ਗੁਰਭਜਨ ਗਿੱਲ
ਗੁਰਭਜਨ ਸਿੰਘ ਗਿੱਲ ਦਾ ਜਨਮ 2 ਮਈ 1953 ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਬਸੰਤ ਕੋਟ (ਨੇੜੇ ਧਿਆਨਪੁਰ )ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਗਿੱਲ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ। ਵੱਡੇ ਭੈਣ ਜੀ ਪ੍ਰਿੰਸੀਪਲ ਮਨਜੀਤ ਕੌਰ ਵੜੈਚ, ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋ: ਸੁਖਵੰਤ ਸਿੰਘ ਗਿੱਲ ਦਾ ਨਿੱਕਾ ਵੀਰ ਗੁਰਭਜਨ ਗਿੱਲ ਸਮਰੱਥ ਤੇ ਲਗਾਤਾਰ ਕ੍ਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਖੇਤੀਬਾੜੀ ਵਿਗਿਆਨ ਸਾਹਿੱਤ ਸੰਪਾਦਕ ਅਤੇ ਪੇਂਡੂ ਖੇਡਾਂ ਦੇ ਖੇਤਰ ਵਿੱਚ ਸਰਪ੍ਰਸਤ ਵਜੋਂ ਬਹੁਤ ਹੀ ਸਰਗਰਮ ਸਖਸ਼ੀਅਤ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੈਂਬਰ ਵਜੋਂ ਪੰਜਾਬੀ ਭਵਨ ਲੁਧਿਆਣਾ ਵਿੱਚ ਉਹ 1980 ਤੋਂ ਲਗਾਤਾਰ ਸਰਗਰਮ ਹਨ।
ਸਿੱਖਿਆ
ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਇਮਰੀ, ਸ਼੍ਰੀ ਬਾਵਾ ਲਾਲ ਹਾਈ ਸਕੂਲ ਧਿਆਨਪੁਰ ਤੋਂ ਦਸਵੀਂ, ਗੁਰੂ ਨਾਨਕ ਕਾਲਿਜ ਕਾਲਾ ਅਫਗਾਨਾ(ਗੁਰਦਾਸਪੁਰ) ਤੋਂ ਬੀਏ ਭਾਗ ਪਹਿਲਾ ਪਾਸ ਕਰਕੇ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ‘ਚ ਪੜ੍ਹਨ ਆ ਗਏ ਜਿੱਥੋਂ 1974 ਵਿੱਚ ਗਰੈਜੂਏਸ਼ਨ ਕਰਕੇ 1976 ਚ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਐੱਮ ਏ ਪੰਜਾਬੀ ਪਹਿਲੇ ਦਰਜ਼ੇ ‘ਚ ਪਾਸ ਕੀਤੀ।
ਪੰਜਾਬੀ ਸਾਹਿੱਤ ਅਕਾਡਮੀ ਨਾਲ ਸੇਵਾ ਸਬੰਧ
1954 ਚ ਸਥਾਪਤ ਇਸ ਮਹਾਨ ਸੰਸਥਾ ਦੇ ਉਹ ਪਹਿਲਾਂ 1980 ਤੋਂ ਸਾਧਾਰਨ ਮੈਂਬਰ, 184 ਤੋਂ 1988 ਤੀਕ ਕਾਰਜਕਾਰਨੀ ਮੈਬਰ, 1996 ਤੋਂ 2002 ਤੀਕ ਮੀਤ ਪ੍ਰਧਾਨ, 2002 ਤੋਂ 2008 ਤੀਕ ਸੀਨੀਅਰ ਮੀਤ ਪ੍ਰਧਾਨ ਤੇ 2010 ਤੋਂ 2014 ਤੀਕ ਪ੍ਰਧਾਨ ਰਹੇ। ਵਰਨਣ ਯੋਗ ਗੱਲ ਇਹ ਹੈ ਕਿ ਉਨ੍ਹਾਂ ਤੋਂ ਪਹਿਲਾਂ ਭਾਈ ਸਾਹਿਬ ਭਾਈ ਜੋਧ ਸਿੰਘ, ਡਾਃ ਮ ਸ ਰੰਧਾਵਾ, ਪ੍ਰੋਃ ਪ੍ਰੀਤਮ ਸਿੰਘ, ਗਿਆਨੀ ਲਾਲ ਸਿੰਘ, ਡਾਃ ਸ ਸ ਜੌਹਲ, ਸਃ ਅਮਰੀਕ ਸਿੰਘ ਪੂਨੀ, ਡਾਃ ਸੁਰਜੀਤ ਪਾਤਰ,ਡਾਃ ਦਲੀਪ ਕੌਰ ਟਿਵਾਣਾ ਵੀ ਪ੍ਰਧਾਨ ਰਹਿ ਚੁਕੇ ਸਨ।
ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ 1978 ਤੋਂ 2014 ਤੀਕ ਕਾਰਜਸ਼ੀਲ ਮਹੱਤਵਪੂਰਨ ਅਹੁਦੇਦਾਰ ਰਹੇ ਹਨ।
ਪੇਂਡੂ ਖੇਡਾਂ ਦੀ ਉਲੰਪਿਕਸ ਕਿਲ੍ਹਾ ਰਾਏਪੁਰ, ਗੁੱਜਰਵਾਲ (ਲੁਧਿਆਣਾ) ਤੇ ਕੋਟਲਾ ਸ਼ਾਹੀਆ (ਗੁਰਦਾਸਪੁਰ) ਵਿੱਚ ਹੁੰਦੀਆਂ ਕਮਲਜੀਤ ਖੇਡਾਂ ਦੇ ਪ੍ਰਬੰਧ ਵਿੱਚ ਵੱਖ ਵੱਖ ਸਮੇਂ ਅਹਿਮ ਸਲਾਹਕਾਰੀ ਭੂਮਿਕਾ ਨਿਭਾਉਂਦੇ ਰਹੇ ਹਨ।
ਰੁਜ਼ਗਾਰ
ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ 30 ਅਪ੍ਰੈਲ1983 ਤੋਂ 31 ਮਈ 2013 ਤੀਕ ਸੀਨੀਅਰ ਸੰਪਾਦਕ ਰਹੇ।
ਇਸ ਤੋਂ ਪਹਿਲਾਂ ਉਹ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਤੇ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ(ਲੁਧਿਆਣਾ) ਵਿੱਚ 6 ਸਾਲ ਤੋਂ ਵੱਧ ਸਮਾਂ ਪੜ੍ਹਾਇਆ।
ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਣ ਉਪਰੰਤ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿੱਚ ਵੀ ਕੁਝ ਸਮਾਂ ਡਾਇਰੈਕਟਰ (ਯੋਜਨਾ ਤੇ ਵਿਕਾਸ) ਰਹੇ।
ਰਚਨਾਵਾਂ
ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ),
ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲਾਂ), ਸੁਰਖ਼ ਸਮੁੰਦਰ,
ਦੋ ਹਰਫ਼ ਰਸੀਦੀ (ਗ਼ਜ਼ਲਾਂ),
ਅਗਨ ਕਥਾ (ਕਾਵਿ ਸੰਗ੍ਰਹਿ),
ਮਨ ਦੇ ਬੂਹੇ ਬਾਰੀਆਂ (ਗ਼ਜ਼ਲਾਂ),
ਧਰਤੀ ਨਾਦ (ਕਾਵਿ ਸੰਗ੍ਰਹਿ),
ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਬਾਰੇ ਕਵਿਤਾਵਾਂ),
ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ),
ਮੋਰਪੰਖ (ਗ਼ਜ਼ਲਾਂ),
ਮਨ ਤੰਦੂਰ (ਕਾਵਿ ਸੰਗ੍ਰਹਿ),
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਿੰਘ ਸਰਹੱਦੀ ਵੱਲੋਂ ਸੰਪਾਦਿਤ ਗ਼ਜ਼ਲਾਂ),
ਗੁਲਨਾਰ (ਗ਼ਜ਼ਲਾਂ),
ਮਿਰਗਾਵਲੀ (ਗ਼ਜ਼ਲਾਂ) ਰਾਵੀ( ਗ਼ਜ਼ਲਾਂ)
ਸੁਰਤਾਲ(ਗ਼ਜ਼ਲਾਂ)
ਚਰਖ਼ੜੀ (ਕਵਿਤਾਵਾਂ)
ਪਿੱਪਲ ਪੱਤੀਆਂ (ਗੀਤ ਸੰਗ੍ਰਹਿ )
ਜਲ ਕਣ(ਰੁਬਾਈਆਂ)
ਪੱਤੇ ਪੱਤੇ ਲਿਖੀ ਇਬਾਰਤ, (ਕੁਦਰਤ ਬਾਰੇ 103 ਰੁਬਾਈਆਂ )
ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਸਮੇਤ ਕੌਫੀ ਟੇਬਲ ਕਿਤਾਬ) ਛਪ ਚੁਕੀਆਂ ਹਨ।
ਵਾਤਾਵਰਣ ਬਾਰੇ ਇਕਲੌਤੀ ਵਾਰਤਕ ਪੁਸਤਕ:
ਕੈਮਰੇ ਦੀ ਅੱਖ ਬੋਲਦੀ 1999 ਚ ਛਪੀ ਸੀ ਜੋ ਪਹਿਲਾਂ ਰੋਜ਼ਾਨਾ ਅਖ਼ਬਾਰ ਅਜੀਤ ਚ ਲਗਾਤਾਰ ਤਿੰਨ ਸਾਲ ਛਪੇ ਲੇਖਾਂ ਤੇ ਸ: ਤੇਜਪ੍ਰਤਾਪ ਸਿੰਘ ਸੰਧੂ ਜੀ ਦੇ ਫੋਟੋ ਚਿਤਰਾਂ ਨਾਲ ਸੁਸੱਜਿਤ ਹੈ।
ਵਰਤਮਾਨ ਸਮੇਂ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਬੱਸੀਆਂ -ਰਾਏਕੋਟ (ਲੁਧਿਆਣਾ) ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਵੀ ਚੇਅਰਮੈਨ ਹਨ।
ਪੁਰਸਕਾਰ
ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2014 ਲਈ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ।
ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 1975,
ਭਾਈ ਵੀਰ ਸਿੰਘ ਯਾਦਗਾਰੀ ਕਵਿਤਾ ਪੁਰਸਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 1979,
ਸ਼ਿਵ ਕੁਮਾਰ ਪੁਰਸਕਾਰ ਵਿਯਨ ਆਫ਼ ਪੰਜਾਬ ਟੋਰੰਟੋ 1992,
ਸ ਸ ਮੀਸ਼ਾ ਪੁਰਸਕਾਰ ਸਿਰਜਣਾ ਕੇਂਦਰ ਕਪੂਰਥਲਾ 2002,
ਬਾਵਾ ਬਲਵੰਤ ਪੁਰਸਕਾਰ ਸਾਹਿੱਤ ਟਰਸਟ ਢੁੱਡੀਕੇ 1998,
ਪ੍ਰੋਃ ਪੂਰਨ ਸਿੰਘ ਪੁਰਸਕਾਰ ਨਵੀਂ ਦਿੱਲੀ2002,
ਸੰਤ ਸਿੰਘ ਸੇਖੋਂ ਗੋਲਡ ਮੈਡਲ ਟੋਰੰਟੋ 2003,
ਗਿਆਨੀ ਸੁੰਦਰ ਸਿੰਘ ਪੁਰਸਕਾਰ ਮਹਿਰਮ ਗਰੁੱਪ ਨਾਭਾ 2002,
ਸਫ਼ਦਰ ਹਾਸ਼ਮੀ ਪੁਰਸਕਾਰ 2003,
ਸੁਰਜੀਤ ਰਾਮਪੁਰੀ ਪੁਰਸਕਾਰ 2005,
ਕਲਮ ਵੱਲੋਂ ਬਲਵਿੰਦਰ ਰਿਸ਼ੀ ਯਾਦਗਾਰੀ ਗ਼ਜ਼ਲ ਪੁਰਸਕਾਰ 2005,
ਸਃ ਮੁਖਤਿਆਰ ਸਿੰਘ ਮੰਡ ਪੁਰਸਕਾਰ ਕੈਲਗਰੀ 2010,
ਪੰਜਾਬ ਕਲਚਰਲ ਕਲੱਬ ਲੁਧਿਆਣਾ ਵੱਲੋਂ ਸ਼ਾਹ ਹੁਸੈਨ ਯਾਦਗਾਰੀ ਪੁਰਸਕਾਰ 2011,
ਕਿਲ੍ਹਾ ਰਾਏਪੁਰ ਖੇਡਾਂ ਪੁਰਸਕਾਰ 2012,ਪ੍ਰੋਃ
ਮੋਹਨ ਸਿੰਘ ਕਵਿਤਾ ਪੁਰਸਕਾਰ 2008,
ਮਾਲਵਾ ਸਭਿਆਚਾਰ ਕਲੱਬ ਵੱਲੋਂ ਧਨੀ ਰਾਮ ਚਾਤ੍ਰਿਕ ਪੁਰਸਕਾਰ 2014,
ਹਰਿਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ 2018
ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਜਨਮ 550ਵਾਂ ਸਮਾਰੋਹ ਸਨਮਾਨ 2019,
ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਵੱਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਪੁਰਸਕਾਰ 2022
ਫ਼ੈਲੋਸ਼ਿਪ
ਪੰਜਾਬੀ ਯੂਨੀਵਰਸਿਟੀ ਪਟਿਆਲਾ 2015
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ 2015
ਗੁਰਭਜਨ ਗਿੱਲ 1971 ਤੋਂ ਲੁਧਿਆਣਾ ਸ਼ਹਿਰ ਵਿੱਚ ਅਤੇ 1989 ਤੋਂ ਪਰਿਵਾਰ ਸਮੇਤ 113 ਐੱਫ ਸ਼ਹੀਦ ਭਗਤ ਸਿੰਘ ਨਗਰ ਪੱਖੋ ਵਾਲ ਰੋਡ ਲੁਧਿਆਣਾ ਵਿੱਚ ਰਹਿੰਦੇ ਹਨ।