾਅਦ, ਤਕਨੀਕੀ ਮੁਲਾਂਕਣ ਤੋਂ ਬਾਅਦ, 30 ਵਿਅਕਤੀਆਂ/ਫਰਮਾਂ ਨੂੰ ਤਕਨੀਕੀ ਮੁਲਾਂਕਣ ਕਮੇਟੀ ਦੁਆਰਾ ਪ੍ਰਵਾਨਗੀ ਦਿੱਤੀ ਗਈ। ਸਾਰੀ ਪ੍ਰਕਿਰਿਆ ਤੋਂ ਬਾਅਦ ਅੱਜ ਇਨ੍ਹਾਂ 30 ਵਿਅਕਤੀਆਂ/ਫਰਮਾਂ ਨੂੰ ਦਫ਼ਤਰ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹੁਸ਼ਿਆਰਪੁਰ ਦੇ ਬੀ.ਆਰ.ਜੀ.ਐਫ ਹਾਲ ਵਿਖੇ ਡਰਾਅ ਆਫ ਲਾਟਸ ਲਈ ਬੁਲਾਇਆ ਗਿਆ ਸੀ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਵਿਓਮ ਭਾਰਦਵਾਜ, ਐਸ.ਈ ਜਲੰਧਰ ਡਰੇਨੇਜ ਆਸ਼ੂਤੋਸ਼ ਕੁਮਾਰ, ਐਕਸੀਅਨ ਮੁੱਖ ਦਫ਼ਤਰ ਇੰਦਰਜੀਤ ਸਿੰਘ ਅਤੇ ਡੀ.ਏ.ਓ ਮਹੇਸ਼ ਮੀਨਾ ਵੀ ਹਾਜ਼ਰ ਸਨ।