ਭਾਰਤ ਵਿਚ ਸਦੀਆਂ ਤੋਂ ਸਭ ਧਰਮਾਂ ਦੇ ਲੋਕ ਆਪਸੀ ਪਿਆਰ ਅਤੇ ਸਦਭਾਵਨਾ ਨਾਲ ਰਹਿੰਦੇ ਆ ਰਹੇ ਹਨ। ਪਰ ਇੱਥੇ ਇਕ ਵੱਡੀ ਕਮਜ਼ੋਰੀ ਇਹ ਹੈ ਕਿ ਧਰਮ ਦੇ ਨਾਂ ’ਤੇ ਰੋਟੀਆਂ ਸੇਕਣ ਵਾਲੇ ਲੋਕ ਹਮੇਸ਼ਾ ਧਰਮ ਦੀ ਆੜ ਵਿਚ ਆਪਣੀ ਮਨ ਮਰਜੀ ਅਨੁਸਾਰ ਲਾਭ ਹਾਸਿਲ ਕਰਦੇ ਰਹੇ ਹਨ ਅਤੇ ਕਰ ਰਹੇ ਹਨ। ਇਥੇ ਧਰਮ ਦੇ ਨਾਂ ’ਤੇ ਕਿਸੇ ਪਾਸੋਂ ਕੁਝ ਵੀ ਕਰਵਾਇਆ ਜਾ ਸਕਦਾ ਹੈ। ਜਿਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲ ਸਕਦੀਆਂ ਹਨ। ਪਿਛਲੇ ਕੁਝ ਦਹਾਕਿਆਂ ਤੋਂ ਨੌਜਵਾਨ ਵਰਗ ਦਾ ਭਾਰਤ ਤੋਂ ਵਿਦੇਸ਼ ਜਾਣ ਦਾ ਰੁਝਾਨ ਬਹੁਤ ਵਧਿਆ ਹੈ। ਜਿਸ ਵਿਚ ਸ਼ਾਇਦ ਪੰਜਾਬ ਸਭ ਤੋਂ ਅੱਗੇ ਹੈ। ਪੰਜਾਬ ਵਿੱਚ ਅੱਤਵਾਦ ਦੇ ਦੌਰ ਦੇ ਸਮੇਂ 70-80 ਦੇ ਦਹਾਕੇ ਤੋਂ ਇਹ ਰੁਝਾਨ ਸ਼ੁਰੂ ਹੋਇਆ ਸੀ ਅਤੇ ਹੁਣ ਚਰਮ ਸੀਮਾ ਤੇ ਹੈ। ਅੱਤਵਾਦ ਦੇ ਕਾਲੇ ਦੌਰ ਵਿਚ ਪੰਜਾਬ ਦੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਮਾਰ-ਮੁਕਾਇਆ ਗਿਆ ਅਤੇ ਇਸ ਲਹਿਰ ਨਾਲ ਜੁੜੇ ਵੱਡੀ ਗਿਣਤੀ ਨੌਜਵਾਨ ਹੁਣ ਵਿਦੇਸ਼ਾਂ ਵਿੱਚ ਜਾ ਵਸੇ ਹਨ। ਪੰਜਾਬ ਵਿੱਚ ਇਸ ਸਮੇਂ ਉਸ ਸਮੇਂ ਵਾਲੀ ਕੋਈ ਵੀ ਲਹਿਰ ਨਾਂ ਦੀ ਚੀਜ਼ ਨਹੀਂ ਹੈ ਅਤੇ ਨਾ ਹੀ ਕੋਈ ਪੰਜਾਬੀ ਵੱਖਰੇ ਦੇਸ਼ ਦੀ ਮੰਗ ਕਰਦਾ ਹੈ। ਪਰ ਅੱਤਵਾਦ ਦੇ ਸਮੇਂ ਤੋਂ ਭੱਜ ਕੇ ਵਿਦੇਸ਼ਾਂ ਵਿੱਚ ਸੈਟ ਹੋਏ ਕੁਝ ਲੋਕ ਅੱਜ ਵੀ ਆਪਣੀਆਂ ਅੱਖਾਂ ਵਿੱਚ ਉਹ ਸੁਪਨਾ ਲੈ ਕੇ ਬੈਠੇ ਹਨ। ਜਿਸ ਨੂੰ ਲੈ ਕੇ ਉਹ ਉਥੋਂ ਬੈਠ ਕੇ ਵੀ ਪੰਜਾਬ ਵਿੱਚ ਖਾਲਿਸਤਾਨੀ ਲਹਿਰ ਨੂੰ ਮੁੜ ਸੁਰਜੀਤ ਕਰਨ ਲਈ ਸਮੇਂ-ਸਮੇਂ ’ਤੇ ਯਤਨ ਕਰਦੇ ਰਹੇ। ਪਰ ਕੋਈ ਵੀ ਕੋਸ਼ਿਸ਼ ਸਫਲ ਨਹੀਂ ਹੋ ਸਕੀ। ਅਜਿਹੇ ਲੋਕਾਂ ਦਾ ਬਹੁਤਾ ਗੋਰਖਧੰਦਾ ਹੀ ਗਰਮ ਅਤੇ ਭੜਕਾਊ ਬਿਆਨਾਂ ਨਾਲ ਚੱਲਦਾ ਹੈ। ਜਿਸ ਕਾਰਨ ਵਿਦੇਸ਼ਾਂ ਤੋਂ ਕਈ ਵਾਰ ਖਾਸ ਕਰਕੇ ਕੈਨੇਡਾ, ਅਮਰੀਕਾ ਅਤੇ ਆਸਟਰੇਲੀਆ ਵਿਚ ਦੇਸ਼ ਸਮੇਂ-ਸਮੇਂ ’ਤੇ ਅਜਿਹੇ ਬਿਆਨ ਅਤੇ ਸਰਗਰਮੀਆਂ ਸਾਹਮਣੇ ਆਉਂਦੀਆਂ ਰਹੀਆਂ ਹਨ। ਉਥੇ ਗੁਰਦੁਆਰਾ ਸਾਹਿਬ ਵਿਚ ਸਮੇਂ-ਸਮੇਂ ’ਤੇ ਹੋਣ ਵਾਲੇ ਇਕੱਠਾਂ ਵਿਚ, ਆਪਣੇ ਆਪ ਨੂੰ ਗਰਮ ਖਿਆਲੀ ਸਮਝਣ ਵਾਲੇ ਲੋਕ ਪੰਜਾਬ ਵਿਚ ਖਾਲਿਸਤਾਨ ਦੀ ਲਹਿਰ ਨੂੰ ਮੁੜ ਸੁਰਜੀਤ ਕਰਨ ਲਈ ਭੜਕਾਊ ਭਾਸ਼ਣ ਦਿੰਦੇ ਹਨ ਅਤੇ ਉਥੇ ਇਕੱਠੇ ਹੋਏ ਸਾਡੇ ਨੌਜਵਾਨ ਬੱਚਿਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਆਪਣੀਆਂ ਦੁਕਾਨਦਾਰੀਆਂ ਲਈ ਚੰਦੇ ਇਕੱਠੇ ਕਰਦੇ ਹਨ। ਉਨ੍ਹਾਂ ਦੀਆਂ ਅਜਿਹੀਆਂ ਗਤੀਵਿਧੀਆਂ ਕਾਰਨ ਇਨ੍ਹਾਂ ਦੇਸ਼ਾਂ ਵਿੱਚ ਹੋਰ ਧਾਰਮਿਕ ਭਾਈਚਾਰੇ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਨਾਉਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਗੁਰੂ ਸਾਹਿਬ ਨੇ ਸਾਨੂੰ ਅਜਿਹਾ ਕੋਈ ਸੰਦੇਸ਼ ਨਹੀਂ ਦਿੱਤਾ ਕਿ ਉਹ ਕਿਸੇ ਵੀ ਧਰਮ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ। ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਵਲੋਂ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲਕਸ਼ਮੀ ਨਰਾਇਣ ਮੰਦਿਰ ’ਤੇ ਖਾਲਿਸਤਾਨ ਦੇ ਸਮਰਥਨ ’ਚ ਪੋਸਟਰ ਲਗਾਏ, ਜਿਨ੍ਹਾਂ ਦੀ ਅੰਤਰਰਾਸ਼ਟਰੀ ਮੀਡੀਆ ’ਚ ਚਰਚਾ ਹੋਈ। ਇਹ ਉਨ੍ਹਾਂ ਬੱਚਿਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ ਜੋ ਉਥੇ ਜਾ ਕੇ ਦਿਨ ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਪਾਲ ਰਹੇ ਹਨ। ਅਜਿਹੇ ਲੋਕਾਂ ਦੀਆਂ ਗਤੀਵਿਧੀਆਂ ਦਾ ਲਾਭ ਉਨ੍ਹਾਂ ਨੂੰ ਫੋਕੀ ਸ਼ੌਹਰਤ ਅਤੇ ਫੰਡ ਹਾਸਿਲ ਕਰਨ ਤੋਂ ਇਵਾਲਾ ਕੁਝ ਨਹੀਂ ਹੁੰਦਾ ਪਰ ਪਰ ਦੂਜੇ ਭਾਈਚਾਰਿਆਂ ਦੇ ਲੋਕਾਂ ਵਿੱਚ ਪੰਜਾਬ ਦੇ ਨੌਜਵਾਨਾਂ ਪ੍ਰਤੀ ਨਫ਼ਰਤ ਦਾ ਮਾਹੌਲ ਜ਼ਰੂਰ ਬਣਦਾ ਹੈ ਅਤੇ ਉਥੋਂ ਦੇ ਮੂਲ ਨਿਵਾਸੀ ਵੀ ਸਿੱਖਾਂ ਨੂੰ ਗਲਤ ਨਜਰ ਨਾਲ ਦੇਖਣਾ ਸ਼ੁਰੂ ਕਰ ਦੇਣਗੇ। ਗੁਰਦੁਆਰਿਆਂ ਵਿੱਚ ਜਾ ਕੇ ਅੱਤਵਾਦ ਦੇ ਦੌਰ ਦੀਆਂ ਗੱਲਾਂ ਕਰਨ ਵਾਲੇ ਅਜੋਕੇ ਸਮੇਂ ਅੰਦਰ ਖਾਲਿਸਤਾਨ ਦੀ ਲਹਿਰ ਨੂੰ ਮੁੜ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰਦੇ ਹਨ ਪਰ ਹੁਣ ਹਾਲਾਤ ਉਹ ਨਹੀਂ ਹਨ। ਇਸ ਲਈ ਜਿਹੜੇ ਲੋਕ ਖਾਲਿਸਤਾਨ ਦੇ ਨਾਂ ’ਤੇ ਆਪਣੀ ਦੁਕਾਨ ਚਲਾਉਂਦੇ ਹਨ, ਉਨ੍ਹਾਂ ਨੂੰ ਬਾਕੀ ਬੱਚਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜੋ ਇੱਥੋਂ ਪੜ੍ਹੇ-ਲਿਖੇ ਹੋਣ ਦੇ ਨਾਲ-ਨਾਲ ਬੇਰੁਜ਼ਗਾਰ ਹੋਣ ਕਰਕੇ ਵਿਦੇਸ਼ਾਂ ਵੱਲ ਰੁੱਖ ਕਰ ਗਏ। ਉਨ੍ਹਾਂ ਦੇ ਮਾਪਿਆਂ ਵਲੋਂ ਪੰਜਾਬ: ਆਰਥਿਕ ਮੰਦਹਾਲੀ ਦੇ ਬਾਵਜੂਦ ਉਨ੍ਹਾਂ ਨੂੰ ਕਿਨ੍ਹਾਂ ਹਾਲਾਤਾਂ ’ਚ ਕਰਜ਼ਾ ਚੁੱਕ ਕੇ ਭੇਜਦੇ ਹਨ ਅਤੇ ਉਹ ਬੱਚੇ ਵੀ ਆਪਣੇ ਪਰਿਵਾਰ ਦੀ ਹਾਲਤ ਨੂੰ ਸਮਝਦੇ ਹੋਏ ਉੱਥੇ ਸਖ਼ਤ ਮਿਹਨਤ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਦੇ ਹਨ। ਜਿਸ ’ਚ ਉਨ੍ਹਾਂ ਨੂੰ ਘਰ ਦਾ ਹਰ ਛੋਟਾ-ਵੱਡਾ ਸਮਾਨ ਖਰੀਦਣਾ ਪੈਂਦਾ ਹੈ। ਉਹਨਾਂ ਦੀ ਸਾਰੀ ਜਿੰਦਗੀ ਖੁਦ ਨੂੰ ਸੈਟ ਕਰਨ ਵਿਚ ਲੱਗ ਜਾਵੇਗੀ ਅਤੇ ਉਹਨਾਂ ਦੀ ਆਉਣ ਵਾਲੀ ਪੀੜੀ ਭਾਵੇਂ ਸੁਖੀ ਜੀਵਨ ਬਤੀਤ ਕਰ ਸਕਦੀ ਹੈ। ਪਰ ਖਾਲਿਸਤਾਨ ਦੇ ਨਾਮ ਤੇ ਰੋਟੀਆਂ ਸੇਕਣ ਵਾਲੇ ਲੋਕ 1980-90 ਦੇ ਦਹਾਕੇ ਤੋਂ ਉਥੇ ਹੀ ਬੈਠੇ ਹਨ, ਜਿਹਨਾਂ ਦੀ ਅਗਲੀ ਪੀੜੀ ਉਥੇ ਹੀ ਆਰਾਮਦਾਇਕ ਜੀਵਨ ਬਤੀਤ ਕਰ ਰਹੀ ਹੈ। ਇਹ ਵੀ ਦਾਅਵਾ ਹੈ ਕਿ ਜੋ ਲੋਕ ਉਥੇ ਭੜਕਾਊ ਭਾਸ਼ਣ ਦਿੰਦੇ ਹਨ ਅਤੇ ਭੜਕਾਊ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ, ਉਨ੍ਹਾਂ ਵਲੋਂ ਆਪਣੇ ਬੱਚਿਆਂ ਨੂੰ ਇਸ ਪਾਸੇ ਤੋਂ ਦੂਰ ਰੱਖਦੇ ਹਨ। ਇਸ ਲਈ ਉਨ੍ਹਾਂ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਨਹੀਂ ਕਰਨੀਆਂ ਚਾਹੀਦੀਆਂ, ਜਿਸ ਨਾਲ ਸਾਡੇ ਬੱਚਿਆਂ ਦਾ ਨੁਕਸਾਨ ਹੋਵੇ ਅਤੇ ਨਾਲ ਹੀ ਜਿਹੜੇ ਬੱਚੇ ਉੱਥੇ ਪੜ੍ਹਣ ਲਈ ਗਏ ਹਨ। ਉਨ੍ਹਾਂ ਨੂੰ ਗੁਰੂ ਘਰ ਜ਼ਰੂਰ ਜਾਣਾ ਚਾਹੀਦਾ ਹੈ, ਉੱਥੇ ਮੱਥਾ ਟੇਕਣ , ਗੁਰੂ ਘਰ ਦੀ ਸੇਵਾ ਕਰਨ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਹਾਸਿਲ ਕਰਨ ਪਰ ਇਨ੍ਹਾਂ ਲੋਕਾਂ ਦੀ ਕਿਸੇ ਗੱਲ ਵੱਲ ਧਿਆਨ ਨਹੀਂ ਦੇਣ। ਨਾ ਹੀ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਲਈ ਫੰਡ ਦੇਣ ਕਿਉਂਕਿ ਉੁਥੇ ਬੈਠ ਕੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਉਥੇ ਹੀ ਬੜ੍ਹਕ ਮਾਰਦੇ ਹਨ ਪਰ ਉਨ੍ਹਾਂ ਵਿਚ ਪੰਜਾਬ ਆ ਕੇ ਹਾਲਾਤਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ।
ਹਰਵਿੰਦਰ ਸਿੰਘ ਸੱਗੂ।