ਇਸ ਵਾਰ ਐਨ.ਡੀ.ਏ ਬਨਾਮ ਰਾਜਗ ਦਾ ਮੁਕਾਬਲਾ ਪਹਿਲਾਂ ਵਾਂਗ ਨਹੀਂ ਹੈ ਬਲਕਿ ਦੋਵਾਂ ਧੜਿਆਂ ’ਚ ਜ਼ਬਰਦਸਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਇਸ ਵਾਰ ਇੰਡੀਆ ਗਰੁੱਪ ਵਿਚ ਦੇਸ਼ ਦੀਆਂ ਵੱਖ ਵੱਖ 26 ਵੱਡੀਆਂ ਪਾਰਟੀਆਂ ਅਤੇ ਖੇਤਰੀ ਪਾਰਟੀਆਂ ਸਮੇਤ ਵਿਰੋਧੀ ਧਿਰਾਂ, ਜਿਨ੍ਹਾਂ ਦਾ ਆਪੋ-ਆਪਣੇ ਸੂਬਿਆਂ ’ਚ ਪੂਰੀ ਤਰ੍ਹਾਂ ਦਬਦਬਾ ਬਰਕਰਾਰ ਹੈ, ਸ਼ਾਮਲ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ’ਚ ਬੈਂਗਲੁਰੂ ’ਚ ਹੋਈ ਬੈਠਕ ’ਚ ਦੇਸ਼ ਦੀਆਂ 26 ਪ੍ਰਮੁੱਖ ਪਾਰਟੀਆਂ ਨੇ ਇਕਜੁੱਟਤਾ ਨਾਲ ਗੰਭੀਰ ਵਿਚਾਰਾਂ ਕੀਤੀਆਂ। ਅੱਗੇ ਦੇ ਸਿਆਸੀ ਸਫ਼ਰ ਨੂੰ ਲੈ ਕੇ ਇੱਕ ਸਾਂਝਾ ਪ੍ਰੋਗਰਾਮ ਤਿਆਰ ਕੀਤਾ ਗਿਆ ਅਤੇ ਇੱਕ ਨਵੇਂ ਸੰਗਠਨ ਦਾ ਐਲਾਨ ਕੀਤਾ ਗਿਆ, ਜਿਸ ਦਾ ਨਾਂ ਇੰਡੀਆ ਰੱਖਿਆ ਗਿਆ। ਜਿਸ ਦਾ ਸ਼ਬਦੀ ਅਰਥ ‘‘ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਹੈ’’ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੀ ਆਪਣੇ ਨਾਲ 36 ਪਾਰਟੀਆਂ ਹਣ ਦਾ ਦਾਅਵਾ ਕਰ ਰਹੀ ਹੈ। ਪਰ ਉਨ੍ਹਾਂ 36 ’ਚ ਇਨ੍ਹਾਂ ’ਚੋਂ ਜ਼ਿਆਦਾਤਰ ਉਹ ਹਨ ਜਿਨ੍ਹਾਂ ਦੀ ਸਿਆਸੀ ਖੇਤਰ ’ਚ ਕੋਈ ਚੰਗੀ ਪਛਾਣ ਨਹੀਂ ਹੈ। ਭਾਵੇਂ ਭਾਜਪਾ ਦੀ ਲੀਡਰਸ਼ਿਪ ਵਿਰੋਧੀ ਪਾਰਟੀਆਂ ਦੇ ਇੰਡੀਆ ਨਾਂ ਦੇ ਸੰਗਠਨ ਦਾ ਮਜ਼ਾਕ ਉਡਾ ਰਹੀ ਹੈ ਪਰ ਹਰ ਕਿਸੇ ਦੇ ਮੱਥੇ ’ਤੇ ਚਿੰਤਾ ਦੀਆਂ ਰੇਖਾਵਾਂ ਵੀ ਨਜ਼ਰ ਆ ਰਹੀਆਂ ਹਨ। ਜੋ ਉਨ੍ਹਾਂ ਦੀ ਬਿਆਨਬਾਜ਼ੀ ਤੋਂ ਸਪੱਸ਼ਟ ਹੋ ਜਾਂਦਾ ਹੈ। ਜੇਕਰ ਵਿਰੋਧੀ ਪਾਰਟੀ ਦੇ ਨਵੇਂ ਸੰਗਠਨ ਇੰਡੀਆ ਦੀ ਗੱਲ ਕਰੀਏ ਤਾਂ ਭਾਵੇਂ ਮੀਟਿੰਗ ਵਿੱਚ ਸਭ ਦੀ ਸਹਿਮਤੀ ਬਣ ਗਈ ਸੀ ਪਰ ਜਦੋਂ ਉਹ ਜ਼ਮੀਨੀ ਪੱਧਰ ’ਤੇ ਮੈਦਾਨ ਵਿਚ ਆਉਣਗੇ ਤਾਂ ਇਸ ਦੀ ਅਸਲੀਅਤ ਸਭ ਦੇ ਸਾਹਮਣੇ ਆ ਜਾਵੇਗੀ। ਗੱਲ ਸ਼ੁਰੂ ਪੰਜਾਬ ਤੋਂ ਹੀ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਨਾਂ ’ਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਸਮੇਤ ਪੰਜਾਬ ਕਾਂਗਰਸ ਦੇ ਕਈ ਮੰਤਰੀ ਭ੍ਰਿਸ਼ਟਾਤਾਰ ਦੇ ਦੋਸ਼ਾਂ ਵਿਚ ਘੇਰੇ ਹੋਏ ਹਨ, ਜਿਨ੍ਹਾਂ ਵਿੱਚੋਂ ਕਈ ਜੇਲ੍ਹ ਵੀ ਜਾ ਚੁੱਕੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਹੋਣਾ ਅਸੰਭਵ ਜਾਪਦਾ ਹੈ। ਪੰਜਾਬ ਦੀ ਕਾਂਗਰਸ ਪਾਰਟੀ ਨੇ ਪਹਿਲਾਂ ਹੀ ਇਹ ਸੁਨੇਹਾ ਦੇ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਪਰ ਰਾਸ਼ਟਰ ਹਿੱਤ ਵਿੱਚ ਹੋਏ ਰਾਜਸੀ ਸਮੀਕਰਨਾਂ ਕਾਰਨ ਕੇਂਦਰੀ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ 24 ਘੰਟਿਆਂ ਦੇ ਅੰਦਰ ਇਹ ਬਿਆਨ ਦਾਗ ਦਿਤਾ ਗਿਆ ਕਿ ਪੰਜਾਬ ਵਿਚ ਰਾਂਗਰਸ ਦਾ ਆਪ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਕਾਂਗਰਸ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਆਪਣੇ ਪੱਧਰ ਤੇ ਚੋਣ ਲੜੇਗੀ ਚਾਹੇ ਜੋ ਮਰਜ਼ੀ ਹੋਵੇ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਦਿੱਲੀ ’ਚ ਵੀ ਕਾਂਗਰਸ ਅਤੇ ਆਪ ਵਿਚਕਾਰ 36 ਦਾ ਅੰਕੜਾ ਹੈ। ਹੁਣ ਅਜਿਹੀ ਸਥਿਤੀ ’ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਚ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਤਿੰਨਾਂ ਸੂਬਿਆਂ ’ਚ ਸੀਟਾਂ ਦੀ ਵੰਡ ਕਿਵੇਂ ਹੋਵੇਗੀ? ਕਾਂਗਰਸ ਲਈ ਅਜਿਹੇ ਹੀ ਹਾਲਾਤ ਹੋਰ ਕਈ ਰਾਜਾਂ ਵਿਚ ਵੀ ਹਨ। ਜੇਕਰ ਸੂਬੇ ਪੱਧਰ ਦੀ ਰਾਜਨੀਤੀ ਨੂੰ ਦੇਖਿਆ ਜਾਵੇ ਾਤੰ ਕਾਂਗਰਸ ਲਈ ਹੀ ਇਸ ਗਠਜੋੜ ਨੂੰ ਅੱਗੇ ਸਫਲਤਾ ਪੂਰਵਕ ਲੈ ਕੇ ਜਾਣਾ ਮੁਸ਼ਿਕਲ ਹੋ ਜਾਵੇਗਾ। ਜੇਕਰ ਕੇਂਦਰੀ ਹਾਈਕਮਾਂਡ ਕੌਮੀ ਸਿਆਸਤ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਸੂਬਾ ਪੱਧਰੀ ਲੀਡਰਸ਼ਿਪ ਨੂੰ ਬਾਈਪਾਸ ਕਰਕੇ ਚੋਣਾਂ ਲੜਦੀ ਹੈ ਤਾਂ ਕਾਂਗਰਸ ਨੂੰ ਸਿੱਧਾ ਨੁਕਸਾਨ ਹੋਵੇਗਾ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਪੰਜਾਬ ਦੀਆਂ 13 ਸੀਟਾਂ ਵਿੱਚੋਂ ਇਹ ਕਾਂਗਰਸ ਤੋਂ ਵਧੇਰੇ ਸੀਟਾਂ ਚਾਹੇਗੀ। ਅਜਿਹੀ ਸਥਿਤੀ ਦਿੱਲੀ ਅਤੇ ਹਰਿਆਣਾ ਵਿੱਚ ਵੀ ਹੋ ਸਕਦੀ ਹੈ। ਇਸਤੋਂ ਇਲਾਵਾ ਕਾਂਗਰਸ ਦਾ ਬੰਦਾਲ ਵਿਚ ਮਮਤਾ ਬੈਨਰਜੀ ਨਾਲ ਵੀ ਇੱਟ ਖੜੱਕਾ ਹੈ। ਇਸ ਲਈ ਫਿਲਹਾਲ ਇਹ ਇੰਡੀਆ ਨਾਮ ਦਾ ਗਠਜੋੜ ਕੰਡਿਆ ਨਾਲ ਭਰਿਆ ਹੋਇਆ ਰਸਤਾ ਹੈ। ਜੋ ਕਿ Çੰਡੀਆ ਨਾਮ ਦੇ ਗਠਜੋੜ ਦੇ ਰਸਤੇ ਵਿਚ ਖਿਲਰੇ ਹੋਏ ਹਨ ਹੁਣ ਸਮਾਂ ਹੀ ਦੱਸੇਗਾ ਕਿ ਇਹ ਗਠਜੋੜ ਕਿੰਨੀ ਕੁ ਕਾਮਯਾਬੀ ਨਾਲ ਕੰਡਿਆਂ ਭਰੇ ਰਾਹ ਵਿੱਚੋਂ ਨਿਕਲਦਾ ਹੈ।
ਹਰਵਿੰਦਰ ਸਿੰਘ ਸੱਗੂ।