ਮੋਗਾ, 20 ਨਵੰਬਰ ( ਬੌਬੀ ਸਹਿਜਲ, ਧਰਮਿੰਦਰ ) :- ਕੇਂਦਰੀ ਯੋਜਨਾਵਾਂ ਨੂੰ ਹਾਸ਼ੀਏ ‘ਤੇ ਜੀਵਨ ਬਸਰ ਕਰ ਰਹੇ ਲੋਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਤੇ ਲੋੜਵੰਦ ਲੋਕਾਂ ਦੇ ਜੀਵਨ ਪੱਧਰ ਵਿੱਚ ਹੋਰ ਸੁਧਾਰ ਕਰਨ ਲਈ ਕੇਂਦਰ ਸਰਕਾਰ ਵਲੋਂ “ਵਿਕਸਤ ਭਾਰਤ ਸੰਕਲਪ ਯਾਤਰਾ” ਸ਼ੁਰੂ ਕੀਤੀ ਜਾ ਰਹੀ ਹੈ। ਇਹ ਯਾਤਰਾ 23 ਨਵੰਬਰ ਤੋਂ ਜ਼ਿਲ੍ਹਾ ਮੋਗਾ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਅਤੇ ਦੋ ਮਹੀਨੇ ਜ਼ਿਲ੍ਹੇ ਵਿੱਚ ਰਹੇਗੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਭਾਰਤ ਸਰਕਾਰ ਵਿੱਚ ਸੀਨੀਅਰ ਆਈ ਆਰ ਐਸ ਅਧਿਕਾਰੀ ਸ਼੍ਰੀ ਭਰਤ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ 15 ਨਵੰਬਰ ਨੂੰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੇਂਦਰ ਦੇ ਪ੍ਰਮੁੱਖ ਯੋਜਨਾਵਾਂ ਤੇ ਪ੍ਰੋਗਰਾਮਾਂ ਨੂੰ ਲਾਭਪਾਤਰੀਆਂ ਤੱਕ ਪਹੁੰਚਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਹ ਯਾਤਰਾ 25 ਜਨਵਰੀ, 2024 ਨੂੰ ਸਮਾਪਤ ਹੋਵੇਗੀ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਬਤੌਰ ਨੋਡਲ ਅਫ਼ਸਰ “ਵਿਕਸਤ ਭਾਰਤ ਸੰਕਲਪ ਯਾਤਰਾ- ਹਮਾਰਾ ਸੰਕਲਪ ਵਿਕਸਿਤ ਭਾਰਤ” ਮੁਹਿੰਮ ਦੀ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਪਿੰਡਾਂ ਵਿਚ ਜਾਗਰੂਕਤਾ ਵੈਨਾਂ ਨੂੰ ਭੇਜ ਕੇ ਕੈਂਪ ਲਗਾਏ ਜਾਣ ਜਿਸ ਦੀ ਜਾਣਕਾਰੀ ਸਬੰਧਤ ਪਿੰਡਾਂ ਨੂੰ ਦਿੱਤੀ ਜਾਵੇਗੀ ਅਤੇ ਮੌਕੇ ਉਤੇ ਹੀ ਜਿਨ੍ਹਾਂ ਯੋਗ ਲਾਭਪਾਤਰੀਆਂ ਨੂੰ ਯੋਜਨਾਵਾਂ ਤੇ ਪ੍ਰੋਗਰਾਮਾਂ ਦੇ ਲਾਭ ਦਿਤੇ ਜਾਣਗੇ। ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨ ਲਈ ਇਨ੍ਹਾਂ ਕੈਂਪਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ।
ਉਹਨਾਂ ਨੇ ਕਿਹਾ ਕਿ ਹੁਣ ਤੱਕ ਕਦੀ ਨਾ ਕਵਰ ਕੀਤੇ ਗਏ ਲਾਭਪਾਤਰੀਆਂ ਦਾ ਮਾਰਗਦਰਸ਼ਨ ਕੀਤਾ ਜਾਵੇ ਤਾਂ ਜੋ ਜਿਨ੍ਹਾਂ ਯੋਜਨਾਵਾਂ ਦਾ ਲਾਭ ਉਨ੍ਹਾਂ ਤੱਕ ਨਹੀਂ ਪਹੁੰਚਿਆ ਹੈ ਉਹ ਵੀ ਯੋਜਨਾਵਾਂ ਦਾ ਲਾਭ ਲਈ ਸਕਣ। ਜਿਸ ਨਾਲ ਇਹ ਲਾਭਪਾਤਰੀ ਅੱਗੇ ਤੋਂ ਯੋਜਨਾਵਾਂ ਦਾ ਲਾਭ ਹਾਸਲ ਕਰ ਸਕਦੇ ਹਨ। ਇਸ ਮੌਕੇ ਲਾਭਪਾਤਰੀਆਂ ਦੇ ਸੁਝਾਅ ਅਤੇ ਸਫ਼ਲਤਾ ਦੇ ਕਿੱਸੇ ਸਾਂਝੇ ਕੀਤੇ ਜਾਣਗੇ ਤਾਂ ਜੋ ਅਣਗੌਲੇ ਗਏ ਹਰ ਵਿਅਕਤੀ ਨੂੰ ਪ੍ਰੇਰਿਤ ਕਰਕੇ ਹਰ ਯੋਜਨਾ ਦਾ ਲਾਭ ਦਿੱਤਾ ਜਾ ਸਕੇ।
ਉਹਨਾਂ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਵਿੱਚ ਲੋਕਾਂ ਨੂੰ ਹਰ ਯੋਜਨਾ ਦਾ ਲਾਭ ਦੇ ਕੇ ਸਮਾਨਤਾ ਨਾਲ ਸਾਰੇ ਅਧਿਕਾਰ ਮੁੱਹਈਆ ਕਰਵਾਏ ਜਾਣ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਵਿਕਸਤ ਭਾਰਤ ਸੰਕਲਪ ਯਾਤਰਾ ਨੂੰ ਸਫਲਤਾ ਪੂਰਵਕ ਲਾਗੂ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਗਠਿਤ ਕਰ ਲਈ ਗਈ ਹੈ ਅਤੇ ਯੋਜਨਾਵਾਂ ਦੇ ਨੋਡਲ ਅਫ਼ਸਰ ਨਿਯੁਕਤ ਕਰ ਲਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਤੋਂ ਹੀ ਪਿੰਡਾਂ ਵਿਚ ਜਨ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ ਅਤੇ ਜਿਥੇ ਸੈਕੜਿਆਂ ਲੋਕਾਂ ਨੂੰ ਲਾਭ ਦਿੱਤਾ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਅਨੀਤਾ ਦਰਸੀ, ਵਧੀਕ ਡਿਪਟੀ ਕਮਿਸ਼ਨਰ (ਜ) ਜਗਵਿੰਦਰਜੀਤ ਸਿੰਘ ਗਰੇਵਾਲ, ਐਸ.ਡੀ.ਐਮ. ਮੋਗਾ ਸਾਰੰਗ ਪ੍ਰੀਤ ਸਿੰਘ ਔਜਲਾ ਤੋਂ ਇਲਾਵਾ ਉੱਚ ਅਧਿਕਾਰੀ ਹਾਜ਼ਰ ਸਨ।