ਜਗਰਾਉਂ, 14 ਅਪ੍ਰੈਲ ( ਹਰਵਿੰਦਰ ਸਿੰਘ ਸੱਗੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਲੁਧਿਆਣਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 18 ਅਪ੍ਰੈਲ ਦਿਨ ਸੋਮਵਾਰ ਸਵੇਰੇ 10 ਵਜੇ ਜਗਰਾਂਓ ਅਤੇ ਰਾਏਕੋਟ ਐਸ ਡੀ ਐਮਜ ਨੂੰ ਵਖ ਵਖ ਬਲਾਕਾਂ ਦੀਆਂ ਬਲਾਕ ਕਮੇਟੀਆਂ ਦੀ ਅਗਵਾਈ ਚ ਪ੍ਰਧਾਨ ਮੰਤਰੀ ਦੇ ਨਾਮ ਮੰਗਪੱਤਰ ਵਡੇ ਕਿਸਾਨ ਵਫਦਾਂ ਵਲੋਂ ਸੋੰਪੇ ਜਾਣਗੇ। ਉਨਾਂ ਦੱਸਿਆ ਕਿ ਕੇਂਦਰ ਦੀ ਭਾਜਪਾ ਹਕੂਮਤ ਇਕ ਵੇਰ ਦਿੱਤੇ ਸਬਕ ਤੋ ਅਜੇ ਕੁਝ ਨਹੀਂ ਸਿਖੀ । ਸਮੁੱਚੀਆਂ ਫਸਲਾਂ ਤੇ ਸਵਾਮੀਨਾਥਨ ਕਮਿਸ਼ਨ ਅਤੇ ਰਮੇਸ਼ ਚੰਦ ਕਮੇਟੀ ਦੀਆਂ ਰਿਪੋਰਟਾਂ ਮੁਤਾਬਕ ਘਟੋਘਟ ਸਮਰਥਨ ਮੁੱਲ ਦੇਣ ਲਈ ਕਮੇਟੀ ਦੇ ਨਿਰਮਾਣ ਦੀ ਮੰਗ ਨੂੰ ਭਾਜਪਾ ਹਕੂਮਤ ਵਲੋਂ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ।ਉਤੋਂ ਮੁੱਖ ਖਰੀਦ ਏਜੰਸੀ ਐੱਫ ਸੀ ਆਈ ਵਲੋਂ ਖਰੀਦ ਦੀਆਂ ਸ਼ਰਤਾਂ ਸਖਤ ਕਰਕੇ, ਖਰੀਦ ਬੰਦ ਕਰਨ ਲਈ ਮਜਬੂਰ ਕਰਕੇ ਇਕ ਤਰਾਂ ਨਾਲ ਸਰਕਾਰੀ ਖਰੀਦ ਏਜੰਸੀਆਂ ਅਤੇ ਮੰਡੀਆਂ ਦਾ ਭੋਗ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਤਿੰਨ ਸੋ ਯੁਨਿਟ ਮਾਫ ਕਰਨ ਦੀ ਗਲ ਕਰਦੀ ਹੈ ਤੇ ਦੂਜੇ ਬੰਨੇ ਪ੍ਰੀ ਪੇਡ ਮੀਟਰ ਲਾਏ ਜਾ ਰਹੇ ਹਨ। ਉਨਾਂ ਕਿਹਾ ਕਿ ਦੇਸ਼ ਭਰ ਚ ਪੈਟਰੋਲ, ਡੀਜਲ,ਰਸੋਈ ਗੈਸ ਦੀਆਂ ਕੀਮਤਾਂ ਚ ਕਾਰਪੋਰੇਟ ਹਕੂਮਤ ਵਲੋਂ ਕੀਤਾ ਜਾ ਰਿਹਾ ਵਾਧਾ , ਆਮ ਵਸਤਾਂ ਦੀ ਵਧ ਰਹੀ ਲਕ ਤੋੜ ਮਹਿੰਗਾਈ ਕਾਰਣ ਆਮ ਲੋਕ ਚੌਤਰਫਾ ਹਮਲੇ ਚ ਬੁਰੀ ਤਰਾਂ ਪਿਸ ਰਹੇ ਹਨ। ਇਨਾਂ ਸਾਰੇ ਹਮਲਿਆਂ ਦਾ ਜਵਾਬ ਵੀ ਪਹਿਲਾਂ ਵਾਂਗ ਹੀ ਇਕਜੁੱਟ ਹੋ ਕੇ ਦੇਣਾ ਪਵੇਗਾ। ਦੋਹਾਂ ਕਿਸਾਨ ਆਗੂਆਂ ਨੇ ਅਡਾਨੀ ਦੇ ਸਾਇਲੋ ਤੇ ਕਣਕ ਵੇਚ ਰਹੇ ਕਿਸਾਨਾਂ ਨੂੰ ਸੁਣਾਉਣੀ ਕੀਤੀ ਕਿ ਸਾਢੇ ਸੱਤ ਸੋ ਕੁਰਬਾਨੀਆਂ ਤੋਂ ਬਾਅਦ ਜਮੀਨਾਂ ਤੇ ਫਸਲਾਂ ਬਚਾਈਆਂ ਗਈਹਨ। ਜੇ ਕੁਝ ਸੈਂਕੜਿਆਂ ਦੇ ਲਾਲਚ ਚ ਇਹ ਜਮੀਨਾਂ ਤੇ ਫਸਲਾਂ ਗੁੰਮ ਗਈਆਂ ਤਾਂ ਆਉਣ ਵਾਲਾ ਸਮਾਂ ਮਾਫ ਨਹੀਂ ਕਰੇਗਾ।ਉਨਾਂ ਦੱਸਿਆ ਕਿ ਉਪਰੰਤ ਪਿੰਡਾਂ ਚ ਖੇਤੀ ਮੋਟਰਾਂ, ਪਿੰਡਾਂ ਤੇ ਸ਼ਹਿਰਾਂ ਚ ਲਗ ਰਹੇ ਘਰੇਲੂ ਬਿਜਲੀ ਸਪਲਾਈ ਦੇ ਕੱਟਾਂ ਖਿਲਾਫ ਜਗਰਾਂਓ ਅਤੇ ਰਾਏਕੋਟ ਦੋਹਾਂ ਥਾਵਾਂ ਤੇ ਬਿਜਲੀ ਦੇ ਡਵੀਜ਼ਨ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਉਨਾਂ ਇਲਾਕੇ ਭਰ ਦੇ ਕਿਸਾਨਾਂ ਨੂੰ ਇਨਾਂ ਐਕਸ਼ਨਾਂ ਚ ਝੰਡੇ ਬੈਨਰ ਲੈ ਕੇ ਸਮੇਂ ਸਿਰ ਪੁੱਜਣ ਦੀ ਜੋਰਦਾਰ ਅਪੀਲ ਕੀਤੀ ਹੈ।