ਰਾਏਕੋਟ, 4 ਸਿਤੰਬਰ ( ਬੌਬੀ ਸਹਿਜਲ, ਧਰਮਿੰਦਰ )-ਥਾਣਾ ਸਦਰ ਰਾਏਕੋਟ ਅਤੇ ਥਾਣਾ ਸਿੱਧਵਾਂਬੇਟ ਦੀਆਂ ਪੁਲਿਸ ਪਾਰਟੀਆਂ ਵੱਲੋਂ ਦੋ ਵਿਅਕਤੀਆਂ ਨੂੰ 20 ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਥਾਣਾ ਸਦਰ ਰਾਏਕੋਟ ਤੋਂ ਹੌਲਦਾਰ ਬੂਟਾ ਖਾਨ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਟੀ ਪੁਆਇੰਟ ਮਹਾਰਾਜਾ ਦਲੀਪ ਸਿੰਘ ਦੀ ਕੋਠੀ ਬਸੀਆਂ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਸੀ ਕਿ ਰਾਕੇਸ਼ ਕੁਮਾਰ ਵਾਸੀ ਭਗਵਾਨ ਮਹਾਵੀਰ ਸਕੂਲ ਰਾਏਕੋਟ ਠੇਕਾ ਸ਼ਰਾਬ ਦੇਸੀ ਅਤੇ ਅੰਗਰੇਜ਼ੀ ਬਾਹਰਲੇ ਰਾਜਾਂ ਤੋਂ ਸਸਤੇ ਭਾਅ ’ਤੇ ਲਿਆ ਕੇ ਰਾਏਕੋਟ ਇਲਾਕੇ ਦੇ ਲੋਕਾਂ ਨੂੰ ਮਹਿੰਗੇ ਭਾਅ ’ਤੇ ਵੇਚਦਾ ਹੈ। ਜੋ ਰਾਏਕੋਟ ਤੋਂ ਪਿੰਡ ਸੀਲੋਆਣੀ ਵੱਲ ਮੋਟਰਸਾਈਕਲ ਪਲਟੀਨਾ ਵੱਲ ਸ਼ਰਾਬ ਲੈ ਕੇ ਜਾ ਰਿਹਾ ਹੈ। ਇਸ ਸੂਚਨਾ ’ਤੇ ਪਿੰਡ ਸੀਲੋਆਣੀ ’ਚ ਨਾਕਾਬੰਦੀ ਕਰਕੇ ਰਾਕੇਸ਼ ਕੁਮਾਰ ਨੂੰ ਨਾਜਾਇਜ਼ ਸ਼ਰਾਬ ਦੇ 2 ਪੇਟੀਆਂ ਸਮੇਤ ਕਾਬੂ ਕੀਤਾ ਗਿਆ। ਉਸਦੀ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਉਸ ਦੇ ਘਰੋਂ ਵੱਖ-ਵੱਖ ਮਾਰਕਾ ਦੀਆਂ 12 ਦੇ ਕਰੀਬ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਥਾਣਾ ਸਿੱਧਵਾਂਬੇਟ ਦੇ ਏ.ਐਸ.ਆਈ ਰਾਜ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਕਿਸ਼ਨਪੁਰਾ ਚੌਕ ਸਿੱਧਵਾਂਬੇਟ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਚਮਕੌਰ ਸਿੰਘ ਉਰਫ ਕਾਕਾ ਵਾਸੀ ਪਿੰਡ ਸ਼ੇਰੇਵਾਲ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਕਰਦਾ ਹੈ। ਜੋ ਆਪਣੇ ਬੁਲਟ ਮੋਟਰਸਾਈਕਲ ’ਤੇ ਪਿੰਡ ਖੁਰਸ਼ੈਦਪੁਰਾ ਰਾਹੀਂ ਸਿੱਧਵਾਂਬੇਟ ਵੱਲ ਜਾ ਰਿਹਾ ਸੀ। ਇਸ ਸੂਚਨਾ ’ਤੇ ਪੁਲ ਨਾਲਾ ਸਿੱਧਵਾਂਬੇਟ ’ਤੇ ਨਾਕਾਬੰਦੀ ਕਰਕੇ ਉਸ ਨੂੰ 70 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਸਿੱਧਵਾਂਬੇਟ ਵਿਖੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।