ਹਠੂਰ, 14 ਸਤੰਬਰ ( ਬੌਬੀ ਸਹਿਜਲ ਧਰਮਿੰਦਰ )-ਪਿੰਡ ਚਕਰ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ’ਚ ਰੋਜ਼ਾਨਾ ਦੀ ਰਾਸ਼ੀ ਤੋਂ 5,79,000 ਰੁਪਏ ਘੱਟ ਮਿਲਣ ’ਤੇ ਬੈਂਕ ਅਧਿਕਾਰੀ ਖਿਲਾਫ ਥਾਣਾ ਹਠੂਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਸਤਵੀਰ ਸਿੰਘ ਵਾਸੀ ਬਸੰਤ ਐਵੀਨਿਊ ਜ਼ਿਲ੍ਹਾ ਲੁਧਿਆਣਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪੰਜਾਬ ਐਂਡ ਸਿੰਧ ਬੈਂਕ ਲੁਧਿਆਣਾ ਵਿੱਚ ਜਨਰਲ ਮੈਨੇਜਰ ਵਜੋਂ ਕੰਮ ਕਰਦਾ ਹੈ। 12 ਸਤੰਬਰ ਦੀ ਦੁਪਹਿਰ ਨੂੰ ਉਸ ਦੇ ਅਧੀਨ ਪੈਂਦੇ ਪਿੰਡ ਚਕਰ ਦੀ ਬਰਾਂਚ ਦੇ ਇੰਚਾਰਜ ਨੇ ਉਸ ਨੂੰ ਦੱਸਿਆ ਕਿ ਉਸ ਦੀ ਬਰਾਂਚ ਵਿੱਚ 5 ਲੱਖ 79 ਹਜ਼ਾਰ ਰੁਪਏ ਘੱਟ ਪਾਏ ਜਾ ਰਹੇ ਹਨ। ਮੈਂ ਉਸਨੂੰ ਪੂਰੀ ਜਾਂਚ ਕਰਨ ਲਈ ਕਿਹਾ ਅਤੇ ਮੈਂ ਆਪਣੇ ਇੱਕ ਸਾਥੀ ਅਧਿਕਾਰੀ ਨਿਤੀਸ਼ ਕੁਮਾਰ ਨੂੰ ਨਾਲ ਲੈ ਕੇ ਪਿੰਡ ਚਕਰ ਸ਼ਾਖਾ ਵਿੱਚ ਪਹੁੰਚ ਗਿਆ। ਜਾਂਚ ਕਰਨ ’ਤੇ ਪਤਾ ਲੱਗਾ ਕਿ 5,79,000 ਰੁਪਏ ਦੀ ਨਕਦੀ ਕੈਸ਼ ਵਿਚ ਘੱਟ ਸੀ ਅਤੇ ਬੈਂਕ ਵਿਚ 7,10,661 ਰੁਪਏ ਦੀ ਨਕਦੀ ਦੀ ਬਜਾਏ 1,31,661 ਰੁਪਏ ਸੀ। ਇਸ ਨਕਦੀ ਲਈ ਸੁਮਿਤ ਅਗਰਵਾਲ ਅਧਿਕਾਰੀ ਜ਼ਿੰਮੇਵਾਰ ਸਨ ਅਤੇ ਉਹ ਇਸ ਨਕਦੀ ਦੇ ਗਾਇਬ ਹੋਣ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਨਕਦੀ 8,25,361 ਰੁਪਏ ਸੀ ਅਤੇ ਦਿਨ ਦੌਰਾਨ ਪ੍ਰਾਪਤ ਹੋਈ ਕੁੱਲ ਨਕਦੀ 2,75,100 ਰੁਪਏ ਅਤੇ 3,89,800 ਰੁਪਏ ਗਾਹਕਾਂ ਨੂੰ ਅਦਾਇਗੀ ਵਜੋਂ ਦਿੱਤੇ ਗਏ। ਬੈਂਕ ਸ਼ਾਖਾ ਵਿੱਚ ਵੀ ਪੈਸਿਆਂ ਦੇ ਦੋ ਲੈਣ-ਦੇਣ ਲਈ ਅਧਿਕਾਰੀ ਸੁਮਿਤ ਅਗਰਵਾਲ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ ਅਤੇ ਜਦੋਂ 5,79 ਹਜਾਰ ਰੁਪਏ ਨਕਦੀ ਤੋਂ ਘੱਟ ਪਾਏ ਗਏ ਤਾਂ ਸੁਮਿਤ ਅਗਰਵਾਲ ਵਾਸੀ ਐਮ.ਜੀ ਰੋਡ ਬੀਰਪਾੜਾ ਟੀ ਗਾਰਡਨ ਥਾਣਾ ਸਿਲੀਗੁੜੀ ਬੀਰਪਾੜਾ ਜਲਪਾਈਗੁੜੀ ਮਧਾਰੀਹਾਟ ਪੱਛਮੀ ਬੰਗਾਲ, ਮੌਜੂਦਾ ਕਿਰਾਏਦਾਰ ਕੱਚਾ ਮਲਕ ਰੋਡ ਜਗਰਾਉਂ ਖਿਲਾਫ ਮਾਮਲਾ ਦਰਜ ਕੀਤਾ ਗਿਆ।