ਫਰੀਦਕੋਟ,16 ਜੁਲਾਈ (ਰਾਜੇਸ਼ ਜੈਨ) : ਵਿਸ਼ਵ ਪ੍ਰਸਿੱਧ ਆਰਟ ਆਫ ਲਿਵਿੰਗ ਸੰਸਥਾ ਦੇ ਮੈਂਬਰ ਹਮੇਸ਼ਾ ਲੋਕ ਕਲਿਆਣ ਦੇ ਕਾਰਜਾਂ ਵਿਚ ਤਿਆਰ ਬਰ ਤਿਆਰ ਰਹਿੰਦੇ ਹਨ। ਦੇਸ਼ ਵਿਚ ਹੜ੍ਹਾਂ ਦੇ ਮਾੜੂ ਪ੍ਰਭਾਵ ਨੂੰ ਦੇਖਦੇ ਹੋਏ ਆਰਟ ਆਫ ਲਿਵਿੰਗ ਵੱਲੋਂ ਰਾਹਤ ਸਮੱਗਰੀ ਦੀ ਪਹਿਲੀ ਖੇਪ ਫਰੀਦਕੋਟ ਤੋਂ ਰਵਾਨਾ ਕੀਤੀ ਗਈ। ਸੰਸਥਾ ਦੀ ਅਗਵਾਈ ਕਰ ਰਹੇ ਮਨਪ੍ਰਰੀਤ ਲੂੰਬਾ ਖੁਦ ਸਤਲੁਜ ਦੇ ਲਾਗਲੇ ਪਿੰਡਾਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਜ਼ਰੂਰਤ ਦਾ ਸਾਮਾਨ ਲੈ ਕੇ ਜਾਣਗੇ।ਸਾਮਾਨ ਵਿਚ ਲੋੜੀਂਦੀਆਂ ਵਸਤਾਂ ਦਵਾਈਆਂ, ਪਾਣੀ, ਖੰਡ, ਚਾਹ ਪੱਤੀ, ਬਿਸਕੁਟ, ਰਸ, ਮੱਛਰਦਾਨੀਆਂ, ਮੋਮਬੱਤੀਆਂ, ਸੈਨੇਟਰੀ ਪੈਡ, ਆਦਿ ਸ਼ਾਮਲ ਹਨ। ਮਨਪ੍ਰਰੀਤ ਲੂੰਬਾ ਨੇ ਦੱਸਿਆ ਕਿ ਮਨੁੱਖਤਾ ਦੀ ਭਲਾਈ ਲਈ ਸੰਸਥਾ ਹਮੇਸ਼ਾ ਮੋਹਰੀ ਰਹੀ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਫਸੇ ਲੋਕਾਂ ਨੂੰ ਸਾਡੇ ਵੱਲੋਂ ਰਾਹਤ ਦੀ ਉਮੀਦ ਹੈ। ਹਰ ਇਨਸਾਨ ਨੂੰ ਕੁਦਰਤੀ ਆਪਦਾ ਦੇ ਮੁਸ਼ਕਿਲ ਦੌਰ ਵਿਚ ਵੱਧ ਚੜ੍ਹ ਕੇ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਆਪਣਾ ਘਰ ਬਾਰ ਛੱਡ ਕੇ ਕੈਂਪਾਂ ਵਿਚ ਬੈਠੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਲਈ ਕੈਂਪਾਂ ਵਿਚ ਟਰੋਮਾ ਰਿਲੀਫ ਪੋ੍ਗਰਾਮ ਚਲਾਏ ਜਾਣਗੇ। ਗੁਰੂਦੇਵ ਸ਼੍ਰੀ ਰਵੀ ਸ਼ੰਕਰ ਦੇ ਆਸ਼ੀਰਵਾਦ ਨਾਲ ਗੁਰੂ ਪੂਜਾ ਤੋਂ ਬਾਅਦ ਰਾਹਤ ਸਮੱਗਰੀ ਨੂੰ ਰਵਾਨਾ ਕੀਤਾ ਗਿਆ।