Home ਧਾਰਮਿਕ ਐਸ.ਜੀ.ਪੀ.ਸੀ. ਚੋਣਾਂ ਲਈ 21 ਅਕਤੂਬਰ ਤੋਂ 15 ਨਵੰਬਰ ਤੱਕ ਹੋਵੇਗੀ ਵੋਟਰਾਂ ਦੀ...

ਐਸ.ਜੀ.ਪੀ.ਸੀ. ਚੋਣਾਂ ਲਈ 21 ਅਕਤੂਬਰ ਤੋਂ 15 ਨਵੰਬਰ ਤੱਕ ਹੋਵੇਗੀ ਵੋਟਰਾਂ ਦੀ ਰਜਿਸਟਰੇਸ਼ਨ

32
0

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਗੁਰਦੁਆਰਾ ਚੋਣ ਕਮਿਸ਼ਨ ਪੰਜਾਬ ਵੱਲੋਂ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ 1959 ਦੇ ਨਿਯਮ 6 ਤੋਂ 12 ਅਨੁਸਾਰ ਜ਼ਿਲ੍ਹੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਤਿਆਰ ਕਰਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਜ਼ਿਲ੍ਹੇ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਗੁਰਦੁਆਰਾ ਬੋਰਡ ਚੋਣ ਹਲਕੇ 60-ਫ਼ਤਹਿਗੜ੍ਹ ਸਾਹਿਬ, 61-ਬਸੀ ਪਠਾਣਾ ਤੇ 62-ਅਮਲੋਹ ਵਿੱਚ 21 ਅਕਤੂਬਰ ਤੋਂ 15 ਨਵੰਬਰ ਤੱਕ ਵੋਟਰਾਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਵੋਟਰ ਸੂਚੀ ਤਿਆਰ ਕਰਨ ਸਬੰਧੀ 26 ਦਸੰਬਰ ਤੱਕ ਦਾਅਵੇ ਤੇ ਇਤਰਾਜ ਦਿੱਤੇ ਜਾ ਸਕਦੇ ਹਨ ਅਤੇ 04 ਜਨਵਰੀ, 2024 ਨੂੰ ਦਾਅਵੇ ਤੇ ਇਤਰਾਜਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 05 ਦਸੰਬਰ ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 16 ਜਨਵਰੀ, 2024 ਨੂੰ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 21 ਸਾਲ ਤੋਂ ਵੱਧ ਉਮਰ ਦਾ ਕੇਸਾਧਾਰੀ ਸਿੱਖ ਜੋ ਆਪਣੀ ਦਾੜ੍ਹੀ ਜਾਂ ਕੇਸਾਂ ਨੂੰ ਕੱਟਦਾ ਨਾ ਹੋਵੇ, ਸ਼ੇਵ ਨਾ ਕਰਦਾ ਹੋਵੇ, ਸਿਗਰਟ, ਸ਼ਰਾਬ ਨਾ ਪੀਂਦਾ ਹੋਵੇ ਤੇ ਮਾਸ ਦਾ ਸੇਵਨ ਨਾ ਕਰਦਾ ਹੋਵੇ, ਜਿਥੇ ਉਹ ਰਹਿੰਦਾ ਹੈ, ਸਬੰਧਤ ਗੁਰਦੁਆਰਾ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਉਣ ਲਈ ਫਾਰਮ ਨੰ: 1 (ਕੇਸਾਧਾਰੀ ਸਿੱਖਾਂ ਲਈ) ਭਰ ਕੇ ਪਿੰਡ ਵਿੱਚ ਪਟਵਾਰੀਆਂ ਤੇ ਸ਼ਹਿਰਾਂ ਵਿੱਚ ਸਬੰਧਤ ਉਪ ਮੰਡਲ ਮੈਜਿਸਟਰੇਟ ਵੱਲੋਂ ਨਿਯੁਕਤ ਕੀਤੇ ਕਰਮਚਾਰੀਆਂ ਨੂੰ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੋਟ ਬਣਾਉਣ ਲਈ ਬਿਨੈਕਾਰਾਂ ਵੱਲੋਂ ਭਰੇ ਫਾਰਮ ਤੇ ਦਰਜ਼ ਵੋਟਰ ਦਾ ਨਾਮ, ਮਾਤਾ/ਪਿਤਾ/ਪਤੀ ਦਾ ਨਾਮ ਉਸ ਦੇ ਆਧਾਰ ਕਾਰਡ ਜਾਂ ਸ਼ਨਾਖਤੀ ਕਾਰਡ ਨਾਲ ਮਿਲਾ ਕੇ ਉਸ ਦੀ ਤਸਦੀਕ ਅਤੇ ਪੁਸ਼ਟੀ ਕੀਤੀ ਜਾਵੇਗੀ ਅਤੇ ਫਾਰਮ ਤੇ ਆਧਾਰ ਕਾਰਡ ਜਾਂ ਸ਼ਨਾਖਤੀ ਕਾਰਡ ਦਾ ਨੰਬਰ ਲਿਖਿਆ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਫਾਰਮ ਬਿਨੈਕਾਰ ਪਾਸੋਂ ਨਿੱਜੀ ਰੂਪ ਵਿੱਚ ਹੀ ਲਏ ਜਾਣਗੇ ਅਤੇ ਬੰਡਲਾਂ ਦੇ ਰੂਪ ਵਿੱਚ ਫਾਰਮ ਪ੍ਰਾਪਤ ਨਹੀਂ ਕੀਤੇ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਸ਼ਡਿਊਲ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ www.fatehgarhsahib.nic.in ਤੇ ਉਪਲਬਧ ਕਰਵਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here