ਗੁਰੂ ਕਾ ਬਾਗ (ਰਾਜੇਸ ਜੈਨ) ਬੀਤੀ ਸ਼ਾਮ ਤਹਿਸੀਲ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਤੇੜਾ ਕਲਾਂ ਦੇ ਇਕ ਨੌਜਵਾਨ ਦੀ ਨਸ਼ੇ ਵਾਲਾ ਟੀਕਾ ਲਾਉਣ ਕਾਰਨ ਮੌਤ ਹੋ ਗਈ। ਜਿਸ ਦੀ ਲਾਸ਼ ਨੇੜਲੇ ਪਿੰਡ ਕਿਆਂਮਪੁਰ ਵਿਖੇ ਇੱਕ ਦਰੱਖਤ ਹੇਠੋਂ ਮਿਲੀ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਦਾਦੇ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਰੇ ਭਰਾ ਦਾ ਪੋਤਰਾ ਜਿਸ ਦਾ ਨਾਂ ਗੁਰਸੇਵਕ ਸਿੰਘ (25) ਪੁੱਤਰ ਤਰਲੋਚਨ ਸਿੰਘ ਹੈ ਤੇ ਇਸ ਦੇ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਜਗ੍ਹਾ ਇਸ ਨੂੰ ਲੁਧਿਆਣਾ ਵਿਖੇ ਪੰਜਾਬ ਪੁਲਸ ਵਿੱਚ ਨੌਕਰੀ ਮਿਲੀ ਸੀ ਤੇ ਨਸ਼ੇ ਕਰਕੇ ਇਹ ਆਪਣੀ ਡਿਊਟੀ ‘ਤੇ ਨਹੀ ਸੀ ਜਾਂਦਾ ਜਿਸ ਕਾਰਨ ਮਹਿਕਮੇਂ ਵੱਲੋਂ ਇਸ ਨੂੰ ਮੁਅੱਤਲ ਕਰ ਦਿੱਤਾ ਸੀ। ਉਨਾਂ ਅੱਗੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਹੀ ਇਸ ਦੀ ਦਾਦੀ ਦੀ ਮੌਤ ਹੋਈ ਸੀ ਤੇ ਉਸ ਦੇ ਭੋਗ ‘ਤੇ ਲਿਆਂਦੇ ਗਏ ਸਮਾਨ ਤੇ ਪੈਸੇ ਦੇਣ ਲਈ ਅੱਜ ਘਰੋਂ ਆਪਣੀ ਮਾਂ ਕੋਲੋਂ 20 ਹਜ਼ਾਰ ਰੁਪਏ ਲੈ ਕੇ ਨੇੜਲੇ ਪਿੰਡ ਕਿਆਮਪੁਰ ਵਿਖੇ ਜਾ ਕੇ ਨਸ਼ੇ ਵਾਲਾ ਟੀਕਾ ਲਾ ਲਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਧਰ ਮੌਕੇ ‘ਤੇ ਪਹੁੰਚੇ ਡੀਐਸਪੀ ਰਾਜ ਕੁਮਾਰ ਤੇ ਥਾਣਾ ਅਜਨਾਲਾ ਦੇ ਐਸ ਐਚ ਓ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਤਹਿਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਣ ਯੋਗ ਹੈ ਕਿ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਕਿ ਪੰਜਾਬ ਪੁਲਿਸ ਵਿੱਚੋਂ ਮੁਅੱਤਲ ਚਲਦਾ ਆ ਰਿਹਾ ਸੀ ਹੁਣ ਉਸ ਦੇ ਪਿੱਛੇ ਇਕੱਲੀ ਮਾਂ ਹੀ ਰਹਿ ਗਈ ਹੈ।