ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬ, ਮਹਿਲਾਵਾਂ, ਨੌਜਵਾਨਾਂ ਅਤੇ ਕਿਸਾਨਾਂ ਨੂੰ ਸਭ ਤੋਂ ਵੱਡੀ ਜਾਤੀ ਦੱਸਦਿਆਂ ਕਿਹਾ ਕਿ ਜਦੋਂ ਤੱਕ ਮੈਂ ਇਨ੍ਹਾਂ ਸਭ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਾਂਗਾ, ਮੈਂ ਚੈਨ ਨਾਲ ਨਹੀਂ ਬੈਠਾਂਗਾ। ਇਹ ਚੰਗੀ ਗੱਲ ਹੈ ਅਤੇ ਉਨ੍ਹੰ ਦੀ ਚੰਗੀ ਸੋਚ ਹੈ। ਅੱਜ ਜਿੱਥੇ ਰਾਜਨੀਤਿਕ ਪਾਰਟੀਆਂ ਧਰਮ ਅਤੇ ਜਾਤ ਪਾਤ ਦੇ ਨਾਮ ’ਤੇ ਲੜ ਰਹੀਆਂ ਹਨ, ਉੱਥੇ ਦੇਸ਼ ਦੇ ਇਨ੍ਹਾਂ ਸਾਰੇ ਵਰਗਾਂ ਨੂੰ ਪ੍ਰਧਾਨ ਮੰਤਰੀ ਨੇ ਯਾਦ ਰੱਖਿਆ ਹੈ। ਭਾਵੇਂ ਇਹ ਵੀ ਇੱਕ ਸਿਆਸੀ ਸਟੰਟ ਤੋਂ ਇਲਾਵਾ ਹੋਰ ਕੁਝ ਨਹੀਂ ਹੈ, ਪਰ ਪ੍ਰਧਾਨ ਮੰਤਰੀ ਜੀ ਦੇ ਇਹ ਸ਼ਬਦ ਸੁਣ ਕੇ ਹਰ ਕੋਈ ਰਾਹਤ ਜਰੂਰ ਮਹਿਸੂਸ ਕਰਦਾ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਗਰੀਬ, ਮਹਿਲਾਵਾਂ, ਨੌਜਵਾਨ ਅਤੇ ਕਿਸਾਨ ਸਿਰਫ ਪ੍ਰਧਾਨ ਮੰਤਰੀ ਦੇ ਇਨ੍ਹਾਂ ਲੱਛਦਾਰ ਭਾਸ਼ਣਾ ਅਤੇ ਵਾਅਦਿਆਂ ਨਾਲ ਹੀ ਉੱਭਰ ਆਉਣਗੇ ? ਜਦੋਂ ਕਿ ਜ਼ਮੀਨੀ ਪੱਧਰ ’ਤੇ ਸਥਿਤੀ ਇਸ ਦੇ ਬਿਲਕੁਲ ਉਲਟ ਹੈ ਤਾਂ ਫਿਰ ਸਰਕਾਰ ਉਨ੍ਹਾਂ ਲਈ ਜੋ ਕੰਮ ਕਰ ਰਹੀ ਹੈ ਉਨ੍ਹਾਂ ਨਾਲ ਗ਼ਰੀਬ ਦੀ ਭਲਾਈ ਕਿਵੇਂ ਹੋ ਸਕਦੀ ਹੈ। ਮੌਜੂਦਾ ਸਮੇਂ ਵਿੱਚ ਮਹਿੰਗਾਈ ਇਸ ਹੱਦ ਤੱਕ ਵੱਧ ਗਈ ਹੈ ਕਿ ਗਰੀਬ ਤਾਂ ਇਕ ਪਾਸੇ ਰਹੇ ਸਗੋਂ ਮੱਧ ਵਰਗ ਦੇ ਪਰਿਵਾਰ ਵੀ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਅੱਜ ਖੰਡ 50 ਰੁਪਏ ਤੋਂ ਉੱਪਰ ਵਿਕ ਰਹੀ ਹੈ, ਗੁੜ ਉਸਤੋਂ ਵੀ ਮੰਹਿਗਾ ਮਿਲ ਰਿਹਾ ਹੈ। ਹਰ ਪ੍ਰਕਾਰ ਦੀਆਂ ਖਾਣ ਵਾਲੀਆਂ ਦਾਲਾਂ ਸੌ ਦਾ ਅੰਕੜਾ ਕਦੋਂ ਦਾ ਪਾਰ ਕਰ ਚੁੱਕੀਆਂ ਹਨ। ਫਲ ਅਤੇ ਸਬਜ਼ੀਆਂ ਕਹਿ ਰਹੇ ਹਨ ਕਿ ਸਾਨੂੰ ਹੱਥ ਨਾ ਲਗਾਓ। ਇਸ ਤੋਂ ਇਲਾਵਾ ਕਣਕ ਦਾ ਆਟਾ ਖੁੱਲ੍ਹੇ ਬਾਜਾਰ ਵਿਚ 35 ਤੋਂ 40 ਰੁਪਏ ਪ੍ਰਤੀ ਕਿਲੋ, ਮੱਕੀ 50 ਤੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ, ਦੂਜੇ ਪਾਸੇ ਸੁੱਕੇ ਮਸਾਲੇ ਜੋ ਹਰ ਘਰ ਦੀ ਰਸੋਈ ਲਈ ਜਰੂਰੀ ਹਨ ਉਨ੍ਹਾਂ ਵਿਚੋਂ ਕੁਝ ਖਾਸ ਇਲਾਇਚੀ, ਸੌਂਫ, ਜੀਰਾ ਆਦਿ ਦੇ ਭਾਅ ਕਈ ਗੁਣਾ ਵਧ ਚੁੱਕੇ ਹਨ। ਇਹ ਸਭ ਮੋਦੀ ਸਰਕਾਰ ਦੇ ਰਾਜ ਵਿਚ ਹੀ ਸੰਭਵ ਹੋ ਸਕਿਆ ਹੈ। ਪਹਿਲਾਂ ਗਰੀਬ ਆਦਮੀ ਪਿਆਜ ਦੀ ਚਟਣੀ ਕੁੱਚ ਕੇ ਜਾਂ ਰੋਟੀ ਤੇ ਨਮਰ ਮਿਰਚ ਲਗਾ ਕੇ ਚਾਹ ਨਾਲ ਦੋ ਵਕਤ ਦਾ ਖਾਣਾ ਖਾ ਕੇ ਪੇਟ ਭਰ ਲੈਂਦਾ ਸੀ ਪਰ ਹੁਣ ਤਾਂ ਉਸਦੇ ਕਾਬਿਲ ਵੀ ਮਹੀਂ ਰਿਹਾ। ਦੁੱਧ, ਖੰਡ ਨੇ ਚਾਹ ਕੌੜੀ ਕਰ ਦਿਤੀ, ਆਟੇ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਗ੍ਰਹਿਣੀ ਨੂੰ ਰੋਟੀ ਪਕਾਉਣ ਤੋਂ ਵੀ ਰੋਕ ਰਹੀਆਂ ਹਨ। ਪ੍ਰਧਾਨ ਮੰਤਰੀ ਜੀ ਨੂੰ ਸ਼ਾਇਦ ਸਿਖਰ ਦੇ ਟੱਬੇ ਤੋ ਬੈਠੇ ਹੋਏ ਹੇਠਾਂ ਨਜ਼ਰ ਨਹੀਂ ਆ ਰਿਹਾ। ਜਦੋਂ ਤੱਕ ਉਹ ਗਰਾਉਂਡ ਦੀ ਸਥਿਤੀ ਤੋਂ ਜਾਣੂ ਨਹੀਂ ਹੋਣਗੇ ਉਦੋਂ ਤੱਕ ਗਰੀਬ, ਮਹਿਲਾ, ਨਜਵਾਨ ਅਤੇ ਕਿਸਾਨ ਦਾ ਜੀਵਨ ਪੱਧਰ ਕਿਵੇਂ ਉੱਪਰ ਉਠਾ ਸਕਦੇ ਹਨ। ਇਸ ਲਈ ਪ੍ਰਧਾਨ ਮੰਤਰੀ, ਜੇਕਰ ਤੁਸੀਂ ਸੱਚਮੁੱਚ ਗਰੀਬਾਂ ਲਈ ਕੁਝ ਕਰਨਾ ਚਾਹੁੰਦੇ ਹੋ ਮਹਿਲਾਵਾਂ, ਕਿਸਾਨਾਂ, ਗਰੀਬਾਂ ਅਤੇ ਨੌਜਵਾਨਾਂ ਦੀ ਗਰਾਊੰਡ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰੋ। ਜੇਕਰ ਤੁਸੀਂ ਇਨਾਂ ਸਭ ਨੂੰ ਪੇਟ ਭਰ ਖਾਣਾ ਖਾਣ ਦੇ ਯੋਗ ਹੀ ਬਣਾ ਦਿਏ ਤਾਂ ਇਹ ਬਹੁਤ ਵੱਡਾ ਉਪਕਾਰ ਹੋਵੇਗਾ। ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਟਾ, ਦਾਲਾਂ, ਸਬਜ਼ੀਆਂ ਅਤੇ ਹੋਰ ਖਾਣ ਵਾਲੇ ਅਨਾਜ ਦੀਆਂ ਕੀਮਤਾਂ ਬਾਰੇ ਸੋਚਣਾ ਚਾਹੀਦਾ ਹੈ ਜੋ ਹਰੇਕ ਦੀ ਰੋਜ਼ਾਨਾ ਦੀ ਜਰੂਰਤ ਹੈ। ਇਸ ਤੋਂ ਬਾਅਦ ਤੁਸੀਂ ਜਾਂ ਤੁਹਾਡੇ ਸਮਰਥਕ ਇਹ ਕਹਿਣਗੇ ਕਿ ਪ੍ਰਧਾਨ ਮੰਤਰੀ ਅੰਨ ਯੋਜਨਾ ਤਹਿਤ ਤੁਸੀਂ ਦੇਸ਼ ਦੇ 81 ਕਰੋੜ ਲੋਕਾਂ ਨੂੰ ਮੁਫਕ ਕਣਕ, ਚਾਵਲ ਦੇ ਰਹੇ ਹੋ ਤਾਂ ਇਸ ਮੁਫਤ ਵਾਲੀ ਦਲੀਲ ਕਿਸੇ ਵੀ ਕੰਮ ਨਹੀਂ ਆਉਣ ਵਾਲੀ। ਬਾਕੀ ਖਾਣ ਪੀਣ ਦੀਆਂ ਵਸਤੂਆਂ ਕਿੱਥੋਂ ਮਿਲਣਗੀਆਂ? ਮਹਿੰਗਾਈ ਘਟਾਉਣ ਦੀ ਗੱਲ ਕਰੋ। ਦੇਸ਼ ਦਾ ਬੇਰੁਜਗਾਰ ਨੌਜਵਾਨ, ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਕਿਸਾਨ, ਦੋ ਵਕਤ ਦੀ ਰੋਟੀ ਲਈ ਵੀ ਮੁਥਾਜ ਹੋਇਆ ਗਰੀਬ ਅਤੇ ਚੁੱਲਾ ਚੌਂਕਾ ਸੰਭਾਲਣ ਦੇ ਨਾਲ ਨਾਲ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਚਲਾਉਣ ਵਾਲੀਆਂ ਮਹਿਲਾਵਾਂ ਕਿਸ ਤਰ੍ਹਾਂ ਸੁਖੀ ਹੋ ਸਕਦੀਆਂ ਹਨ। ਇਸ ਲਈ ਸਿਰਫ ਗੱਲਾਂ ਨਾਲ ਕੰਮ ਚਲਾਉਣ ਦੀ ਬਜਾਏ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰੋ, ਕਿਸਾਨਾਂ ਨੂੰ ਸਭ ਫਸਲਾਂ ’ਤੇ ਐਮ ਐਸ ਪੀ ਦੇਣ ਦੀ ਗੱਲ ਕਰੋ, ਗਰੀਬ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰੋ ਅਤੇ ਮਹਿਲਾਵਾਂ ਦਾ ਜੀਵਨ ਪੱਧਕ ਉੱਚਾ ਚੁੱਕਣ ਲਈ ਉਪਰਾਲੇ ਕਰੋ ਤਾਂ ਹੀ ਇਹ ਸਭ ਜਿੰਨਾਂ ਨੂੰ ਤੁਸੀਂ ਸਭ ਤੋਂ ਵੱਡੀਆਂ ਜਾਤੀਆਂ ਕਰਾਰ ਦੇ ਰਹੇ ਹੋ ਉਹ ਜਾਤੀਆਂ ਖੁਸ਼ਹਾਲੀ ਵੱਲ ਵਧ ਸਕਣਗੀਆਂ। ਨਹੀਂ ਤਾਂ ਉਪਰਲੇ ਪੱਧਰ ’ਤੇ ਬੈਠ ਕੇ ਸਿਆਸੀ ਮੰਚਾਂ ’ਤੇ ਭਾਸ਼ਣ ਦੇ ਕੇ ਅਤੇ ਅਖਬਾਰਾਂ ਦੀਆਂ ਸੁਰਖੀਆਂ ’ਚ ਵੱਡੇ-ਵੱਡੇ ਬਿਆਨ ਦੇ ਕੇ ਸਭ ਦੀ ਭਲਾਈ ਸੰਭਵ ਨਹੀਂ ਹੋਵੇਗੀ। ਇਹ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਹਨ ਅਤੇ ਹੁਣ ਵੀ ਚੱਲ ਰਿਹਾ ਹੈ।
ਹਰਵਿੰਦਰ ਸਿੰਘ ਸੱਗੂ।