ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਿੱਖਿਆ ਵਿੱਚ ਸੁਧਾਰ ਲਿਆਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਵੱਲ ਕਦਮ ਵਧਾਉਂਦੇ ਹੋਏ ਐਮੀਨੈਂਸ ਸਕੂਲ ਆਫ ਪੰਜਾਬ ਦਾ ਪਹਿਲਾ ਸਕੂਲ ਅਮਿ੍ਰਤਸਰ ਵਿਖੇ ਖੋਲਿ੍ਹਆ ਗਿਆ ਹੈ। ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਕੀਤਾ ਗਿਆ ਹੈ। ਇਸ ਸਕੂਲ ਵਿੱਚ ਉਹ ਸਾਰੀਆਂ ਅਤੇ ਵਿਸ਼ੇਸ਼ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਵਿੱਚ ਬੱਚਿਆਂ ਨੂੰ ਸ਼ੁਰੂ ਤੋਂ ਹੀ ਉਨ੍ਹਾਂ ਦੇ ਝੁਕਾਅ ਅਨੁਸਾਰ ਸਿੱਖਿਆ ਦਿੱਤੀ ਜਾਵੇਗੀ ਅਤੇ ਜੋ ਬੱਚੇ ਸਕੂਲ ਵਿੱਚ ਖੇਡਾਂ ਵੱਲ ਉਤਸਾਹਿਤ ਹੋਣਗੇ ਉਨ੍ਹਾਂ ਨੂੰ ਉਸੇ ਅਨੁਸਾਰ ਟਰੇਂਡ ਕੀਤਾ ਸਜਾਵੇਗਾ। ਪਹਿਲਾਂ ਦਿੱਲੀ ਵਿੱਚ ‘ਆਪ’ ਦੀ ਸਰਕਾਰ ਐਮੀਨੈਂਸ ਸਕੂਲ ਚਲਾ ਰਹੀ ਸੀ। ਹੁਣ ਪੰਜਾਬ ਵਿੱਚ ਵੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਐਮੀਨੈਂਸ ਸਕੂਲ ਖੋਲ੍ਹਣ ਦਾ ਐਲਾਨ ਕਰ ਰਹੀ ਹੈ। ਪੰਜਾਬ ਵਿੱਚ ਮੌਜੂਦਾ ਸਿੱਖਿਆ ਪ੍ਰਣਾਲੀ ਤੇ ਨਜਰ ਮਾਰੀ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਥੇ ਕੁਝ ਵੀ ਠੀਕ ਨਹੀਂ ਚੱਲ ਰਿਹਾ। ਪੰਜਾਬ ਵਿੱਚ ਪ੍ਰਾਇਮਰੀ ਅਤੇ ਮਿਡਲ ਤੱਕ ਦੇ ਸਕੂਲਾਂ ਦਾ ਬੁਰਾ ਹਾਲ ਹੈ ਅਤੇ ਵੱਡੀ ਗੱਲ ਇਹ ਹੈ ਕਿ ਪੰਜਾਬ ਦਾ ਮੂਲ ਨਿਵਾਸੀ ਕੋਈ ਵੀ ਵਿਅਕਤੀ ਜੋ ਥੋੜੀ ਬਹੁਤ ਹੈਸੀਅਤ ਰੱਖਦਾ ਲਹੈ ਉਹ ਆਪਣੇ ਬੱਚੇ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਦੀ ਬਜਾਏ ਪ੍ਰਾਇਵੇਟ ਸਕੂਲਾਂ ਨੂੰ ਤਰਜੀਹ ਦਿੰਦਾ ਹੈ। ਸਰਕਾਰੀ ਸਕੂਲਾਂ ਵਿੱਚ ਭਾਵੇਂ ਸਰਕਾਰ ਮਿਡ ਡੇ ਮੀਲ, ਵਰਦੀਆਂ ਅਤੇ ਮੁਫਤ ਕਿਤਾਬਾਂ ਤੱਕ ਮੁਹੱਈਆ ਕਰਵਾਉਂਦੀ ਹੈ। ਫਿਰ ਵੀ ਮਿਡਲ ਪੱਧਰ ਤੱਕ ਦੇ ਸਕੂਲਾਂ ਵਿੱਚ ਪੰਜਾਬ ਦੇ ਮੂਲ ਨਿਵਾਸੀ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ। ਇੱਥੇ ਵੱਡੀ ਗੱਲ ਇਹ ਹੈ ਕਿ ਹੁਣ ਇਨ੍ਹਾਂ ਸਕੂਲਾਂ ਵਿੱਚ ਪੰਜਾਬ ਦੇ ਬਾਹਰਲੇ ਰਾਜਾਂ ਤੋਂ ਲੋਕ ਆ ਕੇ ਆਪਣੇ ਬੱਚੇ ਪੜ੍ਹਾ ਰਹੇ ਹਨ ਅਤੇ ਉਹ ਸਾਰੀਆਂ ਸਰਕਾਰੀ ਸਹੂਲਤਾਂ ਹਾਸਿਲ ਕਰਦੇ ਹਨ। ਜੇਕਰ ਸਰਕਾਰ ਸੱਚਮੁੱਚ ਹੀ ਸਿੱਖਿਆ ਦਾ ਪੱਧਰ ਉੱਚਾ ਚੁੱਕਣਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਵਿੱਚ ਹਰ ਥਾਂ ’ਤੇ ਸਥਿਤ ਪ੍ਰਾਇਮਰੀ ਤੋਂ ਲੈ ਕੇ ਮਿਡਲ ਤੱਕ ਦੇ ਸਕੂਲਾਂ ਦੀ ਹਾਲਤ ਨੂੰ ਵੀ ਸੁਧਾਰਨਾ ਚਾਹੀਦਾ ਹੈ। ਜਿੱਥੋਂ ਤੱਕ ਆਂਗਣਵਾੜੀ ਸਕੂਲਾਂ ਦਾ ਸਵਾਲ ਹੈ ਤਾਂ ਆਂਗਣਵਾੜੀ ਸਕੂਲਾਂ ਦੀ ਹਾਲਤ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਤੋਂ ਵੀ ਖਰਾਬ ਹੈ। ਮੁੱਢਲੀਆਂ ਸਹੂਲਤਾਂ ਦੀ ਘਾਟ ਤੋਂ ਇਲਾਵਾ ਇਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਵੀ ਵੱਡੀ ਘਾਟ ਹੈ। ਜਦੋਂ ਕਿ ਹੋਰ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਵਧੀਆ ਡੈਸਕਾਂ ਤੇ ਬੈਠ ਕੇ ਪੜ੍ਹਦੇ ਹਨ ਅਤੇ ਬਹੁਤੇ ਸਰਕਾਰੀ ਸਕੂਲਾਂ ਵਿੱਚ ਅੱਜ ਵੀ ਵਿਦਿਆਰਥੀ ਹੇਠਾਂ ਬੈਠ ਕੇ ਪੜ੍ਹਦੇ ਹਨ। ਇਸ ਲਈ ਸਭ ਤੋਂ ਪਹਿਲਾਂ ਇਨ੍ਹਾਂ ਸਕੂਲਾਂ ਦੀ ਹਾਲਤ ਸੁਧਾਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਮੂਲ ਨਿਵਾਸੀ, ਜੋ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਲਈ ਮੋਟੀ ਰਕਮ ਖਰਚ ਕਰਦੇ ਹਨ, ਉਹ ਇਨ੍ਹਾਂ ਸਰਕਾਰੀ ਸਕੂਲਾਂ ਵੱਲ ਨੂੰ ਉਤਸਾਹਿਤ ਹੋ ਸਕਣ। ਬੱਚੇ ਦੇ ਚੰਗੇ ਭਵਿੱਖ ਲਈ ਉੱਚ ਸਿੱਖਿਆ ਦਾ ਅਹਿਮ ਯੋਗਦਾਨ ਹੁੰਦਾ ਹੈ। ਇਹ ਉਦੋਂ ਸੰਭਵ ਹੋਵੇਗਾ ਜਦੋਂ ਆਮ ਲੋਕ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਭੇਜਣਾ ਸ਼ੁਰੂ ਕਰ ਦੇਣਗੇ। ਸਾਰੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਹੋਣੀ ਚਾਹੀਦੀ ਹੈ ਅਤੇ ਫਰਨੀਚਰ ਹੋਣਾ ਚਾਹੀਦਾ ਹੈ। ਸਰਕਾਰੀ ਸਕੂਲਾਂ ਦਾ ਮਿਆਰ ਪ੍ਰਾਈਵੇਟ ਸਕੂਲਾਂ ਦੇ ਲੈਵਲ ਦਾ ਕਾਇਮ ਕੀਤਾ ਜਾਵੇ ਅਤੇ ਪੜ੍ਹਾਈ ਦੇ ਨਾਲ ਨਾਲ ਸ਼ੁਰੂ ਤੋਂ ਹੀ ਖੇਡਾਂ ਦੇ ਯੋਗ ਪ੍ਰਬੰਧ ਸਰਕਾਰੀ ਪੱਧਰ ਤੇ ਕੀਤੇ ਜਾਣ ਤਾਂ ਪੰਜਾਬ ਸੱਟਮੁੱਚ ਹੀ ਇਸੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਕਾਮਯਾਬ ਹੋ ਸਕੇਗਾ ਅਤੇ ਇਹ ਪੰਜਾਬ ਲਈ ਇਕ ਵੱਡਾ ਅਤੇ ਕ੍ਰਾਂਤੀਕਾਰੀ ਕਦਮ ਹੋਵੇਗਾ।
ਹਰਵਿੰਦਰ ਸਿੰਘ ਸੱਗੂ।