ਟਾਂਡਾ ਉੜਮੁੜ,16 ਜੁਲਾਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਖੁੱਡਾ ਨਾਲ ਸਬੰਧਤ ਇਕ ਨੌਜਵਾਨ ਹਰਪ੍ਰੀਤ ਸਿੰਘ ਅਮਰੀਕਾ ਵਿਚ ਨੇਵੀ ਦਾ ਕਮਿਸ਼ਨਡ ਅਫ਼ਸਰ ਬਣ ਕੇ ਆਪਣੇ ਦੇਸ਼ ਭਾਰਤ ਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਹਰਪ੍ਰੀਤ ਸਿੰਘ ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਵਰਿੰਦਰ ਸਿੰਘ ਅਤੇ ਸੇਵਾ ਮੁਕਤ ਟੀਚਰ ਜਗਦੀਸ਼ ਕੌਰ ਦਾ ਪੁੱਤਰ ਹੈ । ਹਰਪ੍ਰੀਤ ਸਿੰਘ ਦੇ ਅਮਰੀਕਾ ਵਿੱਚ ਨੇਵੀ ਦੇ ਉੱਚ ਅਹੁਦੇ ‘ਤੇ ਪਹੁੰਚਣ ‘ਤੇ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਮਾਣ ਮਹਿਸੂਸ ਕਰ ਰਹੇ ਹਨ।ਹਰਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਹਰਪ੍ਰੀਤ ਨੇ ਸੇਂਟ ਪੌਲ ਕਾਨਵੈਂਟ ਸਕੂਲ ਦਸੂਹਾ ਅਤੇ ਫਿਰ ਜੀਜੀਡੀਐੱਸਡੀ ਕਾਲਜ ਹਰਿਆਣਾ ਤੋਂ ਪੜ੍ਹਾਈ ਕਰਨ ਉਪਰੰਤ ਉੱਚ ਪੜ੍ਹਾਈ ਲਈ 2008 ਤੋਂ 2013 ਤੱਕ ਆਇਰਲੈਂਡ ਚਲਾ ਗਿਆ। 2013 ‘ਚ ਅਮਰੀਕਾ ਚਲਾ ਗਿਆ ਜਿੱਥੇ ਉਸ ਨੇ ਯੂਨੀਵਰਸਿਟੀ ਆਫ਼ ਵਿਸਕਾਨਸਿਨ ‘ਚ ਐੱਮਬੀਏ ਦੀ ਪੜ੍ਹਾਈ ਕੀਤੀ। ਹਰਪ੍ਰੀਤ ਚਾਰ ਸਾਲ ਪਹਿਲਾਂ ਅਮਰੀਕੀ ਨੇਵੀ ‘ਚ ਭਰਤੀ ਹੋਇਆ ਸੀ ਅਤੇ ਉਸ ਦਾ ਸੁਪਨਾ ਉਸ ਵੇਲੇ ਪੂਰਾ ਹੋ ਗਿਆ ਜਦੋਂ ਸਖ਼ਤ ਮਿਹਨਤ ਕਰਦੇ ਹੋਏ ਅੱਗੇ ਵਧਿਆ ਤੇ ਅਮਰੀਕੀ ਨੇਵੀ ਦਾ ਕਮਿਸ਼ਨਡ ਅਫ਼ਸਰ ਬਣ ਗਿਆ ਹੈ। ਹਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਹ ਯੂਨੀਵਰਸਿਟੀ ਪੱਧਰ ਦਾ ਮੋਹਰੀ ਦੌੜਾਕ ਰਿਹਾ ਹੈ। ਸਖ਼ਤ ਮਿਹਨਤ ਕਰ ਕੇ ਇਸ ਮੁਕਾਮ ‘ਤੇ ਪਹੁੰਚੇ ਆਪਣੇ ਪੁੱਤਰ ‘ਤੇ ਉਨ੍ਹਾਂ ਨੂੰ ਫ਼ਖ਼ਰ ਹੈ।