ਜਗਰਾਓਂ, 26 ਜੁਲਾਈ ( ਰਾਜੇਸ਼ ਜੈਨ, ਜਗਰੂਪ ਸੋਹੀ )-ਦੇਸ਼ ਭਰ ਵਿਚ 24ਵਾਂ ਕਾਰਗਿਲ ਵਿਜੇ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿੱਥੇ ਦੇਸ਼ ਭਰ ਵਿੱਚ ਕਾਰਗਿਲ ਵਿੱਚ ਸ਼ਹੀਦ ਹੋਏ ਮਹਾਨ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਉਥੇ ਜਗਰਾਉਂ ਦੀ ਸੱਤਾਧਾਰੀ ਪਾਰਟੀ ਦੇ ਆਗੂਆਂ ਅਤੇ ਕਿਸੇ ਵੀ ਹੋਰ ਸਿਆਸੀ ਪਾਰਟੀ ਦੇ ਆਗੂਆਂ ਨੇ ਸ਼ਹੀਦਾਂ ਨੂੰ ਯਾਦ ਨਹੀਂ ਕੀਤਾ। ਜਦੋਂ ਕਿ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਏ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਲੈਫਟੀਨੈਂਟ ਮਨਪ੍ਰੀਤ ਸਿੰਘ ਗੋਲਡੀ ਜਗਰਾਉਂ ਦੇ ਰਹਿਣ ਵਾਲੇ ਸਨ ਅਤੇ ਬੱਸ ਅੱਡਾ ਮੇਨ ਚੌਂਕ ਵਿੱਚ ਸ਼ਹਿਰ ਨੂੰ ਜਾਣ ਵਾਲੀ ਸੜਕ ’ਤੇ ਸ਼ਹੀਦ ਮਨਪ੍ਰੀਤ ਸਿੰਘ ਗੋਲਡੀ ਦੇ ਨਾਂ ਨਾਲ ਉਨ੍ਹਾਂ ਦੀ ਫੋਟੋ ਵਾਲਾ ਬੋਰਡ ਲੱਗਾ ਹੋਇਆ ਹੈ ਅਤੇ ਇਸ ਸੜਕ ਦਾ ਨਾਮ ਵੀ ਸ਼ਹੀਦ ਮਨਨਪ੍ਰੀਤ ਸਿੰਘ ਗੋਲਡੀ ਰੱਖਿਆ ਹੋਇਆ ਹੈ। ਸ਼ਹੀਦ ਮਨਪ੍ਰੀਤ ਸਿੰਘ ਗੋਲਡੀ ਨੂੰ ਸ਼ਰਧਾਂਜਲੀ ਦੇਣ ਲਈ ਐਸਡੀਐਮ ਮਨਜੀਤ ਕੌਰ ਦੁਪਹਿਰ 2 ਵਜੇ ਦੇ ਕਰੀਬ ਉੱਥੇ ਪਹੁੰਚੀ ਅਤੇ 2 ਮਿੰਟਾਂ ਵਿੱਚ ਉਨ੍ਹਾਂ ਦੀ ਫੋਟੋ ਨੂੰ ਫੁੱਲ ਮਾਲਾ ਪਾ ਕੇ ਵਾਪਸ ਪਰਤ ਗਏ। ਜਦੋਂਕਿ ਉਨ੍ਹਾਂ ਦੇ ਆਉਣ ’ਤੇ ਹੀ ਬੋਰਡ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਆਸ-ਪਾਸ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਇਸ ਬੋਰਡ ਦੇ ਆਲੇ-ਦੁਆਲੇ ਜਾਂ ਹੇਠਾਂ ਕਦੇ ਵੀ ਸਫ਼ਾਈ ਨਹੀਂ ਕਰਦੀ। ਬੋਰਡ ਦੇ ਉੱਪਰ ਪੰਛੀਆਂ ਦੀਆਂ ਬਿੱਠਾਂ ਅੱਜ ਵੀ ਦਿਖਾਈ ਦੇ ਰਹੀਆਂ ਸਨ। ਜਿਨ੍ਹਾਂ ਦੀ ਵਿਜੈ ਦਿਵਸ ਮੌਕੇ ਵੀ ਸਫ਼ਾਈ ਨਹੀਂ ਕੀਤੀ ਗਈ। ਇਥੇ ਗੌਰਤਲਬ ਹੈ ਕਿ ਇਸ ਜਗ੍ਹਾ ਦੇ ਨਜ਼ਦੀਕ ਏ.ਡੀ.ਸੀ., ਐਸ.ਐਸ.ਪੀ., ਸਾਰੇ ਐਸ.ਪੀ ਅਤੇ ਡੀ.ਐਸ.ਪੀ ਦੇ ਦਫ਼ਤਰ ਵੀ ਮੌਜੂਦ ਹਨ। ਦੇਸ਼ ਦੇ ਮਹਾਨ ਸਪੂਤ ਲੈਫਟੀਨੈਂਟ ਮਨਪ੍ਰੀਤ ਸਿੰਘ ਗੋਲਡੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਐਸ.ਡੀ.ਐਮ ਤੋਂ ਇਲਾਵਾ ਕਿਸੇ ਵੀ ਸਿਆਸੀ ਆਗੂ, ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਵੱਲੋਂ ਲੋੜ ਮਹਿਸੂਸ ਨਹੀਂ ਕੀਤੀ ਗਈ।