ਜਗਰਾਓਂ, 20 ਜੁਲਾਈ ( ਰੋਹਿਤ ਗੋਇਲ )-ਦੇਸ਼ ਦੇ ਕਈ ਸੂਬਿਆਂ ਸਮੇਤ ਪੰਜਾਬ ’ਚ ਹੜ੍ਹਾਂ ਕਾਰਨ ਮਹਿੰਗਾਈ ਸਿਖਰਾਂ ’ਤੇ ਪਹੁੰਚ ਗਈ ਹੈ। ਇਸ ਮਹਿੰਗਾਈ ਨੂੰ ਘੱਟ ਕਰਕੇ ਮੁਸੀਬਤ ਵਿੱਚ ਘਿਰੇ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਤੁਰੰਤ ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਦੇ ਨਾਲ-ਨਾਲ ਹੋਰ ਸਖ਼ਤ ਕਦਮ ਉਠਾਏ। ਇਹ ਮੰਗ ਕਰਦਿਆਂ ਐਸਸੀਬੀਸੀ ਵੈਲਫੇਅਰ ਕੌਂਸਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਕਿਹਾ ਕਿ ਹੜ੍ਹਾਂ ਕਾਰਨ ਕਈ ਰਾਜਾਂ ਵਿੱਚ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ। ਜਿਸ ਕਾਰਨ ਰੋਜ਼ਾਨਾ ਵਰਤੋਂ ਗੀਆਂ ਜ਼ਰੂਰੀ ਵਸਤਾਂ ਦੇ ਨਾਲ-ਨਾਲ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਵੀ ਕਾਫੀ ਵਧ ਗਈਆਂ ਹਨ। ਮਹਿੰਗਾਈ ਨੂੰ ਘੱਟ ਕਰਨ ਲਈ ਜਿੱਥੇ ਸਰਕਾਰ ਨੂੰ ਜਮਾਂਖੋਰੀ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ, ਉੱਥੇ ਹੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਤੁਰੰਤ ਘਟਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇ ਤਾਂ ਜੋ ਮੌਜੂਦਾ ਹਾਲਾਤ ਵਿੱਚ ਵਿੱਤੀ ਸੰਕਟ ਦਾ ਸ਼ਿਕਾਰ ਹੋਏ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਦੇਸ਼ ਦੀ ਆਰਥਿਕਤਾ ਅਤੇ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਦੀ ਆਰਥਿਕ ਵਿਵਸਥਾ ਨੂੰ ਬੁਰੀ ਤਰ੍ਹਾਂ ਨਾਲ ਵਿਗਾੜ ਰਹੀ ਹੈ। ਸਭ ਕੁਝ ਮਹਿੰਗਾ ਹੋ ਰਿਹਾ ਹੈ। ਜਿਸ ਨੂੰ ਆਮ ਲੋਕਾਂ ਲਈ ਖਰੀਦਣਾ ਔਖਾ ਹੋ ਰਿਹਾ ਹੈ। ਇਸ ਸਮੇਂ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਜਿਵੇਂ ਟਮਾਟਰ, ਪਿਆਜ਼, ਹਰੀਆਂ ਸਬਜ਼ੀਆਂ, ਫਲ ਅਤੇ ਹੋਰ ਘਰੇਲੂ ਰਸੋਈ ਦੀਆਂ ਵਸਤੂਆਂ ਮਹਿੰਗਾਈ ਦੀ ਲਪੇਟ ਵਿੱਚ ਹਨ। ਇਸ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਮਹਿੰਗਾਈ ਘਟਾਉਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।