ਮੋਗਾ, 16 ਜੁਲਾਈ (ਰਾਜੇਸ਼ ਜੈਨ – ਭਗਵਾਨ ਭੰਗੂ) : ਮੋਗਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਚਾਰ ਹਥਿਆਰਬੰਦ ਨੌਜਵਾਨਾਂ ਵੱਲੋਂ ਇਕ ਘਰ ਅੰਦਰ ਦਾਖਲ ਹੋ ਕੇ ਇੱਕ ਬਜ਼ਰੁਗ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਬਜ਼ੁਰਗ ਸੰਤੋਖ ਸਿੰਘ ਕੱਚਾ ਦੋਸਾਂਝ ਰੋਡ ਮੋਗਾ ਦਾ ਵਾਸੀ ਸੀ।ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਕਾਤਲਾਂ ਨੇ ਆਖਿਆ ਕਿ ਉਹਨਾਂ ਨੂੰ ਉਹਨਾਂ ਦੇ ਵੱਡੇ ਲੜਕੇ ਨੇ ਭੇਜਿਆ ਹੈ। ਇਸ ਉਪਰੰਤ ਕਾਤਲਾਂ ਨੂੰ ਘਰ ਦੇ ਇਕ ਕਮਰੇ ਵਿਚ ਬੈਠਣ ਲਈ ਆਖਦਿਆਂ ਸੰਤੋਖ ਸਿੰਘ ਨੇ ਚਾਹ ਪਾਣੀ ਪੁੱਛਿਆ ਪਰ ਕਾਤਲਾਂ ਨੇ ਸੰਤੋਖ ਸਿੰਘ ਦੇ ਗੋਲੀਆਂ ਮਾਰ ਦਿੱਤੀਆਂ।ਮ੍ਰਿਤਕ ਸੰਤੋਖ ਸਿੰਘ ਦਾ ਪੁੱਤਰ ਸੁਖਦੇਵ ਸਿੰਘ ਉਰਫ਼ ਸੇਬਾ ਔਜਲਾ ਕਿਸੇ ਅਪਰਾਧਿਕ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ ਜਦਕਿ ਛੋਟਾ ਪੁੱਤਰ ਧਰਮਕੋਟ ਵਿਖੇ ਮਕੈਨਿਕ ਦਾ ਕੰਮ ਕਰਦਾ ਹੈ। ਅਪੁਸ਼ਟ ਖਬਰਾਂ ਮੁਤਾਬਕ ਕਾਤਲ ਸੰਤੋਖ ਸਿੰਘ ਦੇ ਛੋਟੇ ਪੁੱਤਰ ’ਤੇ ਹਮਲੇ ਦੀ ਤਾਕ ਵਿਚ ਆਏ ਸਨ ਅਤੇ ਉਹਨਾਂ ਸੰਤੋਖ ਸਿੰਘ ਤੋਂ ਉਸ ਦੇ ਛੋਟੇ ਪੁੱਤਰ ਮੋਹਣੇ ਬਾਰੇ ਪੁੱਛ ਰਹੇ ਸਨ ਪਰ ਉਹ ਘਰੇ ਨਾ ਹੋਣ ਕਰਕੇ ਕਾਤਲਾਂ ਨੇ ਸੰਤੋਖ ਸਿੰਘ ‘ਤੇ ਹੀ ਗੋਲੀਆਂ ਚਲਾ ਦਿੱਤੀਆਂ। ਜ਼ਿਕਰਯੋਗ ਹੈ ਕਿ ਮ੍ਰਿਤਕ ਸੰਤੋਖ ਸਿੰਘ ਦਾ ਛੋਟਾ ਪੁੱਤ ਮੋਹਣਾ ਵੀ ਕੁਝ ਸਮਾਂ ਪਹਿਲਾਂ ਜੇਲ੍ਹ ‘ਚੋਂ ਛੁੱਟ ਕੇ ਆਇਆ ਹੈ।