ਪੰਜਾਬ ਵਿੱਚ ਨਸ਼ੇ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਰੋਜਾਨਾ ਨੌਜਵਾਨ ਇਸਦੀ ਭੇਂਟ ਚੜ੍ਹ ਰਹੇ ਹਨ। ਹਜ਼ਾਰਾਂ ਘਰ ਇਸ ਨਸ਼ੇ ਦੀ ਮਾਰ ਹੇਠ ਆ ਬਰਬਾਦ ਹੋ ਚੁੱਕੇ ਹਨ ਕਿਉਂਕਿ ਨਸ਼ੇ ਦੇ ਆਦੀ ਨੌਜਵਾਨ ਪਹਿਲਾਂ ਘਰ ਦਾ ਸਮਾਨ ਵੇਚਦੇ ਹਨ ਅਤੇ ਫਿਰ ਚੋਰੀਆਂ, ਲੁੱਟ-ਖੋਹ ਕਰਨ ਲੱਗ ਪੈਂਦੇ ਹਨ। ਅੰਤ ਵਿੱਚ ਉਨ੍ਹਾਂ ਨੂੰ ਆਪਣੀ ਜਾਨ ਇਸ ਨਸ਼ੇ ਦੀ ਭੇਂਟ ਚੜ੍ਹਾਉਣੀ ਹੀ ਪੈਂਦੀ ਹੈ। ਪਿੱਛੇ ਬਰਬਾਦ ਹੋਏ ਪਰਿਵਾਰ ਅਤੇ ਕੱਖੋਂ ਹੌਲੇ ਹੋਏ ਮਾਂ ਬਾਪ ਦੇ ਹਥ ਕੁਝ ਨਹੀਂ ਆਉਂਦਾ। ਇਸ ਮਾਮਲੇ ਵਿੱਚ ਹੁਣ ਤੱਰ ਸਰਕਾਰਾਂ ਦੇ ਦਾਅਵੇ ਅਤੇ ਪੁਲਿਸ ਦੀਆਂ ਬੜ੍ਹਕਾਂ ਬੁਰੀ ਤਰ੍ਹਾਂ ਨਾਲ ਫੇਲ ਸਾਬਿਤ ਹੋਈਆਂ ਹਨ। ਜਿਸ ਕਾਰਨ ਹੁਣ ਲੋਕ ਖੁਦ ਪਿੰਡ ਪੱਧਰ ਤੱਕ ਨਸ਼ੇ ਦੇ ਖਿਲਾਫ ਖੜੇ ਹੋ ਰਹੇ ਹਨ। ਨਸ਼ੇ ਖਿਲਾਫ ਕਮੇਟੀਆਂ ਬਣਾਈਆਂ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਦੀ ਸੂਚੀਆਂ ਤੱਕ ਵੀ ਪੁਲਿਸ ਨੂੰ ਸੌਂਪੀਆਂ ਜਾ ਰਹੀਆਂ ਹਨ ਅਤੇ ਕਈ ਥਾਵਾਂ ਤੇ ਤਾਂ ਨਸ਼ਾ ਤਸਕਰਾਂ ਦੀਆਂ ਸੂਚੀਆਂ ਤੱਕ ਜਨਤਕ ਕੀਤੀਆਂ ਜਾ ਰਹੀਆਂ ਹਨ। ਇਸ ਸਭ ਦੇ ਬਾਵਜੂਦ ਵੀ ਹੈ ਨਸ਼ਾ ਘਟਣ ਦਾ ਨਾਮ ਨਹੀਂ ਲੈ ਰਿਹਾ। ਹੁਣ ਤਾਂ ਇਹ ਆਵਾਜ਼ ਵੀ ਪੰਜਾਬ ਵਿਚ ਹਰ ਪਾਸੇ ਸੁਣਾਈ ਦੇਣ ਲੱਗੀ ਹੈ ਕਿ ਪੰਜਾਬ ਵਿਚ ਰਾਜਨੀਤਿਕ, ਪੁਲਿਸ ਅਤੇ ਨਸ਼ਾ ਤਸਕਰਾਂ ਦਾ ਅਨੋਖਾ ਗਠਦੋੜ ਚੱਲ ਰਿਹਾ ਹੈ। ਜਿਸ ਕਾਰਨ ਨਸ਼ਾ ਤਸਕਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹਨ। ਲੋਕਾਂ ਵੱਲੋਂ ਸ਼ਰੇਆਮ ਪੁਲਿਸ ਅਤੇ ਰਾਜਨੀਤਿਕ ਲੋਕਾਂ ਪਾਸਨਸ਼ਾ ਤਸਕਰਾਂ ਦੇ ਨਾਮ ਤੱਕ ਉਜਾਗਰ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਹੁਣ ਇਸ ਦੇ ਉਲਟ ਅਜਿਹਾ ਹੋਣ ਲੱਗ ਪਿਆ ਹੈ ਕਿ ਕਈ ਥਾਵਾਂ ’ਤੇ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ ਕਿ ਜਿੱਥੇ ਲੋਕ ਨਸ਼ਾ ਤਸਕਰਾਂ ਦੇ ਖਿਲਾਫ ਆਵਾਜ ਉਠਾਉਂਦੇ ਹਨ ਤਾਂ ਨਸ਼ਾ ਤਸਕਰ ਉਨ੍ਹਾਂ ਤੇ ਜਾਨਲੇਵਾ ਹਮਲੇ ਤੱਕ ਕਰ ਰਹੇ ਹਨ। ਇਸਦੀ ਮਿਸਾਲ ਤਰਨਤਾਰਨ ਅਤੇ ਅਬੋਹਰ ’ਚ ਵੀ ਸਾਹਮਣੇ ਆਈ ਹੈ। ਜਿੱਥੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ’ਤੇ ਨਸ਼ਾ ਤਸਕਰਾਂ ਵੱਲੋਂ ਹਮਲਾ ਕੀਤਾ ਗਿਆ। ਪਰ ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਆਮ ਤੌਰ ’ਤੇ ਅਜਿਹਾ ਹੁੰਦਾ ਹੈ ਕਿ ਜੇਕਰ ਕੋਈ ਗਲਤ ਕੰਮ ਕਰਨ ਵਾਲੇ ਵਿਅਕਤੀ ਦੇ ਖਿਲਾਫ ਆਵਾਜ਼ ਉਠਾਉਂਦਾ ਹੈ, ਤਾਂ ਗਲਤ ਕੰਮ ਕਰਨ ਵਾਲਾ ਵਿਅਕਤੀ ਝਿਜਕਦਾ ਹੈ ਅਤੇ ਦੁਬਕ ਕੇ ਬੈਠ ਜਾਂਦਾ ਹੈ ਅਤੇ ਉਸ ਦੇ ਸਾਹਮਣੇ ਆਉਣ ਦੀ ਹਿੰਮਤ ਤੱਕ ਨਹੀਂ ਕਰਦਾ। ਪਰ ਇੱਥੇ ਇਸ ਦੇ ਉਲਟ ਹੋ ਰਿਹਾ ਹੈ, ਜੇਕਰ ਕੋਈ ਵਿਅਕਤੀ ਨਸ਼ਾ ਤਸਕਰਾਂ ਖਿਲਾਫ ਆਵਾਜ਼ ਉਠਾਉਂਦਾ ਹੈ ਤਾਂ ਉਹ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਦੇ ਹਨ ਅਤੇ ਕੁੱਟਮਾਰ ਦੀ ਹੱਦ ਤੱਕ ਵੀ ਚਲੇ ਜਾਂਦੇ ਹਨ। ਅਜਿਹੀਆਂ ਘਟਨਾਵਾਂ ਤੋਂ ਲੱਗਦਾ ਹੈ ਕਿ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਹਨ। ਇਸਦੇ ਪਿੱਛੇ ਸਿਆਸੀ ਅਤੇ ਪੁਲਿਸ ਅਧਿਕਾਰੀਆਂ ਦਾ ਥਾਪੜਾ ਹੈ। ਕੁਝ ਸਾਲ ਪਹਿਲਾਂ ਦੀ ਇਕ ਗੱਲ ਮੈਂ ਇਸੇ ਸੰਬੰਧ ਵਿਚ ਆਪਣੇ ਹਲਕੇ ਦੀ ਸਾਂਝੀ ਕਰਦਾ ਹਾਂ। ਮੇਰੇ ਇਲਾਕੇ ਦੇ ਇੱਕ ਇਲਾਕੇ ਦੀਆਂ ਕੁਝ ਔਰਤਾਂ ਮੇਰੇ ਕੋਲ ਆਈਆਂ ਅਤੇ ਉਨ੍ਹਾਂ ਨੇ ਦੱਸਿਆ ਕਿਤ ਉਨ੍ਹਾਂ ਦੇ ਛੋਟੇ ਛੋਟੇ ਬੱਚੇ ਵੀ ਨਸ਼ੇ ਦੀ ਗਿ੍ਰਫਤ ਵਿਚ ਆ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੇ ਬੱਸ ਤੋਂ ਬਾਹਰ ਦੀ ਗੱਲ ਹੋ ਗਈ ਹੈ। ਰੋਂਦੇ ਹੋਏ ਮੈਨੂੰ ਉਨ੍ਹਾਂ ਨੇ ਆਪਣੇ ਇਲਾਕੇ ਦੇ ਨਸ਼ਾ ਤਸਕਰਾਂ ਦੇ ਨਾਮ ਦੱਸੇ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਵਾਉਣ ਲਈਆ ਕਿਹਾ। ਜਦੋਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਪੁਲਿਸ ਕੋਲ ਕਿਉਂ ਜਾ ਰਹੇ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਤਾਂ ਆਪ ਉਨ੍ਹਾਂ ਦੇ ਆਉਂਦੇ ਜਾਂਦੇ ਹਨ ਇਸ ਲਈ ਸਾਡੀ ਸੁਣਵਾਈ ਨਹੀਂ ਕੀਤੀ ਜਾਂਦੀ। ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਮਾਲ ਗੱਲ ਕਰਕੇ ਉਨ੍ਹਾਂ ਮਹਿਲਾਵਾਂ ਦੀ ਪ੍ਰੇਸ਼ਾਨੀ ਬਾਰੇ ਦੱਸਿਆ ਅਤੇ ਉਨ੍ਹਾਂ ਔਰਤਾਂ ਦੀ ਗੱਲ ਸੁਣਨ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਆਪਣੇ ਤੋਂ ਹੇਠਲੇ ਇਕ ਅਧਿਕਾਰੀ ਦਾ ਨਾਮ ਲੈ ਕੇ ਮੈਨੂੰ ਕਿਹਾ ਕਿ ਤੁਸੀਂ ਇਨ੍ਹਾਂ ਮਹਿਲਾਵਾਂ ਨੂੰ ਉਨ੍ਹੰ ਪਾਸ ਭੇਜ ਦਿਏ ਮੈਂ ਉਨ੍ਹਾਂ ਨੂੰ ਫੋਨ ਕਰਕੇ ਕਹਿ ਦਿੰਦਾ ਹਾਂ। ਕਾਰਵਾਈ ਕੀਤੀ ਜਾਵੇਗੀ। ਮੈਂ ਮੁਹੱਲੇ ਦੀਆਂ 10-12 ਔਰਤਾਂ ਨੂੰ ਉਕਤ ਅਧਿਕਾਰੀ ਪਾਸ ਭੇਜ ਦਿਤਾ ਤਾਂ ਉਨ੍ਹਾਂ ਨੇ ਔਰਤਾਂ ਨੂੰ 2 ਘੰਟੇ ਤੱਕ ਦਫਤਰ ਦੇ ਬਾਹਰ ਬੈਠੀਆਂ ਹੋਣ ਦੇ ਬਾਵਜੂਦ ਵੀ ਨਹੀਂ ਪੁੱਛਿਆ ਅਤੇ ਸੁਰੱਖਿਆ ਕਰਮੀਆਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਅਕਿਾਰੀ ਨੇ ਉਨ੍ਹਾਂ ਔਕਤਾਂ ਨੂੰ ਆਪਣੇ ਦਫਤਰ ਨਹੀਂ ਬੁਲਾਇਆ। ਉਨ੍ਹਾਂ ਔਰਤਾਂ ਨੇ ਮੈਨੂੰ ਫਿਰ ਫੋਨ ਕਰਕੇ ਦੱਸਿਆ ਕਿ ਜਿਥੇ ਤੁਸੀਂ ਭੇਜਿਆ ਸੀ ਉਨ੍ਹਾਂ ਨੇ ਤਾਂ ਸਾਨੂੰ ਦੋ ਘੰਟੇ ਹੋ ਗਏ ਬੁਲਾਇਆ ਹੀ ਨਹੀਂ ਅਸੀਂ ਤਾਂ ਉਨ੍ਹਾਂ ਦੇ ਦਫਤਰ ਦੇ ਬਾਹਰ ਬੈਠੀਆਂ ਹਾਂ। ਮੈਂ ਉਸ ਅਧਿਕਾਰੀ ਨੂਫੋਨ ਕਰਕੇ ਦੱਸਿਆ ਕਿ ਤੁਹਾਡੇ ਸਾਹਿਬ ਦੇ ਕਹਿਣ ਤੇ ਇਹ ਔਰਤਾਂ ਆਪਣੀ ਤਕਲੀਫ ਲੈ ਕੇ ਤੁਹਾਡੇ ਪਾਸ ਆਈਆਂ ਹਨ ਤੇ ਤੁਸੀਂ ਦੋ ਘੰਟੇ ਤੋਂ ਉਨ੍ਹਾਂ ਨੂੰ ਬੁਲਾਇਆ ਹੀ ਨਹੀਂ । ਉਨ੍ਹਾਂ ਦੀ ਗੱਲ ਸੁਣੋ। ਜਿਸਤੇ ਅਧਿਕਾਰੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ, ਮੈਂ ਬੁਲਾ ਲੈਂਦਾ ਹਾਂ। ਮੇਰੇ ਕਹਿਣ ਤੇ ਉਕਤ ਅਧਿਕਾਰੀ ਨੇ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਦੀ ਗੱਲ ਸੁਣ ਲਈ ਅਤੇ ਉਨ੍ਹਾਂ ਵਲੋਂ ਦੱਸੇ ਗਏ ਨਸ਼ਾ ਤਸਕਰਾਂ ਦੀ ਲਿਸਟ ਤੱਕ ਬਣਾ ਲਈ ਪਰ ਅੱਗੇ ਦੀ ਕਹਾਣੀ ਜਾਣ ਕੇ ਮੈਂ ਹੈਰਾਨ ਹੀ ਰਹਿ ਗਿਆ। ਅਗਲੇ ਦਿਨ ਉਨ੍ਹਾਂ ਔਰਤਾਂ ਨੇ ਮੇਰੇ ਪਾਸ ਆ ਕੇ ਦੱਸਿਆ ਕਿ ਤੁਸੀਂ ਜਿਹੜੇ ਅਫਸਰ ਪਾਸਭੇਜਿਆ ਸੀ ਉਨ੍ਹਾਂ ਸਾਡੇ ਤੋਂ ਨਸ਼ਾ ਤਸਕਰਾਂ ਦੇ ਨਾਮ ਪੁੱਛੇ ਸਨ। ਜਦੰ ਅਸੀਂ ਅਜੇ ਮੁਹੱਲੇ ਵਿਚ ਵੜੀਆਂ ਗੀ ਸਾਂ ਕਿ ਸਾਨੂੰ ਉਨ੍ਹਾਂ ਲੋਕਾਂ ਨੇ ਆਪਣੀ ਮਹਿਲਾਵਾਂ ਸਮੇਤ ਘੇਰ ਲਿਆ ਅਤੇ ਗੰਦੀਆਂ ਗਾਲਾਂ ਕੱਢੀਆਂ ਅਤੇ ਕਿਹਾ ਕਿ ਹੋਰ ਜਾ ਆਓ ਜਿਥ ਜਾਣਾ। ਸਾਡਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ। ਉਸਤੋਂ ਬਾਅਦ ਪੁਲਸ ਨੇ ਨੀ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕੋਈ ਮੁਹੱਲਾ ਨਿਵਾਸੀ ਉਨ੍ਹਾਂ ਦੇ ਖਿਲਾਫ ਖੜ੍ਹਾ ਹੋ ਸਕਿਆ। ਇਸੇ ਤਰ੍ਹਾਂ ਮੇਰੇ ਇਲਾਕੇ ਵਿੱਚ ਹੋਰ ਵੀ ਬਹੁਤ ਸਾਰੀਆਂ ਵਾਰਦਾਤਾਂ ਹਨ। ਇੱਕ ਅੰਮ੍ਰਿਤਧਾਰੀ ਸਿੰਘ ਦੀਆਂ ਲੱਤਾਂ ਨਸ਼ਾ ਤਸਕਰਾਂ ਵੱਲੋਂ ਤੋੜ ਦਿੱਤੀਆਂ ਗਈਆਂ ਕਿਉਂਕਿ ਉਸਨੇ ਉਨਾਂ ਖਿਲਾਫ ਆਵਾਜ਼ ਉਠਾਈ ਸੀ। ਇਸ ਮਾਮਲੇ ਵਿਚ ਵੀ ਪੁਲਿਸ ਖਾਮੋਸ਼ ਰਹੀ। ਇਹ ਸਿਰਫ਼ ਮੇਰੇ ਇਲਾਕੇ ਦੀ ਹੀ ਨਹੀਂ ਸਗੋਂ ਇਹ ਪੰਜਾਬ ਦੇ ਹਰ ਜ਼ਿਲ੍ਹੇ, ਸ਼ਹਿਰ ਅਤੇ ਪਿੰਡ ਦੀ ਕਹਾਣੀ ਹੈ। ਜਦੋਂ ਨਸ਼ਾ ਤਸਕਰਾਂ ਦੀ ਧਰ ਪਕੜ ਪੁਲਿਸ ਸ਼ੁਰੂ ਕਰਦੀ ਹੈ ਤਾਂ ਛੋਟੇ-ਮੋਟੇ ਨਸ਼ਾ ਕਰਨ ਵਾਲਿਆਂ ਨੂੰ ਹੀ ਗ੍ਰਿਫ਼ਤਾਰ ਕਰਦੀ ਹੈ ਅਤੇ ਵੱਡੀਆਂ ਮੱਛੀਆਂ ਨੂੰ ਨਹੀਂ ਫੜਿਆ ਜਾਂਦਾ। ਹੁਣ ਜੋ ਹਾਲਾਤ ਪੈਦਾ ਹੋ ਰਹੇ ਹਨ, ਉਹ ਪੰਜਾਬ ਦੇ ਭਵਿੱਖ ਲਈ ਬਹੁਤ ਖ਼ਤਰਨਾਕ ਹਨ। ਲੋਕਾਂ ਨੂੰ ਸੁਚੇਤ ਹੋ ਕੇ ਆਵਾਜ਼ ਬੁਲੰਦ ਕਰਨੀ ਪਵੇਗੀ ਅਤੇ ਨਸ਼ਾ ਤਸਕਰਾਂ, ਪੁਲਿਸ ਤੇ ਸਿਆਸਤਦਾਨਾਂ ਦੇ ਅਨੋਖੇ ਗਠਜੋੜ ਨੂੰ ਤੋੜੇ ਬਗੈਰ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕੇਗਾ। ਨਸ਼ਾ ਤਸਕਰਾਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਤੇ ਨਸ਼ਾ ਤਸਕਰਾਂ ਵਲੋਂ ਕੀਤੇ ਜਾ ਰਹੇ ਹਮਲੇ ਚਿੰਤਾ ਦਾ ਵਿਸ਼ਾ ਹਨ ਅਤੇ ਇਨ੍ਹਾਂ ਹਮਲਿਆਂ ਖਿਲਾਫ ਵੀ ਇਕਜੁੱਟ ਹੋ ਕੇ ਅੱਗੇ ਆਉਣਾ ਪਏਗਾ। ਜੇਕਰ ਇਸੇ ਤਰ੍ਹਾਂ ਇਕੱਲੇ ਇਕੱਲੇ ਲੜਦੇ ਰਹੇ ਤਾਂ ਇਸ ਤਰ੍ਹਾਂ ਦੇ ਹਮਲੇ ਅੱਗੇ ਹੋਰ ਵੀ ਵਧਣਗੇ।
ਹਰਵਿੰਦਰ ਸਿੰਘ ਸੱਗੂ।