ਮੌਜੂਦਾ ਸਮੇਂ ਅੰਦਰ ਪੰਜਾਬ ਦਾ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਵਿਰੋਧੀ ਪਾਰਟੀਆਂ ਸੱਤਾਧਾਰੀ ਧਿਰ ’ਤੇ ਵਾਰ ਕਰ ਰਹੀਆਂ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਵਿਰੋਧੀ ਧਿਰ ਸੱਤਾਧਾਰੀ ਧਿਰ ਦੇ ਸਾਹਮਣੇ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ। ਇਹ ਮਾਹੌਲ ਉਸ ਸਮੇਂ ਗਰਮਾਇਆ ਜਦੋਂ ਐਸਵਾਈਐਲ ਨਹਿਰ ਦੇ ਮੁੱਦੇ ਤੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਖਿਲਾਫ ਤਲਖ ਟਿੱਪਣੀਆਂ ਕੀਤੀਆਂ।ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਨੇ ਅਚਾਨਕ ਆਮ ਆਦਮੀ ’ਤੇ ਹਮਲਾ ਬੋਲਿਆ। ਐੱਸ.ਵਾਈ.ਐੱਲ ਨਹਿਰ ਦੇ ਮੁੱਦੇ ’ਤੇ ਮੌਜੂਦਾ ਸਰਕਾਰ ਵਲੋਂ ਪੰਜਾਬ ਦਾ ਪੱਖ ਠੀਕ ਢੰਗ ਨਾਲ ਨਾ ਪੇਸ਼ ਖਰਕੇ ਪੰਜਾਬ ਦੇ ਕੇਸ ਨੂੰ ਜਾਣਬੁੱਝ ਕੇ ਕਮਜ਼ੋਰ ਕਰਨ ਦੇ ਦੋਸ਼ ਲਗਾਏ ਗਏ। ਜਿਸ ’ਤੇ ਪਹਿਲੇ ਦਿਨ ਆਮ ਆਦਮੀ ਪਾਰਟੀ ਨੇ ਇਸ ਮੁੱਦੇ ’ਤੇ ਆਪਣਾ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰਦੀ ਰਹੀ ਪਰ ਜਦੋਂ ਵਿਰੋਧੀਆਂ ਦੇ ਹਮਲੇ ਇਕ ਤੋਂ ਬਾਅਦ ਇਕ ਲਗਾਤਾਰ ਤੇਜ ਹੁੰਦੇ ਗਏ ਤਾਂ ਦੂਜੇ ਦਿਨ ਦਿਨ ਮੁੱਖ ਮੰਤਰੀ ਸਿੱਧੇ ਮੈਦਾਨ ’ਚ ਆ ਗਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ 1 ਨਵੰਬਰ ਨੂੰ ਪੰਜਾਬ ਦਿਵਸ ਦੇ ਮੌਕੇ ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦੇ ਦਿਤੀ। ਜਿਸ ਨੂੰ ਇਨ੍ਹਾਂ ਆਗੂਆਂ ਨੇ ਬਿਨ੍ਹਾਂ ਦੇਰੀ ਉਸ ਵੇਲੇ ਤਾਂ ਕਬੂਲ ਕਰ ਲਿਆ ਅਤੇ ਗੇਂਦ ਸਰਕਾਰ ਦੇ ਪਾਲੇ ਵਿਚ ਸੁੱਟ ਦਿਦਤੀ। ਜਿਸਤੇ ਬਿਨ੍ਹਾਂ ਦੇਰੀ ਮੁੱਖ ਮੰਤਰੀ ਨੇ ਚੰਡੀਗੜ੍ਹ ਵਿਖੇ ਟੈਗੋਰ ਥੀਏਟਰ ਬੁੱਕ ਕਰਵਾ ਕੇ ਉਥੇ ਬਹਿਸ ਲਈ ਜਗ੍ਹਾ ਦਾ ਐਲਾਣ ਕਰ ਦਿਤਾ ਅਤੇ ਗੇਂਦ ਫਿਰ ਵਿਰੋਧੀ ਧਿਰ ਦੇ ਪਾਲੇ ਵਿਚ ਜਾ ਡਿੱਗੀ। ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਬਹਿਸ ਤੋਂ ਦੌੜਦੇ ਨਜ਼ਰ ਆਏ ਅਤੇ ਉਨ੍ਹਾਂ ਦਲੀਲ ਇਹ ਦਿੰਤੀ ਕਿ ਥਿਏਟਰਾਂ ਵਿਚ ਤਾਂ ਨਾਟਕ ਹੋ ਸਕਦੇ ਹਨ, ਬਹਿਸ ਨਹੀਂ । ਇਸ ਲਈ ਉਹ ਇਸ ਬਹਿਸ ਵਿਚ ਹਿੱਸਾ ਨਹੀਂ ਲੈਣਗੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਬਹਿਸ ਕਰਨੀ ਹੈ ਤਾਂ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ’ਚ ਜਾਂ ਅਬੋਹਰ ਵਚ ਕਰਵਾਉਣ ਤਾਂ ਉਹ ਬਹਿਸ ਵਿਚ ਭਾਗ ਲੈ ਸਕਦੇ ਹਨ। ਰਾਜਨੀਤਿਕ ਗਲਿਆਇ੍ਰਆਂ ਵਿਚ ਜਾਖੜ ਸਾਹਿਬ ਦੀ ਇਸ ਦਲੀਲ ਨੂੰ ਕੋਈ ਮਹਤਵ ਦੇਣ ਲਈ ਤਿਆਰ ਨਹੀਂ ਹੈ। ਇਸਨੂੰ ਸਿਰਫ ਬਹਿਸ ਤੋਂ ਭੱਜਣ ਦਾ ਬਹਾਨਾ ਕਰਾਰ ਦਿਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੁਣ ਹੌਲੀ-ਹੌਲੀ ਹੋਰ ਆਗੂ ਵੀ ਕੋਈ ਨਾ ਕੋਈ ਬਹਾਨਾ ਬਣਾ ਕੇ ਭੱਜਦੇ ਨਜ਼ਰ ਆਉਣਗੇ। ਐਸ.ਵਾਈ.ਐਲ ਨਹਿਰ ਦਾ ਮਸਲਾ ਹੋਵੇ ਜਾਂ ਨਸ਼ਿਆਂ ਦਾ ਮਸਲਾ ਹੋਵੇ ਜਾਂ ਕੋਈ ਹੋਰ ਗੰਭੀਰ ਮਸਲਾ ਜੋ ਲੰਬੇ ਸਮੇਂ ਤੋਂ ਲਟਕਿਆ ਹੋਇਆ ਸੀ। ਇਹ ਸਭ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹਨ। ਇਸ ਲਈ ਬਹਿਸ ਵਿਚ ਉਹ ਕੁਝ ਨਹੀਂ ਕਰ ਸਕਦੇ। ਇਹ ਸਿਰਫ ਉੱਚੀ ਆਵਾਜ਼ ਵਿਚ ਰੌਲਾ ਜਰੂਰ ਪਾ ਲੈਣਗੇ। ਇਹ ਸਭ ਕਈ ਸਾਲਾਂ ਦੇ ਪੁਰਾਣੇ ਮਸਲੇ ਹਨ। ਉਸ ਸਮੇਂ ਪੰਜਾਬ ਦੇ ਹਾਲਾਤ ਹੋਰ ਸਨ ਅਤੇ ਅੱਜ ਹਾਲਾਤ ਹੋਰ ਹਨ। ਉਨ੍ਹਾਂ ਵਿਚੋਂ ਬਹੁਤੇ ਨੇਤਾ ਹੁਣ ਰੱਬ ਨੂੰ ਪਿਆਰੇ ਵੀ ਹੋ ਚੁੱਕੇ ਹਨ। ਇਸ ਲਈ ਅਜਿਹੇ ਮਸਲਿਆਂ ਨੂੰ ਉਧੇੜ ਕੇ ਕੋਈ ਵੀ ਆਪਣੇ ਗਲ ਫਾਹਾ ਨਹੀਂ ਪਾਉਣਾ ਚਾਹੇਗਾ। ਇਸ ਲਈ ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਤੇ ਸਵਾਲੀਆ ਨਿਸ਼ਾਨ ਹੀ ਹਨ ਕੀ ਇਹ ਹੋਵੇਗੀ ਜਾਂ ਨਹੀਂ ? ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਟੈਗੋਰ ਥੀਏਟਰ ਦੀ ਥਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਨਮੋਹਨ ਸਿੰਘ ਐਡੀਟੋਰੀਅਮ ਹਾਲ ਵਿੱਚ ਪੰਜਾਬ ਸਰਕਾਰ ਨੇ ਇਹ ਡਿਬੇਟ ਕਰਵਾਉਣ ਦਾ ਫੈਸਲਾ ਕੀਤਾ ਹੈ। ਅਜਿਹੇ ਹਾਲਾਤ ਵਿੱਚ ਸੁਨੀਲ ਜਾਖੜ ਦਾ ਭੱਜਣਾ ਔਖਾ ਹੋ ਜਾਵੇਗਾ ਅਤੇ ਇਸ ਬਹਿਸ ਵਿੱਚ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਗੀ ਪਿਤਾ ਪੁਰਖੀ ਪਾਰਟੀ ਕਾਂਗਰਸ ਰਹੀ ਹੈ। ਹਾਲ ਹੀ ਵਿੱਚ ਭਾਜਪਾ ਦੇ ਸਿਪਾਹਸਲਾਰ ਬਣੇ ਹਨ। ਭਾਜਪਾ ਵੱਲੋਂ ਪੰਜਾਬ ਦਾ ਬੋਝ ਉਨ੍ਹਾਂ ਦੇ ਮੋਢਿਆਂ ’ਤੇ ਪਾਇਆ ਜਾ ਰਿਹਾ ਹੈ। ਕਾਂਗਰਸ ਵਿੱਚ ਰਹਿੰਦੇ ਸੁਨੀਲ ਜਾਖੜ ਨੇ ਭਾਜਪਾ ’ਤੇ ਕਾਫੀ ਨਿਸ਼ਾਨਾ ਸਾਧਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਸ.ਵਾਈ.ਐਲ ਨਹਿਰ ਦਾ ਮਸਲਾ ਹੱਲ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਸੀ। ਹੁਣ ਜਦੋਂ ਉਹ ਖੁਦ ਭਾਜਪਾ ਦੇ ਪੰਜਾਬ ਪ੍ਰਧਾਨ ਬਣ ਗਏ ਹਨ ਤਾਂ ਆਪਣੇ ਬੌਸ ਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਕਰ ਸਕਣਗੇ। ਇਸ ਲਈ ਹੁਣ ਉਹ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਣ ਲਈ ਮਜਬੂਰ ਹਨ। ਮੌਜੂਦਾ ਸਮੇਂ ਵਿਚ ਕੇਂਦਰ ਅਤੇ ਹਰਿਆਣਾ ਵਿਚ ਭਾਜਪਾ ਮੁੱਖ ਕੇਂਦਰ ਬਿੰਦੂ ਹੈ ਅਤੇ ਪੰਜਾਬ ਵਿਚ ਸੁਨੀਲ ਖੁਦ ਭਾਜਪਾ ਦੀ ਅਗਵਾਈ ਕਰ ਰਹੇ ਹਨ। ਇਸ ਲਈ ਉਹ ਐਸਵਾਈਐਲ ਦੇ ਮੁੱਦੇ ਸਮੇਤ ਕਿਸੇ ਵੀ ਮੁੱਦੇ ਤੋਂ ਭੱਜ ਨਹੀਂ ਸਕਣਗੇ। ਇਕ ਨਵੰਬਰ ਨੂੰ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਇਹ ਬਹਿਸ ਹੁੰਦੀ ਹੈ ਜਾਂ ਨਹੀਂ। ਅਸੀਂ ਚਾਹੁੰਦੇ ਹਾਂ ਕਿ ਜੇਕਰ ਇਹ ਬਹਿਸ ਹੁੰਦੀ ਹੈ ਤਾਂ ਸਾਰਥਕ ਹੀ ਹੋਣੀ ਚਾਹੀਦੀ ਹੈ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਅਤੇ ਦੂਸ਼ਣਬਾਜੀ ਲਈ ਨਹੀਂ ਹੋਣੀ ਚਾਹੀਦੀ। ਸਗੋਂ ਇਕੱਠੇ ਬੈਠ ਕੇ ਇਹਨਾਂ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦੇ ਜੋ ਹਾਲਾਤ 40 ਸਾਲ ਪਹਿਲਾਂ ਸਨ, ਉਹ ਹੁਣ ਨਹੀਂ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੇ ਹੱਲ ਜਾਂ ਸਹਿਮਤੀ ਜਤਾਈ ਸੀ। ਇਸ ਮੁੱਦੇ ’ਤੇ ਹੁਣ ਉਨ੍ਹਾਂ ਵਿਚੋਂ ਕੋਈ ਵੀ ਮੌਜੂਦ ਨਹੀਂ ਹੈ, ਇਸ ਲਈ ਸਾਨੂੰ ਪੁਰਾਣੇ ਮੁੱਦਿਆਂ ਨੂੰ ਛੱਡ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਸ ਵਿਚ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਸਾਰਥਕ ਬਹਿਸ ਹੋਣੀ ਚਾਹੀਦੀ ਹੈ ਅਤੇ ਬਹਿਸ ਦੌਰਾਨ ਹੀ ਵਿਚਾਰ ਵਟਾਂਦਰੇ ਨਾਲ ਹੀ ਕੋਈ ਹੱਲ ਕੱਢਿਆ ਜਾ ਸਕਦਾ ਹੈ। ਸਾਰੇ ਆਗੂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪੰਜਾਬ ਦੀ ਭਲਾਈ ਲਈ ਇਕਜੁੱਟ ਹੋ ਕੇ ਐਸ.ਵਾਈ.ਐਲ ਨਹਿਰ, ਨਸ਼ੇ ਅਤੇ ਹੋਰ ਗੰਭੀਰ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਇਸੇ ਵਿਚ ਹੀ ਸਭ ਦੀ ਭਲਾਈ ਹੈ।
ਹਰਵਿੰਦਰ ਸਿੰਘ ਸੱਗੂ।