- ਲੋਕ ਸੇਵਾ ਲਈ ਅਹਿਮਦਗੜ੍ਹ ਵੈਲਫੇਅਰ ਕਲੱਬ ਨੂੰ ਐਂਬੂਲੈਂਸ ਦੇਣ ਦਾ ਕੀਤਾ ਐਲਾਨ
ਅਹਿਮਦਗੜ੍ਹ-ਮਾਲੇਰਕੋਟਲਾ, 17 ਅਗਸਤ ( ਵਿਕਾਸ ਮਠਾੜੂ, ਅਸ਼ਵਨੀ )- ਮਾਲਵੇ ਵਿੱਚ ਸਿਹਤ ਸਹੂਲਤਾਂ ਦੀ ਹਾਲਤ ਬਹੁਤ ਹੀ ਮਾੜੀ ਹੈ | ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਤੇ ਹੋਰ ਸਟਾਫ ਦੀ ਬਹੁਤ ਵੱਡੀ ਘਾਟ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਨੇ ਇੱਥੇ ਅਹਿਮਦਗੜ੍ਹ ਵੈਲਫੇਅਰ ਕਲੱਬ ਵੱਲੋਂ ਲਾਏ ਗਏ ਵਿਸ਼ਾਲ ਖੂਨਦਾਨ ਕੈਂਪ ਵਿੱਚ ਹਿੱਸਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਇਸ ਮੌਕੇ ਸ. ਸੰਧੂ ਨੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਲੋਕ ਸੇਵਾ ਹਿੱਤ ਕਲੱਬ ਨੂੰ ਇੱਕ ਐਂਬੂਲੈਂਸ ਭੇਂਟ ਕਰਨ ਦਾ ਐਲਾਨ ਵੀ ਕੀਤਾ |
ਸ. ਸੰਧੂ ਨੇ ਕਲੱਬ ਵੱਲੋਂ ਖੂਨਦਾਨ ਕੈਂਪ ਲਾਉਣ ਦੇ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿਸਵਾਰਥ ਭਾਵਨਾ ਨਾਲ ਲੋਕ ਸੇਵਾ ਵਿੱਚ ਲੱਗੇ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਹੌਂਸਲਾ ਅਫਜਾਈ ਲਈ ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਕਲੱਬ ਨੂੰ ਐਂਬੂਲੈਂਸ ਭੇਂਟ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਨਿਸਵਾਰਥ ਭਾਵਨਾ ਨਾਲ ਲੋਕ ਸੇਵਾ ਵਿੱਚ ਲੱਗੇ ਕਲੱਬ ਦੇ ਮੈਂਬਰਾਂ ਨੂੰ ਲੋੜਵੰਦਾਂ ਦੀ ਸਹਾਇਤਾ ਕਰਨ ਵਿੱਚ ਸਹੂਲਤ ਮਿਲ ਸਕੇ | ਸ. ਸੰਧੂ ਨੇ ਕਿਹਾ ਕਿ ਹਰ ਨਾਗਰਿਕ ਲਈ ਸਿੱਖਿਆ ਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨਾ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਹੰਦੀ ਹੈ ਪਰ ਜਿਹੋ ਜਿਹੀਆਂ ਮਾਲਵੇ ਵਿੱਚ ਸਿਹਤ ਸਹੂਲਤਾਂ ਹਨ, ਉਨ੍ਹਾਂ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਸਰਕਾਰ ਆਪਣੀਆਂ ਮੁੱਢਲੀਆਂ ਜਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਵੀ ਨਾਕਾਮ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ਵਿੱਚ ਖਾਲੀ ਪਈਆਂ ਡਾਕਟਰਾਂ ਅਤੇ ਹੋਰ ਸਟਾਫ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਹਸਪਤਾਲਾਂ ਵਿੱਚ ਲੋੜੀਦੀਆਂ ਮਸ਼ੀਨਾ, ਸਹਾਇਕ ਉਪਕਰਨਾਂ ਅਤੇ ਹੋਰ ਪ੍ਰਬੰਧਾਂ ਨੂੰ ਸੁਚਾਰੂ ਕੀਤਾ ਜਾਵੇ, ਤਾਂ ਜੋ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਆਉਣ ਵਾਲੇ ਲੋੜਵੰਦਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਲਈ ਮਜਬੂਰ ਨਾ ਹੋਣਾ ਪਵੇ | ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੀ ਸੋਚ ਸਿਹਤਮੰਦ ਪੰਜਾਬ-ਖੁਸ਼ਹਾਲ ਪੰਜਾਬ ਬਣਾਉਣ ਦੀ ਹੈ | ਇਸੇ ਕਰਕੇ ਕੈਂਸਰ ਮਰੀਜਾਂ ਦੀ ਪਹਿਚਾਣ ਲਈ ਕੈਂਪ ਲਗਾਉਣ ਦੀ ਤਜਵੀਜ ਵੀ ਪਾਰਟੀ ਵੱਲੋਂ ਕਲੱਬ ਨੂੰ ਪੇਸ਼ ਕੀਤੀ ਗਈ ਹੈ, ਤਾਂ ਜੋ ਪੀੜਿਤ ਮਰੀਜਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਇਲਾਜ ਵਿੱਚ ਮੱਦਦ ਕੀਤੀ ਜਾ ਸਕੇ ਅਤੇ ਪੰਜਾਬ ਨੂੰ ਕੈਂਸਰ ਮੁਕਤ ਸਿਹਤਮੰਦ ਪੰਜਾਬ ਬਣਾਇਆ ਜਾ ਸਕੇ |
ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਮਾਸਟਰ ਕਰਨੈਲ ਸਿੰਘ ਨਾਰੀਕੇ, ਹਰਦੀਪ ਸਿੰਘ ਨਾਰੀਕੇ, ਸੰਜੀਵ ਕੁਮਾਰ, ਕੁਲਦੀਪ ਸੂਦ, ਰਿਕਸ਼ੀ ਸ਼ਰਮਾ, ਐਸ.ਪੀ. ਸਿੰਘ ਸੋਫ਼ਤ, ਲੱਖਾ ਸਿੰਘ, ਮਨਿੰਦਰ ਸਿੰਘ, ਜਸਪ੍ਰੀਤ ਸਿੰਘ, ਬਲਵੀਰ ਸਿੰਘ, ਪਲਵਿੰਦਰ ਸਿੰਘ, ਲਾਲੂ ਬਾਬਾ, ਦਲਜੀਤ ਸਿੰਘ, ਪਲਵਿੰਦਰ ਸਿੰਘ ਚੀਮਾ, ਦਰਸ਼ਨ ਸਿੰਘ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਵੀ ਹਾਜਰ ਸਨ |