ਅੰਮ੍ਰਿਤਸਰ,14 ਜੁਲਾਈ (ਵਿਕਾਸ ਮਠਾੜੂ – ਮੋਹਿਤ ਜੈਨ) : ਸੂਬੇ ਵਿੱਚ ਆਈ ਕੁਦਰਤੀ ਆਫਤ ਦਾ ਮੁਕਾਬਲਾ ਕਰਨ ਲਈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਸਾਡੀ ਸਰਕਾਰ ਜਮੀਨੀ ਪੱਧਰ ਤੇ ਇਸ ਕੁਦਰਤੀ ਆਫਤ ਦਾ ਮੁਕਾਬਲਾ ਕਰਨ ਲਈ ਕੰਮ ਕਰ ਰਹੀ ਹੈ ਨਾ ਕਿ ਵਿਰੋਧੀ ਪਾਰਟੀਆਂ ਵਾਂਗ ਭਲਵਾਨੀ ਗੇੜੇ ਮਾਰ ਕੇ ਆਪਣਾ ਨਾਮ ਚਮਕਾਇਆ ਜਾ ਰਿਹਾ ਹੈ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਵੱਲੋਂ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਨਵਾਂ ਕੋਟ, ਦੇਵੀਦਾਸ ਪੁਰਾ, ਵਡਾਲਾ ਜੌਹਲ, ਨਰਾਇਣਗੜ੍ਹ ਅਤੇ ਮੱਲੀਆਂ ਦਾ ਦੌਰਾ ਕਰਨ ਉਪਰੰਤ ਕੀਤਾ।ਈ:ਟੀ:ਓ ਸਭ ਤੋਂ ਪਹਿਲਾਂ ਪਿੰਡ ਨਵਾਂ ਕੋਟ ਵਿਖੇ ਪੁੱਜੇ ਅਤੇ ਮੀਂਹ ਕਾਰਨ ਇਕੱਠੇ ਹੋਏ ਪਾਣੀ ਨੂੰ ਸਾਫ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ।ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਜੰਡਿਆਲਾ ਗੁਰੂ ਹਲਕੇ ਵਿੱਚ 5 ਪੁਲਕਿਨ ਸਫਾਈ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਜੋ ਕਿ ਡਰੇਨਾਂ ਅਤੇ ਛੱਪੜਾਂ ਦੀ ਸਫਾਈ ਕਰ ਰਹੀਆਂ ਹਨ। ਉਨ੍ਹਾਂ ਇਸ ਮੌਕੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਵੀ ਸੁਣਿਆ ਅਤੇ ਪਹਿਲੂ ਦੇ ਅਧਾਰ ਤੇ ਸ਼ਿਕਾਇਤਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।ਈ:ਟੀ:ਓ ਵੱਲੋਂ ਪਿੰਡ ਨਵਾਂ ਕੋਟ ਵਿਖੇ ਬਣੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਅਤੇ ਗੁਰੂਦੁਆਰਾ ਕਮੇਟੀ ਵੱਲੋਂ ਸਿਰੋਪਾਓ ਪਾ ਕੇ ਸਨਮਾਨਤ ਕੀਤਾ।ਇਸ ਉਪਰੰਤ ਈ:ਟੀ:ਓ ਵੱਲੋਂ ਦੇਵੀਦਾਸ ਪੁਰਾ, ਵਡਾਲਾ ਜੌਹਲ, ਨਰਾਇਣਗੜ੍ਹ ਅਤੇ ਮੱਲੀਆਂ ਦੇ ਦੌਰੇ ਦੌਰਾਨ ਮੀਂਹ ਤੋਂ ਪ੍ਰਭਾਵਿਤ ਹੋਏ ਘਰਾਂ ਵਿੱਚ ਜਾ ਕੇ ਮੌਕਾ ਦੇਖਿਆ ਅਤੇ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਬਣਦਾ ਮੁਆਵਜਾ ਦਿੱਤਾ ਜਾਵੇਗਾ।ਉਨ੍ਹਾਂ ਨੇ ਲੋਕਾਂ ਭਰੋਸਾ ਦਿੰਦਿਆਂ ਕਿਹਾ ਕਿ ਸਾਡੀ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ ਅਤੇ ਤੁਹਾਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿ ਇਸ ਕੁਦਰਤੀ ਆਫਤ ਦਾ ਸਾਨੂੰ ਮਿਲ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਸਰਕਾਰ ਵੱਧ ਤੋਂ ਵੱਧ ਪੀੜਤ ਲੋਕਾਂ ਦੀ ਸਹਾਇਤਾ ਕਰੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਆਪਣੇ 16 ਮਹੀਨਿਆਂ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਸਹੂਲਤਾਂ ਦੇਣ ਦਾ ਕੰਮ ਕੀਤਾ ਹੈ।ਆਪਣੇ ਦੌਰੇ ਦੌਰਾਨ ਈ:ਟੀ:ਓ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਡਰੇਨਾਂ ਅਤੇ ਛੱਪੜਾਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਪਿੰਡਾਂ ਵਿੱਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਯਕੀਨੀ ਬਣੇ। ਉਨ੍ਹਾਂ ਕਿਹਾ ਕਿ ਜਿੰਨਾਂ ਲੋਕਾਂ ਦੇ ਘਰ ਮੀਂਹ ਨਾਲ ਪ੍ਰਭਾਵਿਤ ਹੋਏ ਹਨ ਦੀਆਂ ਲਿਸਟਾਂ ਤਿਆਰ ਕਰਕੇ ਭੇਜੀਆਂ ਜਾਣ ਤਾਂ ਜੋ ਬਣਦਾ ਮੁਆਵਜਾ ਦਿੱਤਾ ਜਾ ਸਕੇ।ਇਸ ਮੌਕੇ ਚੇਅਰਮੈਨ ਗਹਿਰੀ ਮੰਡੀ ਸ਼ਨਾਖ ਸਿੰਘ, ਐਕਸੀਅਨ ਇੰਦਰਜੀਤ ਸਿੰਘ, ਐਸ:ਈ ਕੁਲਵਿੰਦਰ ਸਿੰਘ, ਐਕਸੀਅਨ ਵਿਸ਼ਾਲ ਮਹਿਤਾ,ਸਤਿੰਦਰ ਸਿੰਘ,ਸੁਖਵਿੰਦਰ ਸਿੰਘ,ਖਜਾਨ ਸਿੰਘ ਮਿਹਰਬਾਨਪੁਰਾ,ਨਰੇਸ਼ ਪਾਠਕ,ਸਰਬਜੀਤ ਸਿੰਘ,ਹਰਪ੍ਰੀਤ ਸਿੰਘ, ਹੀਰਾ ਲਾਲ ਜੌਹਲ,ਹਰਜਿੰਦਰ ਸਿੰਘ ਥਿੰਦ,ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।