Home Chandigrah ਕੀ ਅਸੀਂ ਸੱਚ-ਮੁੱਚ ਆਜ਼ਾਦ ਹਾਂ ?ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ...

ਕੀ ਅਸੀਂ ਸੱਚ-ਮੁੱਚ ਆਜ਼ਾਦ ਹਾਂ ?
ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਸੀਂ ਅੱਜ ਤੱਕ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਨਹੀਂ ਕਰ ਸਕੇ

59
0


ਅੱਜ ਭ੍ਰਿਸ਼ਟਾਚਾਰ ਅਤੇ ਨਸ਼ੇ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੋਰ ਲੜਾਈ ਦੀ ਜਰੂਰਤ
ਭਾਰਤ ਦੀ ਆਜ਼ਾਦੀ ਨੂੰ 75 ਵਰ੍ਹੇ ਬੀਤ ਚੁੱਕੇ ਹਨ ਅਤੇ ਹੁਣ ਅਸੀਂ 77ਵਾਂ ਆਜ਼ਾਦੀ ਦਿਵਸ ਸਮੁੱਚੇ ਦੇਸ਼ ਅੰਦਰ ਮਨਾਇਆ। ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਲਾਲਾ ਲਾਜਪਤਰਾਏ, ਕਰਤਾਰ ਸਿੰਘ ਸਰਾਭਾ, ਉੱਧਮ ਸਿੰਘ, ਭਗਤ ਸਿੰਘ, ਸਖਦੇਵ, ਰਾਜ ਗੁਰੂ, ਚੰਦਰ ਸ਼ੇਖਰ ਆਜ਼ਾਦ, ਮਦਨ ਲਾਲ ਢੀਂਗਰਾ ਵਰਗੇ ਹੋਰ ਅਨੇਕਾਂ ਪਰਵਾਨਿਆਂ ਨੇ ਖੁਸ਼ੀ ਨਾਲ ਆਪਣੀਆਂ ਜਾਨਾਂ ਕੁਰਬਾਨ ਕਰ ਦਿਤੀਆਂ। ਉਨ੍ਹਾਂ ਸ਼ਹੀਦਾਂ ਦੀ ਜੋ ਸੱਚ ਦਾ ਆਜ਼ਾਦ ਭਾਰਤ ਸੀ ਉਹ ਇਕ ਖੁਸ਼ਹਾਲ ਅਤੇ ਆਮ ਗਰੀਬ, ਮਜ਼ਦੂਰ ਦਾ ਭਾਰਤ ਸੀ। ਆਜ਼ਾਦੀ ਦੇ 75 ਸਾਲ ਤੋਂ ਵੀ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਸੀਂ ਅੱਜ ਤੱਕ ਉਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਦੀ ਉਹ ਤਸਵੀਰ ਕਾਇਮ ਨਹੀਂ ਕਰ ਸਕੇ। ਅੱਜ ਵੀ ਅਸੀਂ ਉਨ੍ਹਾਂ ਅਲਾਮਤਾਂ ਨਾਲ ਘਿਰੇ ਹੋਏ ਹਾਂ ਜਿੰਨਾਂ ਨੂੰ ਦੂਰ ਕਰਨ ਲਈ ਆਜ਼ਾਦੀ ਦੇ ਪਰਵਾਨਿਆਂ ਨੇ ਜਾਨਾਂ ਕੁਰਬਾਨ ਕੀਤੀਆਂ। ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਕਿਹਾ ਜਾਂਦਾ ਹੈ। ਇਥੇ ਹਰੇਕ ਨਾਗਰਿਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹਾਸਲ ਹੈ। ਪਰ ਇਹ ਅਧਿਕਾਰ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ। ਅਸਲੀਅਤ ਵਿਚ ਇਹ ਹੱਕ ਦਿਤਾ ਤਾਂ ਗਿਆ ਹੈ ਪਰ ਉਸ ਹੱਕ ਨੂੰ ਮੰਗਣ ਵਾਲੇ ਨੂੰ ਇਥੇ ਤਸੀਹਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅੱਜ ਭਾਰਤ ਵਿਚ 60% ਤੋਂ ਵਧੇਰੇ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਸਰ ਕਰ ਰਹੇ ਹਨ। ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ, ਪਹਿਨਣ ਲਈ ਕਪੜਾ ਅਤੇ ਸਿਰ ਢਕਣ ਲਈ ਛੱਤ ਨਸੀਬ ਨਹੀਂ ਹੋ ਰਹੀ। ਅਜਿਹੀ ਹਾਲਤ ਵਿਚ ਅਸੀਂ ਕਿਹੜਾ ਆਜ਼ਾਦੀ ਦਿਵਸ ਮਨਾਉਂਦੇ ਹਾਂ ? ਬੇ-ਰੁਜਗਾਰੀ, ਭੁੱਖਮਰੀ, ਅਨਪੜ੍ਹਤਾ, ਗਰੀਬੀ, ਭ੍ਰਿਸਟਾਚਾਰ, ਨਸ਼ਾ , ਲਾਚਾਰੀ, ਦਾਜ ਦੀ ਲਾਹਨਤ ਵਰਗੀਆਂ ਅਲਾਮਤਾ ਅੱਜ ਵੀ ਮੂੰਹ ਅੱਡੀ ਖੜ੍ਹੀਆਂ ਹਨ। ਭਾਰਤ ਉਹ ਮਹਾਨ ਦੇਸ਼ ਹੈ ਜਿਸਨੂੰ ਅੰਗਰੇਜ਼ਾਂ ਨੇ ਇਕ ਸਦੀ ਤੋਂ ਵਧੇਰੇ ਸਮਾਂ ਲੁੱਟਿਆ। ਉਸਦੇ ਬਾਵਜੂਦ ਵੀ ਭਾਰਤ ਸੋਨੇ ਦੀ ਚਿੜੀ ਹੀ ਰਿਹਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਆਜ਼ਾਦੀ ਦੇ ਪਰਵਨਿਆਂ ਨੇ ਜਿਹੜੀ ਆਜ਼ਾਦੀ ਹਾਸਲ ਕਰਨ ਲਈ ਜਾਨਾਂ ਕੁਰਬਾਨ ਕੀਤੀਆਂ ਸਨ ਉਸ ਆਜ਼ਾਦੀ ਤੋਂ ਬਾਅਦ ਸੱਤਾ ’ਤੇ ਬਿਰਾਜਮਾਨ ਹੋਏ ਰਾਜਨੀਤਿਕ ਲੋਕਾਂ ਨੇ ਹੁਣ ਤੱਕ ਸੋਨੇ ਦੀ ਚਿੜੀ ਭਾਰਤ ਦੇ ਸਾਰੇ ਖੰਭ ਨੋਚ ਕੇ ਖਾ ਲਏ। ਜਿਸ ਸੋਨੇ ਦੀ ਚਿੜੀ ਨੂੰ ਅੰਗਰੇਜ ਲੋਕ ਹਰ ਸਮੇਂ ਲੁੱਟਕੇ ਵੀ ਕੰਗਾਲ ਨਹੀਂ ਕਰ ਸਕੇ ਉਸ ਚਿੜੀ ਨੂੰ ਸਾਡੇ ਆਪਣਿਆਂ ਨੇ ਹੀ ਨੋਚ ਖਾਧਾ ਹੈ। ਅੱਜ ਆਲਮ ਇਹ ਹੈ ਕਿ ਰਾਜਨੀਤਿਕ ਲੋਕ ਰਾਜਨੀਤੀ ਵਿਚ ਪ੍ਰਵੇਸ਼ ਇਸਨੂੰ ਇਕ ਲਾਹੇਵੰਦ ਧੰਦੇ ਦੇ ਰੂਪ ਵਜੋਂ ਲੈ ਕੇ ਆਉਂਦੇ ਹਨ। ਇਹ ਰਾਜਨੀਤੀ ਕਿਸੇ ਸਮੇਂ ਸੇਵਾ ਭਾਵਨਾ ਵਾਲੀ ਹੁੰਦੀ ਸੀ। ਪਰ ਅੱਜ ਰਾਜਨੀਤੀ ਦੇ ਅਰਥ ਬਦਲ ਗਏ ਹਨ। ਗਰੀਬਾਂ ਦੀ ਭਲਾਈ ਲਈ ਬਣਾਏ ਗਏ ਕਾਨੂੰਨ ਅਤੇ ਸਕੀਮਾਂ ਮਹਿਜ਼ ਕਾਗਜ਼ਾਂ ਤੱਕ ਹੀ ਸੀਮਤ ਹਨ। ਗਰੀਬਾਂ ਦੀ ਭਲਾਈ ਲਈ ਆਏ ਪੈਸੇ ਰਾਜਨੀਤਿਕ ਅਤੇ ਭ੍ਰਿਸ਼ਟ ਅਫਸਰਾਂ ਦੇ ਢਿੱਡਾਂ ਵਿਚ ਜਾਂਦੇ ਹਨ। ਉੱਪਰ ਤੋਂ ਚਲਿਆ ਇਕ ਰੁਪਈਆ ਹੇਠਾਂ ਤੱਕ ਗਰੀਬ ਦੀ ਜੇਬ ’ਚ ਪਹੁੰਚਣ ਤੱਕ ਸਿਰਫ 5 ਪੈਸੇ ਰਹਿ ਜਾਂਦਾ ਹੈ। ਬਾਕੀ 95 ਪੈਸੇ ਦੀਆਂ ਉਪਰ ਤੋਂ ਹੇਠਾਂ ਤੱਕ ਵੰਡੀਆਂ ’ਚ ਨਿਪਟ ਜਾਂਦਾ ਹੈ। ਪੜ੍ਹੇ ਲਿਖੇ ਨੌਜਵਾਨ ਡਿਗਰੀਆਂ ਹੱਥਾਂ ਵਿਚ ਫੜੀ ਨੌਕਰੀ ਦੀ ਤਲਾਸ਼ ਵਿਚ ਮਾਰੇ-ਮਾਰੇ ਫਿਰਦੇ ਹਨ, ਨੌਕਰੀਆਂ ਨਾ ਮਿਲਣ ਤੇ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤ ਤੇ ਜਾ ਰਹੇ ਹਨ। ਛੋਟੇ ਬੱਚਿਆਂ ਦਾ ਬਚਪਨ ਚਾਹ ਦੀਆਂ ਦੁਕਾਨਾਂ ’ਤੇ ਭਾਂਡੇ ਮਾਜਣ ਵਿਚ ਬੀਤ ਰਿਹਾ ਹੈ। ਸਕੂਲਾਂ ਵਿਚ ਕਾਪੀ ਕਿਤਾਬ ਲੈ ਕੇ ਜਾਣ ਦੀ ਥਾਂ ਮੋਢੇ ਵਿਚ ਝੋਲੇ ਪਾ ਕੇ ਸੜਕਾਂ ਤੋਂ ਕਾਗਜ਼ ਚੁਗਦਾ ਦਿਖਾਈ ਦਿੰਦਾ ਹੈ। ਇਸ ਆਜ਼ਾਦ ਦੇਸ਼ ਵਿਚ ਮਹਿਲਾ ਦਿਵਸ, ਮਜ਼ਦੂਰ ਦਿਵਸ, ਬਾਲ ਦਿਵਸ ਸਮੇਤ ਨਾ ਜਾਣੇ ਕਿੰਨੇ ਹੋਰ ਅਜਿਹੇ ਦਿਵਸ ਮਨਾਏ ਜਾਂਦੇ ਹਨ। ਗਰੀਬਾਂ ਦੇ ਮੂੰਹ ਵਿਚ ਜਾਣ ਵਾਲਾ ਨਿਵਾਲਾ ਅਜਿਹੇ ਸਮਾਗਮਾ ਦੀ ਭੇਟ ਚੜ੍ਹ ਜਾਂਦਾ ਹੈ ਅਤੇ ਰਾਜਸੀ ਲੋਕ ਲੱਛੇਦਾਰ ਭਾਸ਼ਣ ਦੇ ਕੇ ਆਪਣੇ ਫਰਜ਼ ਦੀ ਪੂਰਤੀ ਕਰਕੇ ਤੁਰ ਜਾਂਦੇ ਹਨ। ਗਰੀਬ ਦੇ ਪੱਲ੍ਹੇ ਰਹਿ ਜਾਂਦੀ ਹੈ ਫਿਰ ਉਹੀ ਆਸ ਦੀ ਕਿਰਨ ਜਿਸਨੂੰ ਲੈ ਕੇ ਉਹ ਉੱਠਦਾ ਹੈ ਅਤੇ ਦੋ ਵਕਤ ਦੀ ਰੋਟੀ ਦੇ ਜੁਗਾੜ ਵਿਚ ਲੱਗ ਜਾਂਦਾ ਹੈ ਅਤੇ ਉਸਦੀ ਉਹ ਆਸ ਪੂਰੀ ਨਹੀਂ ਹੁੰਦੀ ਤੇ ਜੀਵਨ ਦੀ ਡੰਗੋਰੀ ਲੰਬੀ ਹੁੰਦੀ ਜਾਂਦੀ ਹੈ। ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਉਹ ਸੀ ਜਿਸ ਵਿਚ ਹਰੇਕ ਗਰੀਬ ਨੂੰ ਢਿੱਡ ਭਰਕੇ ਰੋਟੀ, ਸਿਰ ਢਕਣ ਲਈ ਛੱਤ ਅਤੇ ਤਨ ਢਕਣ ਲਈ ਕਪੜਾ ਹਰੇਕ ਦੇ ਪਾਸ ਹੁੰਦਾ। ਭ੍ਰਿਸ਼ਟਾਚਾਰ ਤੋਂ ਰਹਿਤ ਇਸ ਦੇਸ਼ ਵੀ ਹਵਾ ਵਿਚ ਸਾਹ ਲੈਣ ਦੇ ਸੁਪਨਾ ਸੰਜੋ ਕੇ ਸ਼ਹੀਦਾਂ ਨੇ ਫਾਂਸੀ ਵਾਲੇ ਰੱਸੇ ਚੁੰਮ ਲਏ। ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦ ਅੱਜ ਆਪਣੀ ਕੁਰਬਾਨੀ ’ਤੇ ਨਿਰਾਸ਼ਾ ਜ਼ਾਹਿਰ ਕਰਦੇ ਹੋਣਗੇ ਕਿਉਂਕਿ ਅੱਜ ਦੇ ਆਜ਼ਾਦ ਭਾਰਤ ਵਿਚ ਜੋ ਕੁਝ ਹੋ ਰਿਹਾ ਹੈ ਉਸਨੂੰ ਸੋਚ ਕੇ ਉਨ੍ਹਾਂ ਕੁਰਬਾਨੀ ਨਹੀਂ ਸੀ ਦਿਤੀ। ਇਸ ਲਈ ਆਜ਼ਾਦੀ ਦੇ ਜਸ਼ਨ ਜੋ ਅਸੀਂ ਮਨਾਉਂਦੇ ਹਾਂ ਉਹ ਦੇਸ਼ ਦੇ ਅਮੀਰ ਲੋਕਾਂ ਦੀ ਖਾਹਿਸ਼ ਹੈ ਅਤੇ ਰਾਜਨੀਤਿਕ ਲੋਕ ਉਸ ’ਤੇ ਆਪਣਾ ਚਸਕਾ ਪੂਰਾ ਕਰਦੇ ਹਨ। ਸਹੀ ਅਰਥਾਂ ਵਿਚ ਆਜ਼ਾਦੀ ਦਾ ਦਿਹਾੜਾ ਉਸ ਦਿਨ ਅਸੀਂ ਮਨਾਉਣ ਦੇ ਲਾਇਕ ਹੋਵਾਂਗੇ ਜਦੋਂ ਗਰੀਬ ਦੇ ਮੂੰਹ ਵਿਚ ਆਸਾਨੀ ਨਾਲ ਦੋ ਵਕਤ ਦਾ ਨਿਵਾਲਾ ਹੋਵੇਗਾ ਅਤੇ ਦੇਸ਼ ਅੰਦਰ ਕੋਈ ਵੀ ਭੁੱਖਾ ਨਹੀਂ ਸੋਏਗਾ। ਅੱਜ ਅਮੀਰੀ ਅਤੇ ਗਰੀਬੀ ਦਾ ਪਾੜਾ ਦਿਨੋ-ਦਿਨ ਵਧ ਰਿਹਾ ਹੈ। ਜਾਤ-ਪਾਤ ਦਾ ਭੂਤ ਇਕ ਵਾਰ ਫਿਰ ਤੋਂ ਬੋਤਲ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਬੇ-ਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਨਾ ਮਿਲਣ ਕਾਰਨ ਉਹ ਨਸ਼ੇ ਦੇ ਗੁਲਾਮ ਹੋ ਕੇ ਅਪਰਾਧੀ ਬਣ ਰਹੇ ਹਨ। ਗਰੀਬ ਬੱਚੇ ਸਕੂਲਾਂ ਦੀ ਥਾਂ ਸੜਕਾਂ ’ਤੇ ਕਮਾਈ ਕਰਦੇ ਨਜ਼ਰ ਆਉਂਦੇ ਹਨ। ਅਜਿਹੀ ਆਜ਼ਾਦੀ ਦਾ ਸੁਪਨਾ ਸਾਡੇ ਦੇਸ਼ ਦੇ ਮਹਾਂ ਨਾਇਕਾਂ ਦਾ ਨਹੀਂ ਸੀ। ਇਸ ਲਈ ਅਸੀਂ ਉਸ ਦਿਨ ਆਜ਼ਾਦ ਹੋਵਾਂਗੇ ਜਦੋਂ ਦੇਸ਼ ਦਾ ਆਮ ਨਾਗਰਿਕ ਆਪਣੀ ਗੱਲ ਕਹਿਣ ਲਈ ਆਜ਼ਾਦ ਹੋਵੇਗਾ। ਮਜ਼ਦੂਰ ਆਪਣਾ ਹੱਕ ਹਾਸਲ ਕਰਨ ਦੀ ਹਿੰਮਤ ਦਿਖਾਏਗਾ ਅਤੇ ਅਫਸਰਸ਼ਾਹੀ ਤੇ ਰਾਜਨੀਤਿਕ ਲੋਕ ਆਮ ਪਬਲਿਕ ਲਈ ਜਵਾਬਦੇਹ ਹੋਣਗੇ। ਅੱਜ ਦੇਸ਼ ਵਿਚੋਂ ਭ੍ਰਿਸਟਾਚਾਰ ਖਤਮ ਕਰਵਾਉਣ ਲਈ ਸਿਰਫ ਬਿਆਨਬਾਜ਼ੀ ਹੁੰਦੀ ਹੈ। ਪਰ ਨਗਾਰ ਖਾਨੇ ਵਿਚ ਬੋਲਦੀ ਤੂਤੀ ਨੂੰ ਕੌਨ ਸੁਣਦਾ ਹੈ। ਭ੍ਰਿਸ਼ਟਾਚਾਰ ਸਾਡੇ ਦੇਸ਼ ਦੇ ਰਾਜਨੇਤਾਵਾਂ ਅਤੇ ਅਫਸਰਸ਼ਾਹੀ ਦੇ ਖੂਨ ਵਿਚ ਰਲ ਚੁੱਕਾ ਹੈ। ਇਸ ਲਈ ਜੇਕਰ ਇਸ ਸਾਰੀ ਨਫਰੀ ਦਾ ਖੂਨ ਹੀ ਬਦਲੀ ਕਰਵਾ ਦਿਤਾ ਜਾਵੇ ਤਾਂ ਭਾਵੇਂ ਇਹ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਲੇ ਪਾਸੇ ਕੁਝ ਸੋਚ ਸਕਣ। ਅੱਜ ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਨਸ਼ੇ ਦੀ ਗੁਲਾਮੀ ਤੋਂ ਆਾਜ਼ਾਦ ਕਰਵਾਉਣ ਲਈ ਹੋਰ ਵੱਡੀ ਲੜਾਈ ਦੀ ਜਰੂਰਤ ਹੈ। ਇਹ ਜੰਗ ਪਹਿਲਾਂ ਨਾਲੋਂ ਔਖੀ ਅਤੇ ਲੰਬੀ ਹੋਵੇਗੀ ਕਿਉਂਕਿ ਇਸ ਲੜਾਈ ਵਿਚ ਦੁਸ਼ਮਣ ਕੋਈ ਬਾਹਰੀ ਨਹੀਂ ਸਗੋਂ ਸਾਡੇ ਆਪਣੇ ਹੀ ਹਨ ਅਤੇ ਇਹ ਉਹ ਲੋਕ ਹਨ ਜਿਨ੍ਹਾਂ ਦੇ ਹਵਾਲੇ ਸਾਡੇ ਸ਼ਹੀਦ ਦੇਸ਼ ਨੂੰ ਖੁਸ਼ਹਾਲ ਕਰਨ ਦੇ ਇਰਾਦੇ ਨਾਲ ਵਾਗਡੋਰ ਸੰਭਾਲ ਗਏ ਸਨ। ਸਿਰਫ ਤਿਰੰਗਾ ਝੰਡਾ ਲਹਿਰਾ ਕੇ ਆਜ਼ਾਦੀ ਨਾਲ ਸੰਬੰਧਤ ਦੇਸ਼ ਭਗਤੀ ਦੇ ਗੀਤ ਗੁਣਗੁਨਾ ਕੇ ਅਸੀਂ ਆਜ਼ਾਦੀ ਦਾ ਅਹਿਸਾਸ ਨਹੀਂ ਕਰ ਸਕਦੇ। ਆਜ਼ਾਦੀ ਦਾ ਅਹਿਸਾਸ ਜਦੋਂ ਆਮ ਨਾਗਰਿਕ ਮਹਿਸੂਸ ਕਰ ਸਕੇਗਾ ਉਦੋਂ ਹੀ ਅਸੀਂ ਆਜ਼ਾਦ ਭਾਰਤ ਵਿਚ ਆਜ਼ਾਦ ਹੋਣ ਦਾ ਫਖਰ ਮਹਿਸੂਸ ਕਰ ਸਕਾਂਗੇ। ਪਰ ਅੱਜ ਦੀ ਸਥਿਤੀ ਇਹ ਹੈ ਕਿ ਭਾਵੇਂ ਅਸੀਂ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਮਨਾ ਰਹੇ ਹਾਂ ਪਰ ਇਕ ਵਾਰ ਹਰ ਕੋਈ ਇਹ ਸੋਚਦਾ ਜਰੂਰ ਹੈ ਕਿ ਅਸੀਂ ਸੱਚ-ਮੁੱਚ ਆਜ਼ਾਦ ਹਾਂ?
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here