ਜਗਰਾਓਂ , 16 ਫਰਵਰੀ ( ਰਾਜਡੇਸ਼ ਜੈਮਨ, ਭਗਵਾਨ ਭੰਗੂ )- ਵਿਆਹ ਸਮਾਗਮ ਤੋਂ ਪਰਤ ਰਹੇ ਵਿਅਕਤੀ ਅਤੇ ਉਸ ਦੀ ਗੱਡੀ ਦੇ ਡਰਾਈਵਰ ਨੂੰ ਚਾਰ ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਲੁੱਟ ਲਿਆ ਅਤੇ ਫ਼ਰਾਰ ਹੋ ਗਏ। ਏਐਸਆਈ ਕੁਲਵੰਤ ਸਿੰਘ ਸਿੰਘ ਨੇ ਦੱਸਿਆ ਕਿ ਵਿਨੋਦ ਕੁਮਾਰ ਸ਼ਰਮਾ ਵਾਸੀ ਸਿੱਧਵਾਂਬੇਟ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਅਤੇ ਉਸ ਦਾ ਡਰਾਈਵਰ ਲਵਪ੍ਰੀਤ ਸਿੰਘ ਵਾਸੀ ਪਿੰਡ ਆਦਰਾਮਾਣ ਮਹਿਤਪੁਰ ਆਪਣੀ ਬਲੀਨੋ ਕਾਰ ਵਿੱਚ ਸਵਾਰ ਹੋ ਕੇ ਮੰਡੀ ਅਹਿਮਦਗੜ੍ਹ ਤੋਂ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਿਸ ਸਿਧੈਵਾਂਬੇਟ ਨੂੰ ਵਾਇਆ ਜਗਰਾਓਂ ਤੋਂ ਜਾ ਰਹੇ ਸੀ। ਜਦੋਂ ਅਸੀਂ ਹਿੰਦੁਸਤਾਨ ਪੈਟਰੋਲੀਅਮ ਪੰਪ ਤੋਂ ਥੋੜ੍ਹਾ ਅੱਗੇ ਸਿੱਧਵਾਂਬੇਟ ਵੱਲ ਜਾ ਰਹੇ ਸੀ ਤਾਂ ਮੈਂ ਡਰਾਈਵਰ ਨੂੰ ਪਿਸ਼ਾਬ ਕਰਨ ਲਈ ਕਾਰ ਰੋਕਣ ਲਈ ਕਿਹਾ ਤਾਂ ਡਰਾਈਵਰ ਨੇ ਕੱਚੀ ਸੜਕ ’ਤੇ ਕਾਰ ਖੜ੍ਹੀ ਹੀ ਕੀਤੀ ਸੀ, ਇਸੇ ਦੌਰਾਨ ਇਕ ਸਵਿਫਟ ਕਾਰ ’ਚ ਸਵਾਰ ਦੋ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ, ਹੇਠਾਂ ਉਤਰ ਗਏ ਅਤੇ ਦੋ ਕਾਰ ਵਿੱਚ ਬੈਠੇ ਰਹੇ। ਉਨ੍ਹਾਂ ਨੇ ਡਰਾਈਵਰ ਨੂੰ ਡਰਾ ਧਮਕਾ ਕੇ ਪਿਸਤੌਲ ਦਿਖਾ ਕੇ ਉਸ ਦੀ ਛਾਤੀ ’ਤੇ ਪਿਸਤੌਲ ਦੀ ਨੋਕ ’ਤੇ ਵਾਰ ਕੀਤਾ ਅਤੇ ਕਾਰ ਅੰਦਰ ਦਾਖਲ ਹੋ ਗਏ ਅਤੇ ਇਕ ਨੇ ਮੈਨੂੰ ਦਾਤਰ ਦਿਖਾ ਕੇ ਮੇਰੇ ਗਲੇ ’ਚ ਪਾਈ ਸੋਨੇ ਦੀ ਚੇਨ ਖਿੱਚ ਲਈ ਅਤੇ ਮੇਰੇ ਹੱਥ ’ਚ ਪਾਈ ਸੋਨੇ ਦੀ ਮੁੰਦਰੀ ਖੋਹ ਲਈ। ਦੂਜੇ ਵਿਅਕਤੀ ਨੇ ਮੇਰੇ ਡਰਾਈਵਰ ਲਵਪ੍ਰੀਤ ਸਿੰਘ ਦੇ ਗਲੇ ਵਿੱਚ ਪਾਈ ਸੋਨੇ ਦੀ ਚੇਨ ਅਤੇ ਹੱਥ ਵਿਚ ਸੋਨੇ ਦੀ ਮੁੰਦਰੀ ਖੋਹ ਲਈ। ਜਿਸ ਵਿਅਕਤੀ ਕੋਲ ਦਾਤਰ ਸੀ ਉਸਨੇ ਨੇ ਦਾਤਰ ਦਾ ਮੁੱਠਾ ਮੇਰੇ ਸਿਰ ਵਿਚ ਮਾਰਿਆ ਅਤੇ ਜਾਂਦੇ ਸਮੇਂ ਮੇਰੀ ਕਾਰ ਦੀ ਪਿਛਲੀ ਸੀਟ ’ਤੇ ਰੱਖਿਆ ਇਕ ਛੋਟਾ ਬੈਗ ਜਿਸ ਵਿਚ 10,000 ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ ਅਤੇ ਕਾਰ ਦੀ ਚਾਬੀ ਅਤੇ ਮੋਬਾਈਲ ਫੋਨ ਖੋਹ ਲਏ। ਚਾਰੇ ਜਣੇ ਪਹਿਲਾਂ ਹੀ ਸਟਾਰਟ ਹੋਈ ਆਪਣੀ ਕਾਰ ਵਿੱਚ ਬੈਠ ਕੇ ਭੱਜ ਗਏ। ਉਨ੍ਹਾਂ ਨੇ ਥੋੜ੍ਹਾ ਅੱਗੇ ਜਾ ਕੇ ਉਸ ਦੀ ਕਾਰ ਦੀਆਂ ਚਾਬੀਆਂ ਅਤੇ ਸਾਡੇ ਮੋਬਾਈਲ ਫ਼ੋਨ ਝਾੜੀਆਂ ਵਿੱਚ ਸੁੱਟ ਦਿੱਤੇ। ਵਿਨੋਦ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਜਗਰਾਉਂ ਵਿਖੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।