ਜਗਰਾਉਂ 15 ਸਤੰਬਰ ( ਵਿਕਾਸ ਮਠਾੜੂ, ਮੋਹਿਤ ਜੈਨ )-ਸਾਹਿਤ ਸਭਾ ਜਗਰਾਉਂ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬੀ ਸਾਹਿਤ ਦੀ ਵਰਤਮਾਨ ਦਸ਼ਾ ਤੇ ਦਿਸ਼ਾ ‘ਤੇ ਗੰਭੀਰ ਚਰਚਾ ਹੋਈ।ਸਭਾ ਦੀ ਕਾਰਵਾਈ ਅਰੰਭ ਕਰਦਿਆਂ ਪ੍ਰਿ.ਦਲਜੀਤ ਕੌਰ ਹਠੂਰ ਨੇ ਸਭਾ ਦੇ ਸਰਪ੍ਰਸਤ ਐਚ ਐਸ ਡਿੰਪਲ ਨੂੰ ਰੂ-ਬ-ਰੂ ਕੀਤਾ।ਐਚ ਐਸ ਡਿੰਪਲ ਨੇ ਸਭਾ ਦੀਆਂ ਮਾਸਿਕ ਗਤੀਵਿਧੀਆਂ ‘ਤੇ ਰਿਪੋਰਟ ਪੜ੍ਹੀ। ਉਪਰੰਤ ਉੱਘੇ ਸਾਇਸਦਾਨ ਤੇ ਸਾਬਕਾ ਰਾਸ਼ਟਰਪਤੀ ਮਰਹੂਮ ਅਬਦੁਲ ਕਲਾਮ ਜੀ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ ਏਪੀਜੇ ਅਬਦੁਲ ਕਲਾਮ ਜੀ ਦੇ ਜੀਵਨ ਸੰਘਰਸ਼ ਬਾਰੇ ਸੰਖੇਪ ਰੂਪ ਵਿੱਚ ਚਾਨਣਾਂ ਪਾਇਆ।ਇਸ ਤੋਂ ਬਾਅਦ ਕਵੀ ਦਰਬਾਰ ਦੀ ਅਰੰਭਤਾ ਹੋਈ ਜਿਸ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਸਾਹਿਤਕ ਰਚਨਾਵਾਂ ਪੇਸ਼ ਕਰਕੇ ਮਾਹੌਲ ਨੂੰ ਕਾਵਿਕ ਰੰਗ ਵਿੱਚ ਰੰਗ ਦਿੱਤਾ। ਸ਼ੁਰੂਆਤ ਵੇਲੇ ਹਰਕੋਮਲ ਬਰਿਆਰ ਨੇ ਗ਼ਜ਼ਲ “ਜਿੱਧਰ ਵੀ ਮੈਂ ਕਰਦਾ ਮੂੰਹ” ਨਾਲ ਹਾਜ਼ਰੀ ਭਰੀ। ਸਰਦੂਲ ਲੱਖਾ ਨੇ ” ਸੱਜਣ ਮੇਰਾ ਨਵਾਂ ਨਕੋਰ” ਰਾਹੀਂ ਮੁਹੱਬਤੀ ਅਹਿਸਾਸਾਂ ਦਾ ਵਰਣਨ ਕੀਤਾ।ਇਸ ਤੋਂ ਮਗਰੋਂ ਅਜੀਤ ਪਿਆਸਾ ਨੇ “ਜ਼ਿੰਦਗੀ ਉਦੋਂ ਮੌਤ ਦੀ ਥਾਂ” ਨਾਲ ਹੱਢੀਂ ਹੰਢਾਏ ਸੱਚ ਨੂੰ ਬਿਆਨ ਕੀਤਾ। ਪ੍ਰਭਜੋਤ ਸੋਹੀ ਨੇ “ਕਵੀ ਜਾਗੇ “ਤੇ “ਮੈਂ ਸੋਚਦਾ ਹਾਂ” ਨਜ਼ਮਾਂ ਪੇਸ਼ ਕਰਕੇ ਵਾਹ-ਵਾਹ ਖੱਟੀ।ਗੁਰਦੀਪ ਸਿੰਘ ਹਠੂਰ ਨੇ “ਪੁੱਠਾ ਗੇੜਾ” ਨਾਲ ਰੰਗ ਬੰਨ੍ਹਿਆਂ ।ਰਾਜਦੀਪ ਸਿੰਘ ਤੂਰ ਨੇ ” ਜ਼ਿੰਦਗੀ ਜੰਗ ” ਗ਼ਜ਼ਲ ਨਾਲ ਮਾਹੌਲ ਰੰਗੀਨ ਬਣਾ ਦਿੱਤਾ। ਅਵਤਾਰ ਜਗਰਾਉਂ ਨੇ ” ਸੁੰਨੇ ਦਰੀਂ” ਦੇ ਭਾਵੁਕ ਅਹਿਸਾਸਾਂ ਨੂੰ ਬਿਆਨ ਕੀਤਾ। ਵਾਤਾਵਰਨ ਪ੍ਰੇਮੀ ਤੇ ਕਵੀ ਮੇਜਰ ਸਿੰਘ ਛੀਨਾ ਨੇ ਗੀਤ ” ਕਦੇ ਭੁੱਲ ਕੇ ਨਾਂ ਲਾਵੀਂ ਪਰਾਲੀ ਨੂੰ ਅੱਗ” ਰਾਹੀਂ ਪੁਲੀਤ ਹੋ ਚੁੱਕੇ ਵਾਤਾਵਰਨ ਪ੍ਰਤੀ ਹੋਕਾ ਦਿੱਤਾ। ਕੁਲਦੀਪ ਸਿੰਘ ਲੋਹਟ ਨੇ ਵੀ ਆਪਣੇ ਸਾਹਿਤਕ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਦਲਜੀਤ ਕੌਰ ਹਠੂਰ ਨੇ ਕਵਿਤਾ ” ਕਲਮ ਦਾ ਵਾਰ ” ਪੇਸ਼ ਕੀਤੀ।ਸਭਾ ਵਿੱਚ ਨਵੇਂ ਆਏ ਮਹਿਮਾਨ ਡਾ.ਜਸਨਪ੍ਰੀਤ ਸਿੰਘ ਨੂੰ ਜੀ ਆਇਆਂ ਆਖਿਆ।ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ ਨੇ “ਆਪਣਾਂ ਪੰਜਾਬ ਹੋਵੇ ” ਕਵਿਤਾ ਰਾਹੀਂ ਦੋਹਾਂ ਪੰਜਾਬਾਂ ਦੇ ਰਿਸ਼ਤਿਆਂ ਦਾ ਨਿੱਘ ਸਾਂਝਾਂ ਕੀਤਾ।ਅੰਤ ਵਿੱਚ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਪ੍ਰੋ ਸੰਧੂ ਨੇ ਪੰਜਾਬੀ ਮਾਂ ਬੋਲੀ ਸਾਹਿਤ ਅਤੇ ਸੱਭਿਆਚਾਰ ਪ੍ਰਤੀ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ।