ਪੰਜਾਬ ਵਿੱਚ ਆਮ ਤੌਰ ‘ਤੇ ਇਹ ਜਾਣਿਆ ਜਾਂਦਾ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ ਅਤੇ ਲੰਬਾ ਸਮਾਂ ਰਾਜ ਭੋਗਣ ਵਾਲੀ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਜਦੋਂ ਸੱਤਾ ਵਿੱਚ ਹੁੰਦੀ ਹੈ ਤਾਂ ਉਹਨਾਂ ਨੂੰ ਪੰਜਾਬ ਦੇ ਪੰਥਕ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਪਰ ਜਦੋਂ ਸੱਤਾ ਉਨ੍ਹਾਂ ਦੇ ਹੱਥੋਂ ਨਿਕਲ ਜਾਂਦੀ ਹੈ ਤਾਂ ਉਨ੍ਹਾਂ ਨੂੰ ਪੰਥ ਖ਼ਤਰੇ ਵਿੱਚ ਨਜ਼ਰ ਆਉਣ ਲੱਗ ਪੈਂਦਾ ਹੈ ਅਤੇ ਉਹ ਪੰਥ ਦੀ ਦੁਹਾਈ ਦੇਣ ਲੱਗ ਪੈਂਦੇ ਹਨ। ਭਾਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਾਨੀ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਉਨ੍ਹਾਂ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੌਜੂਦਾ ਲੀਡਰਸ਼ਿਪ ਵੀ ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੀ ਹੈ। ਜਿਸ ਦੀ ਮਿਸਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘ ਦੀ ਰਿਹਾਈ ਸਬੰਧੀ ਪਿਛਲੇ ਸਮੇਂ ਤੋਂ ਕੀਤੀ ਜਾ ਰਹੀ ਬਿਆਨਬਾਜ਼ੀ ਅਤੇ ਕਾਰਵਾਈ ਤੋਂ ਦੇਖੀ ਜਾ ਸਕਦੀ ਹੈ। ਹੁਣ 4 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਾਵਰਫੁੱਲ ਨੇਤਾ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਙ ਬਾਦਲ ਦੇ ਰਿਸ਼ਤੇਦਾਰ ਅਤੇ ਸੰਸਦ ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਮਜੀਠੀਆ ਪਟਿਆਲਾ ਜੇਲ ਵਿਚ ਸਾਬਤਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿਚ ਸਜ਼ਾਜਾਫਤਾ ਅਤੇ ਨਜਰਬੰਦ ਗਿਆਨ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਪਟਿਆਲਾ ਜੇਲ ਵਿਚ ਪਹੁੰਚੇ ਤਾਂ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਾਜੋਆਣਾ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਬਾਹਰ ਆ ਕੇ ਬਿਕਰਮ ਮਜੀਠੀਆ ਨੇ ਖਲਬਲੀ ਮਚਾ ਦਿੱਤੀ। ਇਸ ਤਰ੍ਹਾਂ ਨਾਲ ਹੰਗਾਮਾ ਹੋਇਆ ਜਿਵੇਂ ਮਜੀਠੀਆ ਦੀ ਮੁਸਾਕਾਤ ਜੇਕਰ ਭਾਈ ਰਾਜੋਆਣਾ ਨਾਲ ਹੋ ਜਾਂਦੀ ਤਾਂ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਸਾਰੇ ਬੰਦੀ ਸਿੰਘਾ ਦੇ ਮਸਲੇ ਹੀ ਚੁਟਕੀ ਨਾਲ ਹਲ ਹੋ ਜਾਂਦੇ। ਇਥੇ ਵੱਡਾ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਿਕਰਮ ਮਜੀਠੀਆ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਨਾਮ ਰਿਹਾ ਹੈ ਅਤੇ ਉਨ੍ਹਾਂ ਦੀ ਗੱਲ ਕੋਈ ਅਧਿਕਾਰੀ, ਵਿਧਾਇਕ ਜਾਂ ਮੰਤਰੀ ਵਿਚ ਨਾ ਸੁਨਣ ਦੀ ਜੁਰਅੱਤ ਨਹੀਂ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਦੌਰਾਨ ਉਹ ਇੱਕ ਤਾਕਤਵਰ ਮੰਤਰੀ ਵਜੋਂ ਜਾਣੇ ਜਾਂਦੇ ਸਨ। ਉਸ ਸਮੇਂ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ, ਨਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਨਾ ਹੀ ਬਿਕਰਮ ਮਜੀਠੀਆ, ਨਾ ਹੀ ਹਰਸਿਮਰਤ ਕੌਰ ਬਾਦਲ ਨੇ ਕਦੇ ਬੰਦੀ ਸਿੰਘ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਇਨ੍ਹਾਂ ਦੇ ਸਾਸ਼ਨ ਦੌਰਾਨ ਵੀ ਬੰਦੀ ਸਿੰਘ ਦੀ ਰਿਹਾਈ ਲਈ ਧਰਨਾ ਪ੍ਰਦਰਸ਼ਨ ਹੁੰਦਾ ਰਿਹਾ। ਜੇਕਰ ਸਰਕਾਰ ਚਾਹੁੰਦੀ ਹੁੰਦੀ ਤਾਂ ਬੰਦੀ ਸਿੰਘ ਦੀ ਰਿਹਾਈ ਉਸ ਸਮੇਂ ਵੀ ਹੋ ਸਕਦੀ ਸੀ ਕਿਉਂਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਅਤੇ ਕੇਂਦਰ ਵਿੱਚ ਇਨ੍ਹਾਂ ਦੀ ਭਾਈਵਾਲੀ ਵਾਲੀ ਭਾਜਪਾ ਸਰਕਾਰ ਸੱਤਾ ਵਿਚ ਰਹੀ। ਅਜਿਹੇ ਹਾਲਾਤਾਂ ਵਾਲੇ ਕਿਸੇ ਕੈਦੀ ਨੂੰ ਰਿਹਾਅ ਕਰਨਾ ਹੁੰਦਾ ਹੈ, ਉਸ ਦੀ ਰਾਜ ਅਤੇ ਕੇਂਦਰ ਸਰਕਾਰ ਤੋਂ ਸਹਿਮਤੀ ਲੈਣੀ ਪੈਂਦੀ ਹੈ, ਤਾਂ ਰਿਹਾਈ ਉਨ੍ਹਾਂ ਦੀ ਸਹਿਮਤੀ ਨਾਲ ਹੀ ਹੋ ਸਕਦੀ ਹੈ। ਪਰ ਹੁਣ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਸੱਤਾ ’ਚ ਹੈ ਅਤੇ ਨਾ ਹੀ ਕੇਂਦਰ ਵਿੱਚ ਉਨ੍ਹਾਂ ਦੀ ਕੋਈ ਸੁਣਵਾਈ ਹੈ ਤਾਂ ਅਜਿਹੇ ਹਾਲਾਤ ਵਿੱਚ ਉਹ ਬੰਦੀ ਸਿੰਘ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਕੀ ਕਰ ਸਕਦਾ ਹੈ ? ਹੁਣ ਜਦੋਂ ਸੱਤਾ ਖੁਸ ਗਈ ਹੈ ਤਾਂ ਉਨ੍ਹਾਂ ਨੂੰ ਪੰਜਾਬ ਦੇ ਬੰਦੀ ਸਿੰਘ ਅਤੇ ਹੋਰ ਵਿਵਾਦਤ ਮਾਮਲਿਆਂ ਨਾਲ ਪਿਆਰ ਤੇ ਦਰਦ ਸਤਾਉਣ ਲੱਗ ਪਿਆ ਹੈ। ਜੇਕਰ ਇਹ ਪਿਆਰ ਉਨ੍ਹਾਂ ਨੇ ਸੱਤਾ ਸ਼ਾਸਨ ਦੌਰਾਨ ਹੀ ਵਿਖਾਇਆ ਗਿਆ ਹੁੰਦਾ ਤਾਂ ਕੌਮ ਦੇ ਅੱਧੇ ਤੋਂ ਵੱਧ ਮਸਲਿਆਂ ਦਾ ਹਲ ਆਸਾਨੀ ਨਾਲ ਹੋ ਜਾਂਦਾ। ਪਰ ਗੱਲ ਫਿਰ ਉਥੇ ਹੀ ਆ ਕੇ ਠਹਿਰ ਜਾਂਦੀ ਹੈ ਜਿਥੋਂ ਆਪਾਂ ਸ਼ੁਰੂ ਕੀਤੀ ਸੀ ਕਿ ਜਦੋਂ ਅਕਾਲੀ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਉਦੋਂ ਹੀ ਇਨ੍ਹਾਂ ਨੂੰ ਪੰਥ ਖਤਰੇ ਵਿਚ ਨਜ਼ਰ ਆਉਂਦਾ ਹੈ। ਸੱਤਾ ’ਚ ਰਹਿੰਦਿਆਂ ਪੰਜਾਬ ਦੇ ਵਿਵਾਦਤ ਮਾਮਲਿਆਂ ਨਾਲ ਨਜਿੱਠਦੇ ਨਹੀਂ ਅਤੇ ਸੱਤਾ ਤੋਂ ਬਾਹਰ ਹੋਣ ’ਤੇ ਹੀ ਸਭ ਯਾਗ ਆਉਂਦਾ ਹੈ। ਅਨੰਦਪੁਰ ਸਾਹਿਬ ਦਾ ਮਤਾ, ਚੰਡੀਗੜ ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦੇ ਮੁੱਦੇ ਸਭ ਯਾਦ ਆਉਂਦੇ ਹਨ। ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਦੇ ਪੰਥਕ ਮੁੱਦਿਆਂ ਤੇ ਸੱਤਾ ਵਿਚ ਰਹਿੰਦੇ ਕੁਝ ਨਹੀਂ ਕੀਤਾ। ਹੁਣ ਉਹ ਹਰ ਵਾਰ ਵਾਲੇ ਪੈਂਤੜੇ ਨੂੰ ਅਪਣਾ ਕੇ ਪੰਥ ਦੀ ਦੁਹਾਈ ਦੇ ਕੇ ਮੁੜ ਸੱਤਾ ਲਈ ਜਮੀਨ ਤਲਾਸ਼ ਰਹੇ ਹਨ। ਪਰ ਇਸ ਵਾਰ ਉਨ੍ਹਾਂ ਦੀ ਪੰਥ ਖ਼ਤਰੇ ਦੀ ਪੁਕਾਰ ਕੰਮ ਨਹੀਂ ਕਰ ਕਰੇਗੀ। ਜਦੋਂ ਉਹ 2017 ਤੱਕ ਲੰਬਾ ਸਮਾਂ ਸੱਤਾ ਤੇ ਬਿਰਾਜਮਾਨ ਸਨ ਤਾਂ ਉਨ੍ਹਾਂ ਨੇ ਕੌਮ ਦੇ ਵੱਡੇ ਮੁੱਦਿਆਂ ’ਤੇ ਗੱਲ ਨਾ ਕੀਤੀ ਅਤੇ ਉਨ੍ਹਾਂ ਹੀ ਕਿਸੇ ਵੀ ਬੰਦੀ ਸਿੰਘ ਦਾ ਹਾਲ ਜਾਣਨ ਦੀ ਕੋਸ਼ਿਸ਼ ਨਾ ਕੀਤੀ ਤਾਂ ਹੁਣ ਜਦੋਂ ਉਨ੍ਹਾਂ ਦੇ ਹੱਥਾਂ ’ਚ ਕੁਝ ਵੀ ਨਹੀਂ ਹੈ ਤਾਂ ਪੰਜਾਬ ਦੇ ਪੰਥਕ ਮੱਦਿਆਂ ਲਈ ਪਿਆਰ ਦਿਖਾਇਆ ਜਾ ਰਿਹਾ ਹੈ। ਪਰ ਹੁਣ ੱਜਿਹੇ ਪੈਂਤੜੇ ਖੇਡਣ ਦਾ ਲਾਭ ਉਨ੍ਹਾਂ ਨੂੰ ਮਿਲਣ ਵਾਲਾ ਨਹੀਂ ਹੈ। ਇਸ ਲਈ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਕੁਝ ਕਰਨ ਦੀ ਬਜਾਏ ਜੇਕਰ ਤੁਸੀਂ ਸੱਤਾ ’ਚ ਹੁੰਦਿਆਂ ਪੰਜਾਬ ਦੇ ਮਾਮਲਿਆਂ ਦੀ ਚਿੰਤਾ ਕੀਤੀ ਹੁੰਦੀ ਤਾਂ ਪੰਜਾਬ ਵਿਚ ਸਭ ਤੋਂ ਲੰਬਾ ਸਮਾਂ ਸੱਤਾ ਦਾ ਸੁਖ ਭੋਦਗਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਸ਼ਰ ਇਹ ਨਹੀਂ ਹੁੰਦਾ ਜੋ ਹੁਣ ਹੈ।
ਹਰਵਿੰਦਰ ਸਿੰਘ ਸੱਗੂ।