ਭਾਰਤ ਵਿਚ ਦੋ ਦਿਨਾਂ ਦਾ ਜੀ-20 ਸ਼ਿਖਰ ਸੰਮੇਲਨ ਹੋ ਰਿਹਾ ਹੈ। ਜਿਸ ਵਿਚ ਦੁਨੀਆ ਭਰ ਦੇ ਵੱਡੇ ਵਿਕਸਿਤ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ਿਰਕਤ ਕਰਨ ਲਈ ਭਾਰਤ ਆ ਰਹੇ ਹਨ। ਇਹ ਸਾਡੇ ਲਈ ਇਤਿਹਾਸਕ ਹੈ ਅਤੇ ਗੌਰਵ ਦੇ ਪਲ ਹਨ। ਵੈਸੇ ਵੀ ਭਾਰਤ ਦੁਨੀਆਂ ਭਰ ਵਿਚ ਸ਼ਾਨਦਾਰ ਮੇਜ਼ਬਾਨੀ ਲਈ ਮੰਨਿਆ ਜਾਂਦਾ ਹੈ ਅਤੇ ਇਹ ਸਾਡੀ ਪੁਰਾਤਨ ਪ੍ਰੰਪਰਾ ਵੀ ਹੈ ਕਿ ਭਾਰਤਵਾਸੀ ਆਪਣੇ ਮਹਿਮਾਨ ਦੀ ਮਹਿਮਾਨਨਿਵਾਜੀ ਹਮੇਸ਼ਾ ਕਰਦੇ ਹਨ। ਅਸੀਂ ਸਾਰੇ ਅੱਜ ਵੀ ਇਸ ਪਰੰਪਰਾ ਦਾ ਪਾਲਣ ਕਰਦੇ ਹਾਂ। ਭਾਰਤ ਵਿਚ ਹੋ ਰਹੇ ਜੀ-20 ਸੰਮੇਲਨ ਦੀਆਂ ਤਿਆਰੀਆਂ ਪੂਰੇ ਜੋਸ਼ ਨਾਲ ਕੀਤੀਆਂ ਗਈਆਂ ਹਨ। ਇਸ ਸੰਮੇਲਨ ਦੌਰਾਨ ਵਿਕਸਿਤ ਦੇਸ਼ ਇਕ ਮੰਚ ’ਤੇ ਬੈਠ ਕੇ ਵਿਸ਼ਵ ਪੱਧਰ ’ਤੇ ਸੰਭਾਵਨਾਵਾਂ ਅਤੇ ਮੁਸ਼ਕਿਲਾਂ ’ਤੇ ਚਰਚਾ ਕਰਨਗੇ। ਇਸ ਸੰਮੇਲਨ ਦੇ ਖਤਮ ਹੋਣ ਤੋਂ ਬਾਅਦ ਇਸ ਤੋਂ ਕਈ ਅਰਥ ਨਿਕਲਣਗੇ। ਜਿੱਥੇ ਵਿਸ਼ਵ ਵਪਾਰ ਵਧਾਉਣ ਅਤੇ ਅੱਤਵਾਦ ਨੂੰ ਖਤਮ ਕਰਨ ਵਰਗੇ ਭਾਗੀਦਾਰ ਦੇਸ਼ਾਂ ਵਿਚ ਇਹ ਸੰਮੇਲਨ ਕੇਂਦਰ ਬਿੰਦੂ ਹੋਵੇਗਾ। ਉਥੇ ਦੁਸ਼ਮਣੀ ਅਤੇ ਇਕ ਦੂਸਰੇ ਦੇਸ਼ ਖਿਲਾਫ ਸਰਹੰਦਾਂ ਨੂੰ ਲੈ ਕੇ ਪੈਦਾ ਕੀਤੇ ਦਾ ਰਹੇ ਵਿਵਾਦਾਂ ਦੇ ਨਾਲ-ਨਾਲ ਸੁਰੱਖਿਆ ਨੂੰ ਲੈ ਕੇ ਵੀ ਗੰਭੀਰ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਸੰਮੇਲਨ ਵਿਚ ਰੂਸ ਅਤੇ ਚੀਨ ਦੇ ਪ੍ਰਧਾਨ ਮੰਤਰੀਆਂ ਦੀ ਗੈਰਹਾਜ਼ਰੀ ਕਈ ਸਵਾਲ ਖੜ੍ਹੇ ਕਰਦੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਲਗਭਗ ਡੇਢ ਸਾਲ ਤੋਂ ਜੰਗ ਚੱਲ ਰਹੀ ਹੈ। ਸਿੱਧੇ ਤੌਰ ’ਤੇ ਨਹੀਂ ਪਰ ਅਮਰੀਕਾ, ਫਰਾਂਸ ਅਤੇ ਇੰਗਲੈਂਡ ਵਰਗੇ ਕਈ ਦੇਸ਼ ਪਿਛਲੇ ਦਰਵਾਜ਼ੇ ਤੋਂ ਇਸ ਜੰਗ ਵਿਚ ਯੂਕਰੇਨ ਦੀ ਹਰ ਪ੍ਰਕਾਰ ਨਾਲ ਸਹਾਇਤਾ ਕਰ ਰਹੇ ਹਨ। ਜਿੱਥੋਂ ਤੱਕ ਚੀਨ ਦੀ ਗੱਲ ਹੈ, ਚੀਨ ਇਸ ਤੋਂ ਪਹਿਲਾਂ ਦੂਜੇ ਦੇਸ਼ਾਂ ਵਿੱਚ ਹੋਏ ਸਿਖਰ ਸੰਮੇਲਨਾਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਾ ਰਿਹਾ ਹੈ ਪਰ ਭਾਰਤ ਵਿੱਚ ਹੋ ਰਹੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਰਿਹਾ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਾ ਨਾ ਪਹੁੰਚਣਾ ਇਸ ਕਾਨਫਰੰਸ ਦੀ ਵੱਡੀ ਸਫਲਤਾ ਤੇ ਕਾਲੇ ਗ੍ਰਹਿਣ ਵਾਂਗ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇਕਰ ਰੂਸੀ ਰਾਸ਼ਟਰਪਤੀ ਪੁਤਿਨ ਇਸ ਕਾਨਫਰੰਸ ਵਿਚ ਸ਼ਾਮਲ ਹੁੰਦੇ ਤਾਂ ਯੂਕਰੇਨ ਨਾਲ ਜੰਗ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਸਕਦਾ ਸੀ ਅਤੇ ਸਦੀਵੀ ਸ਼ਾਂਤੀ ਦੀ ਸੰਭਾਵਨਾ ਬਣ ਸਕਦੀ ਸੀ। ਪਰ ਪੁਤਿਨ ਦਾ ਸ਼ਾਮਿਲ ਨਾ ਹੋਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਕਿਸੇ ਵੀ ਹਾਲਤ ਵਿੱਚ ਖਤਮ ਹੋਣ ਦੀ ਕਗਾਰ ’ਤੇ ਨਹੀਂ ਹੈ ਅਤੇ ਭਵਿੱਖ ਵਿੱਚ ਇਸ ਦੇ ਹੋਰ ਵੀ ਭਿਆਨਕ ਹੋਣ ਦੀ ਸੰਭਾਵਨਾ ਹੈ। ਦੂਜਾ ਚੀਨ ਦੇ ਪ੍ਰਧਾਨ ਮੰਤਰੀ ਦਾ ਨਾਂ ਆਉਣਾ ਭਾਰਤ ਅਤੇ ਚੀਨ ਵਿਚਾਲੇ ਵਧਦੀ ਕੁੜੱਤਣ ਅਤੇ ਵਧਦੀ ਦੂਰੀ ਦਾ ਕੀ ਸੰਕੇਤ ਹੈ ਕਿਉਂਕਿ ਚੀਨ ਭਾਰਤ ਦੇ ਕਈ ਹਿੱਸਿਆਂ ’ਤੇ ਆਪਣਾ ਅਧਿਕਾਰ ਦਿਖਾ ਰਿਹਾ ਹੈ ਅਤੇ ਨਕਸ਼ੇ ਉਜਾਗਰ ਕਰ ਕੇ ਭਾਰਤ ਦੇ ਕੁਝ ਮਹੱਤਵਪੂਰਨ ਹਿੱਸਿਆਂ ਨੂੰ ਚੀਨ ਦਾ ਹਿੱਸਾ ਐਲਾਨ ਰਿਹਾ ਹੈ। ਇਸ ਕਾਨਫਰੰਸ ’ਚ ਭਾਰਤ ਅਤੇ ਚੀਨ ਵਿਚਾਲੇ ਵਧਦੀ ਦੂਰੀ ਨੂੰ ਖਤਮ ਕਰਨ ਦੀ ਗੱਲ ਵੀ ਹੋ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ। ਜੀ-20 ਸ਼ਿਖਰ ਸੰਮੇਲਨ ਦੀ ਸਫਲਤਾ ਉਸ ਸਮੇਂ ਪੂਰੀ ਹੋ ਸਕਦੀ ਸੀ ਜਦੋਂ ਚੀਨ, ਰੂਸ ਸਮੇਤ ਹੋਰ ਦੇਸ਼ਾਂ ਬੁਲਾਏ ਗਏ ਸਾਰੇ ਮਾਣਯੋਗ ਸ਼ਾਮਿਲ ਹੋਣ ਲਈ ਪਹੁੰਚਦੇ ਅਤੇ ਭਾਰਤ ਵਿਚ ਉਨ੍ਹਾਂ ਸਭ ਦਾ ਕਿਸੇ ਵੀ ਤਰ੍ਹਾਂ ਦੇ ਮਤਭੇਦ ਨੂੰ ਇਕ ਪਾਸੇ ਰੱਖ ਕੇ ਭਾਰਤੀ ਪ੍ਰੰਪਰਾ ਅਨੁਸਾਰ ਦਿਲ ਤੋਂ ਸਵਾਗਤ ਹੁੰਦਾ ਕਿਉਂਕਿ ਅਜਿਹੇ ਮੌਕੇ ਘੱਟ ਮਿਲਦੇ ਹਨ ਜਿਥੇ ਇਸ ਤਰ੍ਵਾਂ ਸਾਰੇ ਵਿਕਸਿਲਤ ਦੇਸ਼ ਇਕ ਦੂਸਰੇ ਨਾਲ ਸਿਰ ਜੋੜ ਕੇ ਵਿਚਾਰਾਂ ਕਰਨ। ਇਸ ਸੰਮੇਲਨ ਵਿੱਚ ਦੁਨੀਆ ਭਰ ਵਿੱਚ ਫੈਲ ਰਹੇ ਅੱਤਵਾਦ ਨਾਲ ਨਜਿੱਠਣ ਲਈ ਇੱਕ ਠੋਸ ਰਣਨੀਤੀ ਤਿਆਰ ਕਰਨ ਦੀ ਲੋੜ ਹੈ ਤਾਂ ਜੋ ਅੱਤਵਾਦ ਨੂੰ ਰੋਕਿਆ ਜਾ ਸਕੇ। ਅੱਤਵਾਦ ਦਾ ਚਿਹਰਾ ਚਾਹੇ ਕਿਸੇ ਵੀ ਦੇਸ਼ ਵਿੱਚ ਕਿਉਂ ਨਾ ਹੋਵੇ, ਇਹ ਹਮੇਸ਼ਾ ਘਿਵਾਉਣਾ ਹੀ ਹੁੰਦਾ ਹੈ। ਦੂਸਰਾ ਇਸ ਸਮੇਂ ਨਸ਼ੇ ਅਤੇ ਗੈਰ-ਕਾਨੂੰਨੀ ਹਥਿਆਰਾਂ ਦਾ ਨਿਰਮਾਣ ਅਤੇ ਤਸਕਰੀ ਵੀ ਇੱਕ ਵੱਡਾ ਸਵਾਲ ਹੈ ਜਿਸਤੇ ਵਿਚਾਰ ਹੋਣੀ ਲਾਜਮੀ ਸੀ। ਭਾਰਤ ਵਰਗੇ ਦੇਸ਼ ਦਾ ਮਣਾਮੂੰਹੀ ਪੈਸਾ ਲੈ ਕੇ ਵਿਦੇਸ਼ਾਂ ਵਿਚ ਜਾ ਬੈਠੇ ਵੱਡੇ ਅਪਰਾਧੀਅਆੰ ਨੂੰ ਵੀ ਕਟਿਹਰੇ ਵਿਚ ਖੜਾ ਕਰਨ ਦੀ ਜਰੂਰਤ ਹੈ। ਕਿਸੇ ਵੀ ਦੇਸ਼ ਦਾ ਕੋਈ ਵੀ ਵਿਅਕਤੀ ਪੈਸਾ ਲੈ ਕੇ ਭੱਜਦਾ ਹੈ, ਕੋਈ ਵੱਡਾ ਅਪਰਾਧ ਕਰਕੇ ਭੱਜਦਾ ਹੈ ਤਾਂ ਉਨ੍ਹਾਂ ਨੂੰ ਉਸ ਦੇਸ਼ ਦੇ ਸਪੁਰਦ ਕਰਨ ਲਈ ਠੋਸ ਅਤੇ ਕਾਰਗਾਰ ਨੀਤੀ ਦੀ ਜਰੂਰਤ ਹੈ। ਹੁਣ ਤੱਕ ਅਜਿਹਾ ਹੁੰਦਾ ਆਇਆ ਹੈ ਕਿ ਇਸਦਾ ਪ੍ਰਬੰਧ ਹੋਣ ਦੇ ਬਾਵਜੂਦ ਵੀ ਅਜਿਗੇ ਅਪਰਾਧੀ ਲੋੌਕਾਂ ਨੂੰ ਉਸ ਦੇਸ਼ ਵਿਚ ਲਿਆਉਣ ਲਈ ਵੱਡੀ ਮੁਸ਼ਕੱਤ ਕਰਨੀ ਪੈਂਦੀ ਹੈ ਅਤੇ ਕਈ ਵਾਰੀ ਤਾਂ ਕਈ ਕਈ ਸਾਲ ਬਾਅਦ ਵੀ ਸਫਲਤਾ ਹੱਥ ਨਹੀਂ ਆਉਂਦੀ ਅਤੇ ਦੂਸਰੇ ਦੇਸ਼ ਉਨ੍ਹਾਂ ਅਪਰਾਧੀਆਂ ਦੇ ਹੱਕ ਵਿਚ ਹੀ ਖੜ੍ਹੇ ਹੋ ਜਾਂਦੇ ਹਨ। ਇਹ ਸਿਰਫ ਭਾਰਤ ਦੀ ਹੀ ਸਮਸਿਆ ਨਹੀਂ ਹੈ ਬਲਕਿ ਹੋਰਨਾਂ ਦੇਸ਼ਾਂ ਵਿਚ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹੇ ਮਸਲੇ ਇਸ ਤਰ੍ਹਾਂ ਦੇ ਸੰਮੇਲਨਾਂ ਵਿਚ ਹੀ ਵਿਚਾਰੇ ਜਾ ਸਕਦੇ ਹਨ। ਅਪਰਾਧੀ ਚਾਹੇ ਕਿਸੇ ਵੀ ਦੇਸ਼ ਦਾ ਹੋਵੇ, ਉਸ ਨੂੰ ਦੇਸ਼ ਵਿਚ ਉਸਨੂੰ ਕਾਨੂੰਨ ਅਨੁਸਾਰ ਸਜਾ ਮਿਲਣੀ ਤੈਅ ਕੀਤੀ ਜਾਵੇ ਨਾ ਕਿ ਉਸਨੂੰ ਸਪੁਰਦ ਕਰਨ ਸਮੇਂ ਕਿਸੇ ਦੇਸ਼ ਵਲੋਂ ਵੱਡੀਆਂ ਸ਼ਰਤਾਂ ਰੱਖੀਆਂ ਜਾਣ। ਜੇਕਰ ਅਜਿਹਾ ਹੁੰਦਾ ਹੈ ਤਾਂ ਦੁਨੀਆ ਭਰ ਤੋਂ ਅੱਤਵਾਦ ਅਤੇ ਅਜਿਹੇ ਲੁਟੇਰਿਆਂ ਦਾ ਪ੍ਰਭਾਵ ਘੱਟ ਜਾਵੇਗਾ ਕਿਉਂਕਿ ਉਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦਾ ਜੁਪਮ ਕਰਨ ਸਮੇਂ ਇਹ ਪਤਾ ਹੋਵੇਗਾ ਕਿ ਉਹ ਭੱਜ ਕੇ ਦੁਨੀਆਂ ਦੇ ਕਿਸੇ ਵੀ ਹਿੱਸੇ ਚ ਨਹੀਂ ਜਾ ਸਕੇਗਾ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਵਿਚ ਜੀ-20 ਸ਼ਿਖਰ ਸੰਮੇਲਨ ਜਿਸ ਮਕਸਦ ਨਾਲ ਹੋ ਰਿਹਾ ਹੈ, ਉਹ ਮਕਸਦ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦੇਣਾ ਹੈ ਅਤੇ ਉਪਰੋਕਤ ਸਾਰੀਆਂ ਅਹਿਮ ਗੱਲਾਂ ਤੇ ਵਿਚਾਰ ਕੀਤੀ ਜਾਵੇਗੀ ਤਾਂ ਇਸ ਕਾਨਫ਼ਰੰਸ ਰਾਹੀਂ ਅਸੀਂ ਦੁਨੀਆਂ ਭਰ ਵਿੱਚ ਆਪਣਾ ਪਰਚਮ ਲਹਿਰਾਉਣ ਵਿਚ ਸਫਲ ਹੋ ਸਕਾਂਗੇ।
ਹਰਵਿੰਦਰ ਸਿੰਘ ਸੱਗੂ।