ਫ਼ਤਹਿਗੜ੍ਹ ਸਾਹਿਬ,-24 ਜੁਲਾਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਜ਼ਿਲ੍ਹਾ ਹਸਪਤਾਲ, ਫਤਿਹਗੜ੍ਹ ਸਾਹਿਬ ਦੀ ਡਾਇਲੇਸਿਸ ਯੂਨਿਟ ਵਿੱਚ ਕੋਟਕ ਮਹਿੰਦ੍ਰਾ ਬੈਂਕ ਦੇ ਸਹਿਯੋਗ ਨਾਲ 500 ਲੀਟਰ ਦਾ ਨਵਾਂ ਆਰ.ਓ ਸਿਸਟਮ ਲਗਾਇਆ ਗਿਆ ਜਿਸਦਾ ਉਦਘਾਟਨ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਦੱਸਿਆ ਹਸਪਤਾਲ ਵਿੱਚ ਪਹਿਲਾਂ ਸਿਰਫ 250 ਲੀਟਰ ਦੀ ਕਪੈਸਟੀ ਵਾਲਾ ਆਰ.ਓ ਸਿਸਟਮ ਲੱਗਿਆ ਹੋਇਆ ਸੀ ਜਿਸ ਨਾਲ ਡਾਇਲੇਸਿਸ ਦੀਆਂ ਸਿਰਫ਼ ਤਿੰਨ ਮਸ਼ੀਨਾਂ ਹੀ ਚੱਲ ਸਕਦੀਆਂ ਸਨ , ਜਿਸ ਨਾਲ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ 500 ਲੀਟਰ ਦਾ ਆਰ.ਓ ਲਗਾਇਆ ਗਿਆ ਹੈ ਜਿਸ ਨਾਲ ਇੱਕੋ ਸਮੇਂ ਤੇ ਛੇ ਮਸ਼ੀਨਾਂ ਕੰਮ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਬਹੁਤ ਜਲਦੀ ਹੀ ਆਈ.ਸੀ.ਆਈ.ਸੀ.ਆਈ ਬੈਂਕ ,ਟਿਵਾਣਾ ਫੀਡ ਅਤੇ ਹੋਰ ਦਾਨੀ ਸੱਜਣਾਂ ਵੱਲੋਂ ਹਸਪਤਾਲ ਨੂੰ ਹੋਰ ਡਾਇਲੇਸਿਸ ਮਸ਼ੀਨਾਂ ਭੇਂਟ ਕੀਤੀਆਂ ਜਾ ਰਹੀਆਂ ਹਨ।ਵਿਧਾਇਕ ਨੇ ਕਿਹਾ ਕਿ ਜ਼ਿਲਾ ਹਸਪਤਾਲ ਵਿੱਚੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੂੰ ਹੋਰ ਬੇਹਤਰ ਬਣਾਇਆ ਜਾਵੇਗਾ, ਮੈਡੀਕਲ ਅਤੇ ਪੈਰਾ ਮੈਡੀਕਲ ਦੇ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਦੱਸਿਆ ਕਿ ਜਲਦੀ ਹੀ ਹਸਪਤਾਲ ਵਿਚ 25 ਬੈਡਾਂ ਦਾ ਇੱਕ ਆਈ਼.ਸੀ਼.ਯੂ ਯੂਨਿਟ ਵੀ ਸਥਾਪਿਤ ਕੀਤਾ ਜਾਵੇਗਾ ਤਾਂ ਕਿ ਆਮ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਵੀ ਹਾਸਲ ਹੋ ਸਕਣ।ਇਸ ਮੌਕੇ ਤੇ ਜ਼ਿਲ੍ਹੇ ਦੇ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੁਆਰਾ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਹਲਕਾ ਵਿਧਾਇਕ ਨੂੰ ਜਾਣੂ ਵੀ ਕਰਵਾਇਆ ਗਿਆ ਅਤੇ ਉਨ੍ਹਾਂ ਆਮ ਲੋਕਾਂ ਨੂੰ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ, ਸੀਨੀਅਰ ਮੈਡੀਕਲ ਅਫਸਰ ਬਲਕਾਰ ਸਿੰਘ, ਪ੍ਰਿਤਪਾਲ ਸਿੰਘ ਜੱਸੀ , ਅਮਰਿੰਦਰ ਸਿੰਘ ਮੋਫ਼ਰ, ਤਰਸੇਮ ਉਪਲ ,ਨਾਹਰ ਸਿੰਘ ਆਦਮਪੁਰ, ਸਰਪੰਚ ਯਾਦਵਿੰਦਰ ਸਿੰਘ, ਰੋਹਿਤ ਕੁਮਾਰ ਗੁਰਬਿੰਦਰ ਕੁਮਾਰ, ਗੁਰਦੀਪ ਸਿੰਘ,ਅਮਰੇਸ ਕੁਮਾਰ, ਵਿਟੂ ਸੂਦ ਪਾਵੇਲ ਕਾਂਡਾਂ, ਗੁਰਸਤਿੰਦਰ ਸਿੰਘ ਜੱਲਾ ਆਦਿ ਹਾਜਰ ਸਨ।