ਲੁਧਿਆਣਾ,(ਅਸ਼ਵਨੀ ਕੁਮਾਰ): ਰਾਸ਼ਟਰੀ ਪੰਛੀ ਮੋਰ ਦੇ 1600 ਖੰਭਾਂ ਸਮੇਤ ਉੱਤਰ ਪ੍ਰਦੇਸ਼ ਦੇ ਆਗਰਾ ਇਲਾਕੇ ਦੇ ਰਹਿਣ ਵਾਲੇ ਯੁਧਿਸ਼ਠਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਇਹ ਕਾਰਵਾਈ ਵਣ ਰੇਂਜ ਅਫ਼ਸਰ ਪ੍ਰਿਤਪਾਲ ਸਿੰਘ ਦੀ ਸ਼ਿਕਾਇਤ ਕੀਤੀ। ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਦਿੰਦਿਆਂ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਮੁਲਜ਼ਮ ਯੁਧਿਸ਼ਠਰ ਦੋਰਾਹਾ ਇਲਾਕੇ ਵਿਚ ਨਜਾਇਜ਼ ਤੌਰ ‘ਤੇ ਮੋਰਾਂ ਦੇ ਖੰਭ ਵੇਚਦਾ ਹੈ। ਸੂਤਰਾਂ ਮੁਤਾਬਕ ਯੁਧਿਸ਼ਠਰ ਕੋਲ ਭਾਰੀ ਮਾਤਰਾ ‘ਚ ਮੋਰਾਂ ਦੇ ਖੰਭ ਸਨ। ਵਣ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਪਛਾਣ ਦੱਸੇ ਬਿਨਾਂ ਮੁਲਜ਼ਮ ਕੋਲੋਂ ਖੰਭ ਖਰੀਦਣ ਲਈ ਲੁਧਿਆਣਾ ਬੁਲਾਇਆ ਤੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ। ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਸਤਵੰਤ ਸਿੰਘ ਨੇ ਮੋਰ ਦੇ 1600 ਖੰਭਾਂ ਸਮੇਤ ਮੁਲਜ਼ਮ ਨੂੰ ਹਿਰਾਸਤ ‘ਚ ਲਿਆ। ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਮੁਲਜ਼ਮ ਭਾਰੀ ਮਾਤਰਾ ਵਿੱਚ ਖੰਭ ਕਿਥੋਂ ਲੈ ਕੇ ਆਇਆ ਸੀ ਅਤੇ ਉਸਦੇ ਨਾਲ ਇਸ ਕੰਮ ਵਿਚ ਹੋਰ ਕੋਣ ਕੋਣ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
