ਜਗਰਾਉਂ, 26 ਜੁਲਾਈ ( ਬੌਬੀ ਸਹਿਜਲ, ਧਰਮਿੰਦਰ )-ਕੰਬਾਈਨ ਤਿਆਰ ਕਰਨ ਦਾ ਝਾਂਸਾ ਦੇ ਕੇ 12 ਲੱਖ ਰੁਪਏ ਲੈਣ ਵਾਲੇ ਦੋ ਵਿਅਕਤੀਆਂ ਖਿਲਾਫ ਥਾਣਾ ਸਦਰ ਜਗਰਾਓ ਵਿਖੇ ਧੋਖਾਧੜੀ ਅਤੇ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਗਾਲਿਬ ਕਲਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਅਵਤਾਰ ਸਿੰਘ ਉਰਫ ਤਾਰੀ ਵਾਸੀ ਹਰੀਦਾਸ ਕਾਲੋਨੀ, ਪਟਿਆਲਾ ਰੋਡ, ਨਾਭਾ ਅਤੇ ਕੁਲਦੀਪ ਸਿੰਘ ਵਾਸੀ ਹਿਆਣਾ ਥਾਣਾ ਨਾਭਾ, ਪਟਿਆਲਾ ਨੇ ਉਸ ਨਾਲ ਕੰਬਾਈਨ ਤਿਆਰ ਕਰਨ ਦਾ ਸੌਦਾ ਕੀਤਾ ਸੀ। ਜਿਸ ਦੇ ਬਦਲੇ ਉਨ੍ਹਾਂ ਨੇ ਉਸ ਤੋਂ 12 ਲੱਖ ਰੁਪਏ ਲੈ ਲਏ। ਉਨ੍ਹਾਂ ਨੇ ਨਾ ਤਾਂ ਕੰਬਾਈਨ ਤਿਆਰ ਕੀਤੀ ਅਤੇ ਨਾ ਹੀ ਉਸ ਨੂੰ ਉਸ ਦੇ ਪੈਸੇ ਵਾਪਸ ਕੀਤੇ। ਸਗੋਂ ਕੰਬਾਈਨ ਤਿਆਰ ਕਰਨ ਲਈ ਦਿੱਤੇ ਗਏ ਇੰਜਣ ਦੇ ਪੁਰਜ਼ੇ ਵੀ ਖਪਰਦ ਬੁਰਦ ਕਰ ਦਿਤੇ। ਪੈਸੇ ਮੰਗਣ ’ਤੇ ਉਨ੍ਹਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਅਵਤਾਰ ਸਿੰਘ ਅਤੇ ਕੁਲਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।