Home Chandigrah ਨਾਂ ਮੈਂ ਕਈ ਝੂਠ ਬੋਲਿਆ..?ਕੀ ਕੈਨੇਡਾ ਦੇ ਗੋਰੇ ਵੀ ਕੰਮ ਕਰਨ ਲਈ...

ਨਾਂ ਮੈਂ ਕਈ ਝੂਠ ਬੋਲਿਆ..?
ਕੀ ਕੈਨੇਡਾ ਦੇ ਗੋਰੇ ਵੀ ਕੰਮ ਕਰਨ ਲਈ ਭਾਰਤ ਆਉਂਦੇ ਹਨ ?

57
0


ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਿਹਾ ਵਿਵਾਦ ਇਸ ਸਮੇਂ ਗੰਭੀਰ ਪੜਾਅ ’ਤੇ ਪਹੁੰਚ ਚੁੱਕਾ ਹੈ। ਦੋਵਾਂ ਦੇਸ਼ਾਂ ਦੇ ਵਿਗੜ ਰਹੇ ਰਿਸ਼ਤੇ ਸਭ ਦੇ ਮੱਥੇ ’ਤੇ ਖਾਸ ਕਰਕੇ ਪੰਜਾਬੀਆਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਨੂੰ ਡੂੰਘਾ ਕਰ ਰਹੇ ਹਨ। ਜਿਵੇਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਕਾਂਡ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਬਾਰੇ ਬਿਆਨ ਦਿਤਾ ਤਾਂ ਉਸੇ ਸਮੇਂ ਵਿਵਾਦ ਸ਼ੁਰੂ ਹੋ ਗਿਆ। ਉਸਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਆਸੀ ਦਬਾਅ ਬਣਾਉਣ ਲਈ ਅਣਮਿੱਥੇ ਸਮੇਂ ਲਈ ਕਿਸੇ ਵੀ ਕੈਨੇਡੀਅਨ ਨਾਗਰਿਕ ਨੂੰ ਵੀਜ਼ਾ ਦੇਣ ਤੇ ਰੋਕ ਲਗਾਉਣ ਦਾ ਐਲਾਣ ਕਰ ਦਿਤਾ। ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਭਾਰਤ ਸਰਕਾਰ ਕਿਸੇ ਵੀ ਕੈਨੇਡੀਅਨ ਨਾਗਰਿਕ ਨੂੰ ਭਾਰਤ ਆਉਣ ਲਈ ਵੀਜ਼ਾ ਨਹੀਂ ਦੇਵੇਗੀ। ਭਾਵੇਂ ਕਿਹਾ ਜਾ ਰਿਹਾ ਹੈ ਕਿ ਇਹ ਭਾਰਤ ਦੀ ਕੂਟਨੀਤੀ ਦੀ ਰਾਜਨੀਤੀ ਦਾ ਹਿੱਸਾ ਹੈ। ਇੱਥੇ ਇੱਕ ਹੋਰ ਵੱਡਾ ਸਵਾਲ ਸਾਹਮਣੇ ਆਉਂਦਾ ਹੈ ਅਤੇ ਜਿਸਦਾ ਜਵਾਬ ਹਰ ਕੋਈ ਚਾਹੁੰਦਾ ਹੈ ਕਿ ਕੈਨੇਡੀਅਨ ਨਾਗਰਿਕ ਵੀ ਰੁਜ਼ਗਾਰ ਦੀ ਭਾਲ ਵਿੱਚ ਭਾਰਤ ਆਉਂਦੇ ਹਨ ? ਕਿੰਨੇ ਲੱਖ ਗੋਰੇ ਕੈਨੇਡਾ ਤੋਂ ਭਾਰਤ ਆ ਕੇ ਇਥੇ ਰਹਿ ਰਹੇ ਹਨ ਅਤੇ ਭਾਰਤ ਦੀ ਨਾਗਰਿਕਤਾ ਮੰਗ ਰਹੇ ਹਨ ਅਤੇ ਕਿੰਨੇ ਗੋਰਿਆਂ ਨੂੰ ਹੁਣ ਤੱਕ ਭਾਰਤ ਸਰਕਾਰ ਵਲੋਂ ਨਾਗਰਿਕਤਾ ਪ੍ਰਦਾਨ ਕਰ ਦਿਤੀ ਗਈ ਹੈ ? ਕਿੰਨੇ ਗੋਰੇ ਇਥੇ ਪੜ੍ਹਣ ਲਈ ਆਏ ਹੋਏ ਹਨ ਅਤੇ ਕਿੰਨੇ ਕੰਮ ਕਰ ਰਹੇ ਹਨ ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਪਹਿਲਾਂ ਹੀ ਨਜ਼ਰ ਵਿਚ ਹੀ ਹਰ ਕੋਈ ਨਾਂਹ ਵਿਚ ਦੇਵੇਗਾ। ਫਿਰ ਭਾਰਤ ਸਰਕਾਰ ਵੱਲੋਂ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਨਾ ਦੇਣ ਦਾ ਮਾਮਲਾ ਕਿਸੇ ਦੇ ਵੀ ਗਲੇ ਤੋਂ ਹੇਠਾਂ ਨਹੀਂ ਉੱਤਰ ਰਿਹਾ। ਭਾਰਤ ਸਰਕਾਰ ਵਲੋਂ ਜੋ ਇਹ ਹੁਕਮ ਸੁਣਾਏ ਗਏ ਹਨ ਉਹ ਸਾਡੇ ਭਾਰਤੀਅਆਾਂ ਖਾਸ ਕਰਕੇ ਪੰਜਾਬੀਆਂ ਦੇ ਹੀ ਖਿਲਾਫ ਹਨ ਕਿਉਂਕਿ ਜੇਕਰ ਦੁਨੀਆ ਭਰ ਦੇ ਪ੍ਰਵਾਸੀ ਕੈਨੇਡਾ ’ਚ ਆ ਕੇ ਰਹਿ ਰਹੇ ਹਨ ਜਾਂ ਹੁਣ ਵੀ ਉੱਥੇ ਪੜ੍ਹਾਈ ਜਾਂ ਰੋਜਹਾਰ ਦੀ ਤਲਾਸ਼ ਵਿਚ ਜਾ ਰਹੇ ਹੋ ਤਾਂ ਉਨ੍ਹਾਂ ’ਚੋਂ 80 ਫੀਸਦੀ ਪੰਜਾਬੀ ਹਨ ਅਤੇ ਜਿਹੜੇ ਪੰਜਾਬ ਦੇ ਹਨ। ਭਾਰਤ ਦੇ ਦੂਜੇ ਰਾਜਾਂ ਅਤੇ ਪੰਜਾਬ ਦੇ ਜੋ ਲੋਕ ਲੰਬੇ ਸਮੇਂ ਤੋਂ ਉੱਥੇ ਚਲੇ ਗਏ ਸਨ ਉਹ ਹੁਣ ਉੱਥੋਂ ਦੇ ਨਾਗਰਿਕ ਬਣ ਚੁੱਕੇ ਹਨ। ਉਹੀ ਕੈਨੇਡੀਅਨ ਨਾਗਰਿਕ ਭਾਰਤੀ ਜਾਂ ਪੰਜਾਬੀ ਹਰ ਸਾਲ ਇੱਥੇ ਆਪਣੇ ਪਰਿਵਾਰਾਂ ਨੂੰ ਮਿਲਣ ਜਾਂ ਖੁਸ਼ੀ ਗਮੀ ਦੇ ਪ੍ਰੋਗਰਾਮਾਂ ’ਚ ਹਿੱਸਾ ਲੈਣ ਲਈ ਆਉਂਦੇ ਹਨ ਅਤੇ ਉਨ੍ਹਾਂ ਦੇ ਆਉਣ ਨਾਲ ਕਈ ਕਾਰੋਬਾਰ ਵਧ-ਫੁੱਲ ਰਹੇ ਹਨ ਅਤੇ ਕਾਰੋਬਾਰੀ ਹਰ ਸਾਲ ਐਨ.ਆਰ.ਆਈ ਲੋਕਾਂ ਦੇ ਇੱਥੇ ਵਾਪਸ ਆਉਣ ਦਾ ਇੰਤਜ਼ਾਰ ਕਰਦੇ ਹਨ। ਹੁਣ ਜੇਕਰ ਭਾਰਤ ਆਪਣੇ ਹੀ ਲੋਕਾਂ ਨੂੰ ਆਪਣੇ ਦੇਸ਼ ਨਹੀਂ ਆਉਣ ਦਿੰਦਾ ਤਾਂ ਇਸ ਦਾ ਅਸਰ ਕਿਸ ਨੂੰ ਹੋਵੇਗਾ ? ਇਹ ਸੋਚਣ ਵਾਲੀ ਗੱਲ ਹੈ ਕਿ ਭਾਰਤ ਅਤੇ ਕੈਨੇਡਾ ਦੇ ਆਪਸੀ ਰਿਸ਼ਤਿਆਂ ਵਿੱਚ ਆਈ ਕੜਵਾਹਟ ਨਾਲ ਸਿਰਫ਼ ਪੰਜਾਬ ਦਾ ਹੀ ਨੁਕਸਾਨ ਹੋਵੇਗਾ। ਇੱਕ ਕਹਾਵਤ ਹੈ ਕਿ ਜੇਕਰ ਖਰਬੂਜ਼ਾ ਚਾਕੂ ਉੱਤੇ ਡਿੱਗਦਾ ਹੈ, ਜਾਂ ਚਾਕੂ ਖਰਬੂਜੇ ਤੇ ਡਿੱਗਦਾ ਹੈ ਤਾਂ ਵੱਢਿਆ ਖਰਬੂਜਾ ਹੀ ਜਾਵੇਗਾ । ਇਸ ਲਈ ਇਸ ਵਿਵਾਦ ਵਿੱਚ ਪੰਜਾਬ ਨੂੰ ਦੋਹਰੀ ਸੱਟ ਵੱਜੇਗੀ। ਵੀਜਾ ਸਲਾਹਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਸ ਵਿਵਾਦ ਦੇ ਚੱਲਦਿਆਂ ਕੈਨੇਡੀਅਨ ਅੰਬੈਸੀ ਨੇ ਵੱਡੇ ਪੱਧਰ ’ਤੇ ਉਥੇ ਪੜ੍ਹਣ ਲਈ ਗਏ ਹੋਏ ਆਪਣੇ ਬੱਚਿਆਂ ਨੂੰ ਮਿਲਣ ਲਈ ਉਥੇ ਜਾ ਰਹੇ ਲੋਕਾਂ ਦੇ ਟੂਰਿਸਟ ਵੀਜ਼ਾ ਫਾਈਲਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜਿਨ੍ਹਾਂ ਲੋਕਾਂ ਨੇ ਉੱਥੇ ਜਾਣ ਲਈ ਵੀਜ਼ੇ ਲਈ ਅਪਲਾਈ ਕੀਤਾ ਸੀ, ਉਹ ਰੱਦ ਹੋਣੇ ਸ਼ੁਰੂ ਹੋ ਗਏ ਹਨ। ਕੈਨੇਡੀਅਨ ਸਰਕਾਰ ਨੂੰ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਭਾਵੇਂ ਖੁੱਲ੍ਹੇ ਤੌਰ ਤੇ ਕੁਝ ਵੀ ਨਹੀਂ ਕਿਹਾ ਪਰ ਅੰਦਰੂਨੀ ਤੌਰ ਤੇ ਰੋਕ ਲਗਾਉਣੀ ਸ਼ੁਰੂ ਕਰ ਦਿਤੀ ਹੈ ਅਤੇ ਜਾਣ ਦੇ ਚਾਹਵਾਨ ਵਿਦਿਆਰਥੀਆਂ ਦਾ ਭਵਿੱਖ ਹੁਣ ਸਵਾਲਾਂ ਦੇ ਘੇਰੇ ’ਚ ਹੈ। ਇਸ ਇੱਕਲੇ ਕਦਮ ਨੇ ਪੰਜਾਬ ਨੂੰ ਹਰ ਪਾਸਿਓਂ ਬਰਬਾਦ ਕਰਨ ਦੀ ਨੀਂਹ ਰੱਖ ਦਿਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਕੈਨੇਡਾ ਜਾਣ ਦਾ ਚਾਹਵਾਨ ਉਹ ਲੋਕ ਹਨ ਜਿਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਹਨ ਜਾਂ ਉਹ ਬੱਚੇ ਜਾਂ ਜੋ ਬੱਚੇ ਆਪਣਾ ਭਵਿੱਖ ਬਣਾਉਣ ਦੀ ਸੋਚ ਲੈ ਕੇ ਕੈਨੇਡਾ ਜਾਣਾ ਚਾਹੁੰਦੇ ਹਨ ਜਾਂ ਕੈਨੇਡਾ ਦੇ ਉਹ ਨਾਗਰਿਕ ਜੋ ਲੰਮੇ ਸਮੇਂ ਤੋਂ ਉੱਥੇ ਜਾ ਚੁੱਕੇ ਹਨ, ਉਹ ਸਭ ਪ੍ਰਭਾਵਿਤ ਹੋਣਗੇ। ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਆਉਣ ਲਈ ਵੀਜ਼ਾ ਨਾ ਦੇਣ ਦਾ ਕਦਮ ਕੇਂਦਰ ਸਰਕਾਰ ਵੱਲੋਂ ਕੂਟਨੀਤਕ ਰਾਜਨੀਤੀ ਦੇ ਮਾਮਲੇ ਕਿਹਾ ਜਾ ਰਿਹਾ ਹੈ ਪਰ ਜੋ ਵੀ ਕਦਮ ਚੁੱਕੇ ਜਾ ਰਹੇ ਹਨ, ਉਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ। ਸਾਡੇ ਆਪਣੇ ਹੀ ਲੋਕਾਂ ਖਿਲਾਫ ਚੁੱਕੇ ਇਸ ਕਦਮ ਨਾਲ ਕੈਨੇਡਾ ਸਰਕਾਰ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਉਨ੍ਹਾਂ ਦਾ ਕੋਈ ਵੀ ਮੂਲ ਨਿਵਾਸੀ ਉਥੇ ਆ ਕੇ ਕੰਮ ਨਹੀਂ ਕਰਦਾ ਅਤੇ ਨਾ ਹੀ ਕੈਨੇਡਾ ਨਿਵਾਸੀ ਭਾਰਤ ਤੋਂ ਕੋਈ ਪੀ ਆਰ ਮੰਗਦਾ ਹੈ। ਇਸ ਦੇ ਉਲਟ ਸਾਡੇ ਲੱਖਾਂ ਬੱਚੇ ਉਥੇ ਬੈਠੇ ਹਨ। ਜੋ ਜਾ ਰਹੇ ਹਨ ਅਤੇ ਉਥੇ ਪੀ ਆਰ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਪਰਿਵਾਰ ਵੀ ਉਥੇ ਜਾ ਕੇ ਵਸਣਾ ਚਾਹੁੰਦੇ ਹਨ।ਇਸ ਲਈ ਸਾਨੂੰ ਅਜਿਹੇ ਕਦਮ ਉਠਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਜੋ ਕੈਨੇਡਾ ਸਰਕਾਰ ਦੇ ਖਿਲਾਫ ਘੱਟ ਅਤੇ ਸਾਡੇ ਆਪਣਿਆ ਦੇ ਖਿਲਾਫ ਹੀ ਵੱਧ ਜਾਂਦੇ ਹੋਣ। ਇਸ ਵਿਵਾਦ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here