ਸਿਆਸੀ ਲੋਕਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਅਕਸਰ ਲੱਗਦੇ ਰਹਿੰਦੇ ਹਨ ਅਤੇ ਸਿਆਸੀ ਸਫਰ ਸ਼ੁਰੂ ਕਰਨ ਵਾਲੇ ਨੇਤਾਵਾਂ ’ਤੇ ਅਕਸਰ ਹੀ ਲੋਕ ਥੋੜ੍ਹੇ ਸਮੇਂ ’ਚ ਕਰੋੜਪਤੀ ਬਣਦੇ ਹੋਏ ਵੀ ਆਮ ਦੇਖੇ ਜਾਂਦੇ ਹਨ। ਜੇਕਰ ਖੁਦ ਨੂੰ ਫੰਨੇਖਾਹ ਕਹਾਉਣ ਵਾਲੇ ਰਾਜਨੀਤਿਕ ਲੀਡਰਾਂ ਨਾਲ ਹੀ ਕੋਈ ਕਰੋੜਾਂ ਰੁਪਏ ਦੀ ਠੱਗੀ ਮਾਰ ਜਾਏ ਤਾਂ ਫਿਰ ਮਾਮਲਾ ਬੇ-ਹੱਦ ਦਿਲਚਸਪ ਹੋ ਜਾਂਦਾ ਹੈ। ਇਸ ਸਮੇਂ ਅਜਿਹਾ ਹੀ ਇਕ ਮਾਮਲਾ ਚਰਚਾ ’ਚ ਹੈ। ਜਿਸ ਵਿਚ 2 ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਸਲਾਹਕਾਰ ਪ੍ਰਸ਼ਾਂਤ ਭੂਸ਼ਨ ਅਤੇ ਰਾਹੁਲ ਗਾਂਧੀ ਦੇ ਨਾਂ ’ਤੇ ਪੰਜਾਬ ਦੇ ਨੇਤਾਵਾਂ ਨੂੰ ਟਿਕਟ ਦੇਣ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਹੁਣ ਸੁਰਖੀਆਂ ਵਿਚ ਹੈ। ਜਿਸ ਵਿਚ ਨੌਸਰਬਾਜ਼ਾਂ ਨੇ ਪੰਜਾਬ ਦੇ ਨੇਤਾਵਾਂ ਨੂੰ ਪੰਜਾਬ ਵਿਧਾਨ ਸਭਾ ਵਿਚ ਚੋਣਾਂ ਲੜਣ ਲਈ ਯੋਗ ਉਮੀਦਵਾਰਾਂ ਦੇ ਕਰਵਾਏ ਜਾ ਰਹੇ ਸਰਵੇ ਵਿਚ ਵੱਧ ਨੰਬਰ ਅਤੇ ਉਨ੍ਹਾਂ ਨੂੰ ਮੋਹਰੀ ਦਿਖਾਉਣ ਦਾ ਝਾਂਸਾ ਦੇ ਕੇ ਆਸਾਨੀ ਨਾਲ ਠੱਗੀ ਮਾਰ ਲਈ। ਹਲਕੇ ਵਿਚ ਸਰਵੇਖਣ ’ਚ ਸਭ ਤੋਂ ਅੱਗੇ ਦਿਖਾਉਣ ਲਈ ਪਹਿਲਾਂ ਲੱਖਾਂ ਰੁਪਏ, ਫਿਰ ਉਸ ਸਰਵੇ ਨੂੰ ਸਹੀ ਠਹਿਰਾਉਣ ਲਈ ਹੋਰ ਪੈਸੇ ਅਤੇ ਫਿਰ ਟਿਕਟ ਦਵਾਉਣ ਲਈ ਕਰੋੜਾਂ ਰੁਪਏ ਲੈ ਲਏ ਗਏ ਅਤੇ ਸਾਡੇ ਲੀਡਰ ਚੁੱਪ ਚਾਪ ਉਨ੍ਹਾਂ ਠੱਗਾਂ ਨੂੰ ਪੈਸੇ ਦਿੰਦੇ ਰਹੇ। ਇੰਨਾਂ ਹੀ ਨਹੀਂ ਬਲਕਿ ਜਿਥੇ ਉਹ ਕਹਿੰਦੇ ਰਹੇ ਪੈਸੇ ਉਥੇ ਭੇਜਦੇ ਰਹੇ। ਨੇਤਾਵਾਂ ਨੂੰ ਠੱਗਣ ਵਾਲੇ ਤਿੰਨ ਨੌਸਰਬਾਜ ਪੁਲਿਸ ਵਲੋਂ ਗਿ੍ਰਫਤਾਰ ਵੀ ਕੀਤੇ ਗਏ ਹਨ। ਜਿੰਨਾਂ ਨੇ ਪੁੱਛਗਿੱਛ ਦੌਰਾਨ ਕੀਤੇ ਅਹਿਮ ਖੁਲਾਸੇ ਕੀਤੇ। ਇਨ੍ਹਾਂ ਨੇ ਨੇਤਾਵਾਂ ਪਾਰਟੀ ਟਿਕਟ ਗਵਾਉਣ ਅਤੇ ਹੋਰ ਸਬਜ਼ਬਾਗ ਦਿਖਾ ਕੇ ਕਰੀਬ 30 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਲੋਕ ਸਿਆਸਤ ’ਚ ਦਾਖਲ ਹੋ ਕੇ ਜਦੋਂ ਵੋਟਾਂ ਮੰਗਣ ਲਈ ਲੋਕਾਂ ਕੋਲ ਜਾੰਦੇ ਹਨ ਤਾਂ ਉਨ੍ਹਾਂ ਨੂੰ ਇਹ ਕਹਿੰਦੇ ਹਨ ਕਿ ਉਹ ਪਬਲਿਕ ਦੀ ਸੇਵਾ ਕਰਨ ਲਈ ਰਾਜਨੀਤੀ ’ਚ ਆਏ ਹਨ ਅਤੇ ਨਿਰਸਵਾਰਥ ਭਾਵਨਾ ਨਾਲ ਸੇਵਾ ਕਰਨਗੇ। ਜਦੋਂ ਸਾਡੇ ਨੇਤਾ ਸਿਰਫ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਉਂਦੇ ਹਨ ਤਾਂ ਉਹ ਟਿਕਟ ਲੈਣ ਲਈ ਕਰੋੜਾਂ ਰੁਪਏ ਕਿਉਂ ਦਿੰਦੇ ਹਨ ? ਇਸ ਲਈ ਉਨ੍ਹਾਂ ਨਾਲ ਧੋਖਾਧੜੀ ਕਰਨ ਵਾਲੇ ਨੌਸਰਬਾਜ਼ਾਂ ਦੇ ਨਾਲ-ਨਾਲ ਉਨ੍ਹਾਂ ਨੂੰ ਟਿਕਟਾਂ ਹਾਸਿਲ ਕਰਨ ਲਈ ਪੈਸੇ ਦੇਣ ਵਾਲੇ ਸਿਆਸਤਦਾਨਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਨ੍ਹਾਂ ਦੀ ਮਨਸ਼ਾ ਲੋਕ ਸੇਵਾ ਨਹੀਂ ਸਗੋਂ ਸਿਆਸੀ ਧੰਦਾ ਹੈ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬਹੁਤੇ ਰਾਜਨੀਤਿਕ ਆਗੂ ਰਾਜਨੀਤਿਕ ਸਫ੍ਰ ਦੀ ਸਫਲ ਸ਼ੁਰੂਆਤ ਕਰਨ ਤੋਂ ਬਾਅਦ ਜਿਥੇ ਖੁਦ ਆਰਾਮਦਾਇਕ ਜੀਵਨ ਬਤੀਤ ਕਰਦੇ ਹਨ ਉਥੇ ਆਪਣੀ ਆਉਣ ਵਾਲੀਆਂ ਸੱਤ ਪੁਸ਼ਤਾਂ ਦੇ ਆਰਾਮਦਾਇਕ ਜੀਵਨ ਦਾ ਵੀ ਜੁਗਾੜ ਕਰ ਲੈੰਦੇ ਹਨ। ਇੱਕ ਵਾਰ ਟਿਕਟ ਲੈਣ ਤੋਂ ਲੈ ਕੇ ਸੀਟ ਜਿੱਤਣ ਤੱਕ ਕਰੋੜਾਂ ਰੁਪਏ ਸਿਰਫ਼ ਇੱਕ ਵਿਧਾਇਕ ਦੇ ਅਹੁਦੇ ਲਈ ਖਰਚੇ ਜਾਂਦੇ ਹਨ। ਜਦੋਂ ਜਿੱਤ ਾਜੰਦੇ ਹਨ ਤਾਂ ਫਿਰ ਟਿਕਟ ਲੈਣ ਅਤੇ ਸੀਟ ਜਿੱਤਣ ਦੇ ਸਫਰ ਤੱਕ ਖਰਚ ਕੀਤੇ ਕਰੋੜਾਂ ਰੁਪਏ ਦੀ ਭਪੁਾਈ ਦੇ ਨਾਲ ਨਾਲ ਅਗਲੀ ਵਾਰੀ ਵੀ ਟਿਕਟ ਲੈਣ ਅਤੇ ਸੀਟ ਜਿੱਤਣ ਲਈ ਪੈਸੇ ਦਾ ਅਗਾਊੰ ਜੁਗਾੜ ਕਰ ਲੈਂਦੇ ਹਨ। ਹੁਣ ਤੱਕ ਪਿੰਡ ਦੇ ਪੰਚਾਇਤ ਮੈਂਬਰ ਤੋਂ ਲੈ ਕੇ ਸਰਪੰਚ ਤੱਕ, ਸ਼ਹਿਰ ਦੇ ਕੌਂਸਲਰ ਤੋਂ ਲੈ ਕੇ ਮੇਅਰ ਤੱਕ ਅਤੇ ਵਿਧਾਇਕ ਤੋਂ ਲੈ ਕੇ ਸੰਸਦ ਮੈਂਬਰ ਤੱਕ ਕਿਸੇ ਵੀ ਰਾਜਨੀਤਿਕ ਆਗੂ ਦਾ ਆਰਥਿਕ ਤੌਰ ’ਤੇ ਨੁਕਸਾਨ ਨਹੀਂ ਹੋਇਆ ਅਤੇ ਇਹ ਕਦੇ ਵੀ ਸੁਨਣ ਵਿਚ ਨਹੀਂ ਆਇਆ ਕਿ ਕਿਸੇ ਰਾਜਨੀਤਿਕ ਲੀਡਰ ਦੇ ਰਾਜਨੀਤੀ ਵਿਚ ਆਉਣ ਤੋਂ ਬਾਅਦ ਉਹ ਆਰਥਿਕ ਤੌਰ ਤੇ ਪਛੜ ਗਿਆ ਹੋਵੇ। ਇਹੀ ਕਾਰਨ ਹੈ ਕਿ ਹੁਣ ਕੋਈ ਵੀ ਆਰਥਿਕ ਪੱਖੋਂ ਕਮਜ਼ੋਰ ਤੇ ਇਮਾਨਦਾਰ ਵਿਅਕਤੀ ਨੂੰ ਸਿਆਸਤ ਵਿਚ ਪ੍ਰਵੇਸ਼ ਨਹੀਂ ਮਿਲਦਾ। ਕੋਈ ਵੀ ਪਾਰਟੀ ਅਜਿਹੇ ਵਿਅਕਤੀ ਨੂੰ ਟਿਕਟ ਨਹੀਂ ਦੇਣਾ ਚਾਹੁੰਦੀ। ਪਰ ਮੌਜੂਦਾ ਸਮੇਂ ਅੰਦਰ ਸਿਆਸਤ ’ਚ ਅਪਰਾਧੀਆਂ ਦਾ ਭਵਿੱਖ ਬੇਹੱਦ ਸੁਨਿਹਰੀ ਹੈ। ਜਿਸ ਦਾ ਸਬੂਤ ਪਿਛਲੇ ਦਿਨੀਂ ਹੋਏ ਇਕ ਸਰਵੇਖਣ ’ਚ ਵੀ ਸਾਹਮਣੇ ਆਇਆ ਸੀ ਜਿਸ ਵਿਚ ਇਹ ਸਾਹਮਣੇ ਆਇਆ ਸੀ ਕਿ ਦੇਸ਼ ਅੰਦਰ 44 ਫੀਸਦੀ ਵਿਧਾਇਕ ਗੰਭੀਰ ਅਪਰਾਧਿਕ ਮਾਮਲਿਆਂ ’ਚ ਸ਼ਾਮਲ ਹਨ। ਹੁਣ ਰਾਜਨੀਤਿਕ ਨੇਤਾਵਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਤਾਂ ਹੌਲੀ ਹੌਲੀ ਠੱਗੀ ਦਾ ਸ਼ਿਕਾਰ ਨੇਤਾ ਸਾਹਮਣੇ ਆ ਰਹੇ ਹਨ। ਪਰ ੁਾਪਟੀਆਂ ਦੇ ਅੰਦਰੋਂ ਹੀ ਟਿਕਟ ਹਾਸਿਲ ਕਰਨ ਲਈ ਸੌਦੇਬਾਜ਼ੀ ਕਰਨ ਵਾਲੇ ਨੇਤਾਵਾਂ ਦੀਆਂ ਚਰਚਾਵਾਂ ਵੀ ਅਕਸਰ ਹੁੰਦੀਆਂ ਰਹਿੰਦੀਆਂ ਹਨ, ਉਥੇ ਇਹ ਕਹਿ ਕੇ ਚੁੱਪ ਹੋ ਜਾਂਦੇ ਹਨ ਕਿ ਇਹ ਅੰਦਰੂਨੀ ਮਾਮਲਾ ਹੈ। ਇਹੀ ਕਾਰਨ ਹੈ ਭ੍ਰਿਸ਼ਟਾਚਾਰ ਸ਼ੁਰੂਆਤ ਹੀ ਰਾਜਨੀਤੀ ਵਿੱਚ ਹੁੰਦੀ ਹੈ ਜੋ ਕਿ ਅੱਗੇ ਅਫਸਰਸ਼ਾਹੀ ਤੋਂ ਮੁਲਾਜ਼ਮਾਂ ਤੱਕ ਫੈਲਦਾ ਹੈ। ਜਿਸ ਵਿੱਚ ਅਫਸਰਸ਼ਾਹੀ ਅਤੇ ਸਿਆਸੀ ਲੋਕਾਂ ਦੇ ਦਲਾਲ ਅਲੱਗ ਤੌਰ ਤੇ ਮੋਟੀ ਕਮਾਈ ਕਰਦੇ ਹਨ ਅਤੇ ਪਿਸਦਾ ਆਮ ਆਦਮੀ ਹੈ। ਜਿਸਨੂੰ ਇਹ ਕਹਿ ਕੇ ਵੋਟ ਮੰਗਦੇ ਹਨ ਕਿ ਉਹ ਉਨ੍ਹਾਂ ਦੀ ਨਿਸਵਾਰਥ ਸੇਵਾ ਕਰਨਗੇ। ਇਸ ਸਿਲਸਿਲੇ ਨੂੰ ਰੋਕਣ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਸੋਚਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਭ੍ਰਿਸ਼ਟਾਚਾਰ ਕਿਸੇ ਵੱਡੇ ਦਰਖਤ ਦੇ ਤੌਰ ਤੇ ਨਾ ਫੈਲੇ। ਇਸ ਨਾਲ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ।
ਹਰਵਿੰਦਰ ਸਿੰਘ ਸੱਗੂ।