ਜਗਰਾਉਂ, 19 ਅਗਸਤ ( ਲਿਕੇਸ਼ ਸ਼ਰਮਾਂ )-ਸ਼੍ਰੀਮਤੀ ਤਾਰਾ ਦੇਵੀ ਜਿੰਦਲ ਆਰੀਆ ਵਿਦਿਆ ਮੰਦਰ ਸਕੂਲ ਵਿਖੇ ਪ੍ਰਿੰਸੀਪਲ ਨਿਧੀ ਗੁਪਤਾ ਦੀ ਅਗਵਾਈ ਹੇਠ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਸਾਰੀਆਂ ਵਿਦਿਆਰਥਣਾਂ ਰੰਗ-ਬਿਰੰਗੇ ਪੰਜਾਬੀ ਸੂਟਾਂ ਵਿੱਚ ਪਹੁੰਚੀਆਂ ਅਤੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਝਲਕ ਪੇਸ਼ ਕੀਤੀ। ਇਸ ਮੌਕੇ ਬੱਚਿਆਂ ਨੇ ਤੀਜ ਦੇ ਤਿਉਹਾਰ ਨਾਲ ਸਬੰਧਿਤ ਵੱਖ-ਵੱਖ ਸੱਭਿਆਚਾਰਕ ਗੀਤਾਂ ’ਤੇ ਸ਼ਾਨਦਾਰ ਕੋਰੀਓਗ੍ਰਾਫੀ ਪੇਸ਼ ਕੀਤੀ। ਅੰਤ ਵਿੱਚ ਪੰਜਾਬ ਦਾ ਮਾਣ ਗਿੱਧਾ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਨਿਧੀ ਗੁਪਤਾ ਨੇ ਤੀਜ ਤਿਉਹਾਰ ਦੇ ਪੁਰਾਤਨ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਦੀ ਆਧੁਨਿਕਤਾ ਦੀ ਦੌੜ ਵਿੱਚ ਅਸੀਂ ਆਪਣੇ ਪੁਰਾਤਨ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਆਪਣੇ ਅਮੀਰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਦੇ ਹੋਏ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਹਵਾਲੇ ਕਰਨਾ ਸਾਡਾ ਫਰਜ਼ ਹੈ। ਇਸ ਮੌਕੇ ਸਮੂਹ ਵਿਦਿਆਰਥੀਆਂ ਨੂੰ ਖੀਰ ਪੂੜੇ ਪਰੋਸੇ ਗਏ। ਅੰਤ ਵਿੱਚ ਅਧਿਆਪਕਾਂ ਅਤੇ ਵਿਦਿਆਰਥਣਾਂ ਵੱਲੋਂ ਗਿੱਧਾ ਪਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।