ਜਗਰਾਓਂ, 24 ਜੁਲਾਈ ( ਵਿਕਾਸ ਮਠਾੜੂ) -ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਤੀਸਰੀ ਜਮਾਤ ਦੇ ਵਿਦਿਆਰਥੀਆਂ ਵਿਚਕਾਰ ‘ਮਾਸਟਰ ਸ਼ੈਫ’ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿਚ ਉਹਨਾਂ ਵੱਲੋਂ ਬਿਨਾਂ ਅੱਗ ਦੇ ਅਲੱਗ-ਅਲੱਗ ਪਕਵਾਨ ਤਿਆਰ ਕੀਤੇ ਗਏ ਜੋ ਕਿ ਕਾਬਿਲ-ਏ-ਤਾਰੀਫ਼ ਸੀ। ਵਿਦਿਆਰਥੀਆਂ ਨੇ ਆਪੋ-ਆਪਣੀ ਕਲਾ ਪ੍ਰਦਰਸ਼ਿਤ ਕਰਦੇ ਹੋਏ ਖਾਣ-ਪੀਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ।ਇਸ ਮੁਕਾਬਲੇ ਵਿਚੋਂ ਮਹਿਤਾਬ ਸਿੰਘ (ਪਹਿਲੇ), ਬਲਪ੍ਰੀਤ ਕੌਰ (ਦੂਸਰੇ), ਪ੍ਰਵਾਨਵੀਰ ਸਿੰਘ (ਤੀਸਰੇ) ਸਥਾਨ ਤੇ ਰਹੇ। ਇਹਨਾਂ ਤੋਂ ਇਲਾਵਾ ਜੈਸਨੂਰ ਸਿੰਘ ਅਤੇ ਗੁਰਵੰਸ਼ ਸਿੰਘ ਨੂੰ ਕੌਂਸੋਲੇਸ਼ਨ ਇਨਾਮ ਦਿੱਤੇ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਵੱਲੋਂ ਬੱਚਿਆਂ ਦੀ ਤਾਰੀਫ਼ ਕਰਦੇ ਹੋਏ ਕਿਹਾ ਗਿਆ ਕਿ ਅੱਜ ਦਾ ਸਮਾਂ ਅਜਿਹਾ ਹੈ ਕਿ ਵਿਦੇਸ਼ਾਂ ਦੀ ਧਰਤੀ ਤੇ ਜਾਣ ਵਾਲੇ ਵਿਦਿਆਰਥੀ ਬਿਨਾਂ ਮਾਪਿਆਂ ਦੇ ਜਾ ਰਹੇ ਹਨ ਉਹਨਾਂ ਕੋਲ ਖਾਣਾ ਬਣਾਉਣ ਵਰਗਾ ਗੁਣ ਹੋਣਾ ਲਾਜ਼ਮੀ ਹੈ ਤਾਂ ਹੀ ਉਹ ਆਪਣੀ ਉੱਥੋ ਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਕੱਢ ਸਕਣਗੇ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਵਿਦਿਆਰਥੀਆਂ ਦੀ ਇਸ ਕੋਸ਼ਿਸ਼ ਲਈ ਤਾਰੀਫ਼ ਕੀਤੀ।