Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਜਾਖੜ ਸਾਹਿਬ ! ਪੰਜਾਬ ਦੀ ਪੁੱਤ ਹੋਣ ਦਾ...

ਨਾਂ ਮੈਂ ਕੋਈ ਝੂਠ ਬੋਲਿਆ..?
ਜਾਖੜ ਸਾਹਿਬ ! ਪੰਜਾਬ ਦੀ ਪੁੱਤ ਹੋਣ ਦਾ ਵੀ ਫਰਜ਼ ਅਦਾ ਕਰ ਲਓ

47
0


ਇਸ ਵਾਰ ਕੇਂਦਰ ਸਰਕਾਰ ਨੇ 26 ਜਨਵਰੀ ਨੂੰ ਹੋਣ ਵਾਲੀ ਪਰੇਡ ਵਿਚ ਪੰਜਾਬ ਦੀ ਝਾਂਕੀ ਦਿਖਾਉਣ ਤੋਂ ਫਿਰ ਨਾਂਹ ਕਰ ਦਿੱਤੀ ਹੈ। ਜਿਸ ਕਾਰਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ। ਇਸ ਮਾਮਲੇ ਵਿਚ ਦਿਲਚਸੁ ਅਤੇ ਦੁਖਦਾਈ ਗੱਲ ਇਹ ਸਾਹਮਣੇ ਆਈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਪੰਜਾਬ ਦੇ ਹੱਕ ਵਿਚ ਕੜ੍ਹਣ ਦੀ ਬਜਾਏ ਕੇਂਦਰ ਦੇ ਹੱਕ ਵਿਚ ਭੁਗਤ ਕੇ ਬੇਤੁਕੀਆਂ ਦਲੀਲਾਂ ਦੇਣ ਲੱਗੇ ਹੋਏ ਹਨ। ਜਿਸਦਾ ਸਬੂਤਾਂ ਸਮੇਤ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਪਰਦਾ ਵੀ ਫਾਸ਼ ਕਰ ਦਿਤਾ ਪਰ ਸਹੀ ਨੇਤਾ ਵਾਂਗ ਉਹ ਫਿਰ ਵੀ ਕਹਿ ਰਹੇ ਹਨ ਕਿ ਉਹ ਆਪਣੀ ਗੱਲ ਤੇ ਸਟੈਂਡ ਕਰਦੇ ਹਨ। ਇਥੇ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਯਾਦ ਕਰੋ ਪਹਿਲਾਂ ਤੁਸੀਂ ਕਾਂਗਰਸ ਦੇ ਨੁਮਾਇੰਦੇ ਹੁੰਦੇ ਸੀ ਤੇ ਹੁਣ ਭਾਜਪਾਈ ਬਣ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਬਣ ਗਏ ਹੋ। ਉਸ ਸਮੇਂ ਵੀ ਤੁਸੀਂ ਪੰਜਾਬ ਦਾ ਖਾਂਦੇ ਸੀ ਅਤੇ ਹੁਣ ਵੀ ਤੁਸੀਂ ਪੰਜਾਬ ਦਾ ਹੀ ਖਾਂਦੇ ਹੋ। ਹੁਣ ਤੁਹਾਡੀ ਪਾਰਟੀ ਦੀ ਕੇਂਦਰ ਵਿਚ ਸਰਕਾਰ ਹੈ। ਇਸ ਲਈ ਜਿਥੇ ਪੰਜਾਬ ਦੇ ਹਿੱਤ ਦੀ ਗੱਲ ਹੋਵੇ ਉਥੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਪੁੱਤ ਬਣਕੇ ਪੰਜਾਬ ਦੀ ਗੱਲ ਕਰੋ। ਇਥੇ ਵੀ ਤੁਹਾਨੂੰ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ। ਪਰ ਤੁਸੀਂ ਪੰਜਾਬ ਦੀ ਝਾਂਕੀ ਨੂੰ ਪੇਸ਼ ਨਾ ਕਰਨ ਲਈ ਕਈ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਕੇਂਦਰ ਸਰਕਾਰ ਨੂੰ ਜਾਇਜ਼ ਠਹਿਰਾ ਰਹੇ ਹੋ। ਮੰਨ ਲਓ ਕਿ ਪੰਜਾਬ ਸਰਕਾਰ ਇਸ ਵਿਚ ਸਹੀ ਤੱਥ ਪੇਸ਼ ਨਹੀਂ ਕਰ ਰਹੀ ਹੈ। ਇਹ ਮਾਮਲਾ ਤੁਸੀਂ ਪੰਜਾਬੀ ਅਤੇ ਪੰਜਾਬ ਦੇ ਵੱਡੇ ਨੇਤਾ ਹੋਣ ਦੇ ਨਾਤੇ ਆਪਣੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਗੱਲ ਕਰਕੇ ਹੱਲ ਕਰਵਾ ਸਕਦੇ ਸੀ। ਕੌਮੀ ਸਮਾਗਮ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਕਰਨ ਵਿਚ ਅਹਿਮ ਰੋਲ ਨਿਭਾ ਸਕਦੇ ਸੀ। ਇਹ ਠੀਕ ਹੈ ਕਿ ਕਾਂਗਰਸ ਪਾਰਟੀ ਵਿਚ ਰਹਿ ਕੇ ਆਪਣੇ ਪੁਰਖਿਆਂ ਤੋਂ ਲੈ ਕੇ ਹੁਣ ਤੱਕ ਤੁਸੀਂ ਰਾਜਨੀਤੀ ਦਾ ਹਰ ਅਨੰਦ ਮਾਣਿਆ। ਕਾਂਗਰਸ ਨੇ ਤੁਹਾਨੂੰ ਅਤੇ ਤੁਹਾਡੇ ਪਿਤਾ ਨੂੰ ਹਰ ਬਣਦਾ ਮਾਣ ਸਤਿਕਾਰ ਦਿਤਾ। ਪਰ ਉਸਦੇ ਵਬਾਵਜੂਦ ਤੁਸੀਂ ਕਾਂਗਰਸ ਨੂੰ ਛੱਡ ਕੇ ਉਸ ਪਾਰਟੀ ਦੀ ਗੋਦ ਵਿਚ ਬੈਠ ਗਏ ਹੋ ਜਿਸਨੂੰ ਤੁਸੀਂ ਕਾਂਗਰਸੀ ਹੁੰਦੇ ਹੋਏ ਦੇਸ਼ ਨੂੰ ਬਪਬਾਦ ਕਰਨ ਵਾਲੀ ਪਾਰਟੀ ਦਾ ਖਿਤਾਬ ਦਿਆ ਕਰਦੇ ਸੀ। ਉਸੇ ਭਾਰਤੀ ਜਨਤਾ ਪਾਰਟੀ ਨੇ ਤੁਹਾਨੂੰ ਪੰਜਾਬ ਪ੍ਰਦਾਨ ਦੀ ਕੁਰਸੀ ਤੇ ਬਿਠਾ ਦਿਤਾ ਤਾਂ ਤੁਸੀਂ ਉਸਦੇ ਸੋਹਲੇ ਗਾਉਣ ਲੱਗ ਪਏ ਅਤੇ ਜਿਸ ਪਾਰਟੀ ਨੂੰ ਪਾਣੀ ਪੀ ਪੀ ਕੇ ਕੋਸਿਆ ਕਰਦੇ ਸੀ ਹੁਣ ਉਸੇ ਨੂੰ ਪੰਜਾਬ ਵਿਚ ਸਥਾਪਤ ਕਰਨ ਲਈ ਹੱਥ ਪੈਰ ਮਾਰ ਰਹੇ ਹੋ। ਹੁਣ ਜਦੋਂ ਤੁਸੀਂ ਪੰਜਾਬ ਦੇ ਪ੍ਰਧਾਨ ਬਣ ਗਏ ਹੋ ਤਾਂ ਇਸ ਪਾਰਟੀ ਵਿਚ ਤੁਹਾਨੂੰ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ ਅਤੇ ਜਿਥੇ ਉਹ ਗਲਤ ਵੀ ਹਨ ਉਥੇ ਵੀ ਤੁਸੀਂ ਉਸਨੂੰ ਸਹੀ ਠਹਿਰਾਉਣ ਲਈ ਦਲੀਲਾਂ ਦੇਣ ਲੱਗਦੇ ਹੋ। ਜਦੋਂ ਕਿ ਅਜਿਹੇ ਕਈ ਵੱਡੇ ਮੁੱਦੇ ਹਨ ਜਿਥੇ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਉਥੇ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਪੰਜਾਬ ਦੇ ਪੁੱਤ ਬਣਕੇ ਪੰਜਾਬ ਦੇ ਗੱਕ ਵਿਚ ਖੜ੍ਹੋ। ਜੇਕਰ ਅਜਿਹਾ ਕਰੋਗੇ ਤਾਂ ਹੀ ਪੰਜਾਬ ਵਿਚ ਤੁਸੀਂ ਇਹ ਨਵੀਂ ਪਾਰੀ ਖੇਡ ਸਕੋਦੇ ਅਤੇ ਤਾਂ ਹੀ ਤੁਸੀਂ ਆਪਣੀ ਪਾਰਟੀ ਨੂੰ ਪੰਜਾਬ ਵਿਚ ਕੋਈ ਥਾਂ ਦਵਾ ਸਕੋਗੇ। ਪੰਜਾਬ ਦੇ ਵੱਡੇ ਮੁÇੱਦਆਂ ਵਿਚੋਂ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ, ਦੂਜਾ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਹੈ, ਤੀਸਰਾ ਹੈ ਪੰਜਾਬ ਦੇ ਜੀ.ਐਸ ਟੀ ਦਾ ਪੈਸਾ, ਪੇਂਡੂ ਵਿਕਾਸ ਅਤੇ ਸਿਹਤ ਸਹੂਲਤਾਂ ਲਈ ਕੇਂਦਰ ਵਲੋਂ ਮਿਲਣ ਵਾਲਾ ਪੈਸਾ ਹੈ ਜੋ ਕਿ ਕੇਂਦਰ ਸਰਕਾਰ ਵਲੋਂ ਵੱਖ ਵੱਖ ਬਹਾਨੇ ਲਗਾ ਕੇ ਰੋਕ ਲਿਆ ਹੋਇਆ ਹੈ। ਇਹ ਸਾਰੇ ਫੰਡ ਜੋ ਪੰਜਾਬ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਤੁਸੀਂ ਆਪਣੇ ਦਖਲ ਨਾਲ ਇਨ੍ਹਾਂ ਸਾਰੇ ਮੱੁਦਿਆਂ ਨੂੰ ਆਸਾਨੀ ਮਾਲ ਕੇਂਦਰ ਸਰਕਾਰ ਤੋਂ ਹਲ ਕਰਵਾ ਸਕਦੇ ਹੋ।.ਸ਼ਾਇਦ ਅੱਜ ਰਾਜਨੀਤੀ ਇਸ ਹੱਦ ਤੱਕ ਗਿਰ ਚੁੱਕੀ ਹੈ ਕਿ ਇੱਕ ਪਾਰਟੀ ਦਾ ਕੋਈ ਵੀ ਆਗੂ ਦੂਜੀ ਪਾਰਟੀ ਨੂੰ ਕੁਝ ਨਹੀਂ ਦੇਣਾ ਚਾਹੁੰਦਾ। ਪਰ ਜੇਕਰ ਤੁਸੀਂ ਪੰਜਾਬ ਦੇ ਪੁੱਤਰ ਹੋਣ ਦੇ ਨਾਤੇ ਪੰਜਾਬ ਦੇ ਹੱਕਾਂ ਨੂੰ ਕੇਂਦਰ ਤੱਕ ਪਹੁੰਚਾਉਣ ਦਾ ਆਪਣਾ ਫਰਜ਼ ਨਿਭਾਉਂਦੇ ਹੋ ਤਾਂ ਫਿਰ ਯਕੀਨ ਕਰੋ ਇਸ ਦਾ ਸਿਹਰਾ ਭਗਵੰਤ ਮਾਨ ਦੀ ਸਰਕਾਰ ਨੂੰ ਨਹੀਂ ਬਲਕਿ ਤੁਹਾਨੂੰ ਹੀ ਦਿੱਤਾ ਜਾਵੇਗਾ। ਤੁਸੀਂ ਇਸ ਨੂੰ ਅੱਗੇ ਲਿਆਓ ਅਤੇ ਕੰਮ ਕਰੋ। ਇੱਥੇ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਸਿਆਸਤ ਦਾ ਊਠ ਕਦੋਂ ਕਿਸ ਕਰਵਟ ਬੈਠ ਜਾਏ ਇਹ ਕੋਈ ਨਹੀਂ ਜਾਣਦਾ। ਇਸ ਮਿਸਾਲ ਤੁਸੀਂ ਆਪਣੇ ਆਪ ਤੋਂ ਹੀ ਲੈ ਸਕਦੇ ਹੋ। ਤੁਸੀਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਣਾ ਕਿ ਤੁਸੀਂ ਆਪਣੀ ਮਾਂ ਪਾਰਟੀ ਨੂੰ ਇਸ ਤਰ੍ਹਾਂ ਛੱਡ ਕੇ ਉਸ ਪਾਰਟੀ ਵਿਚ ਜਾਓਗੇ ਅਤੇ ਉਸਦਾ ਪ੍ਰਧਾਨ ਤੱਕ ਬਣੋਗੇ, ਜਿਸਨੂੰ ਤੁਸੀਂ ਹਮੇਸ਼ਾ ਨਿਸ਼ਾਨੇ ਤੇ ਲੈਂਦੇ ਸੀ ਅਤੇ ਨਿੰਦਾ ਕਰਦੇ ਸੀ। ਇਹੀ ਨਹੀਂ ਹੁਣ ਤੁਹਾਡੇ ਮੋਢਿਆ ਤੇ ਉਸੇ ਪਾਰਟੀ ਨੂੰ ਪੰਜਾਬ ਵਿਚ ਸਥਾਪਤ ਕਰਨ ਦੀ ਜਿੰਮੇਵਾਰੀ ਵੀ ਹੈ। ਇਸ ਲਈ ਇਹ ਕਦੇ ਵੀ ਸੰਭਵ ਹੋ ਸਕਦਾ ਹੈ ਕਿ ਤੁਸੀਂ ਇਸੇ ਭਾਜਪਾ ਨੂੰ ਛੱਡ ਕੇ ਫਿਰ ਤੋਂ ਆਪਣੀ ਘਰ ਵਾਪਸੀ ਦਾ ਐਲਾਣ ਕਰ ਦਿਓ। ਇਸ ਲਈ ਰਾਜਨੀਤੀ ਦੇ ਇਸ ਦੌਰ ਵਿਚ ਸੱਤਾ ਦੇ ਕੇਂਦਰ ਤਾਂ ਬਦਲਦੇ ਰਹਿੰਦੇ ਹਨ ਪਰ ਤੁਸੀਂ ਜ਼ਮੀਨ ਨਾਲ ਜੁੜੇ ਹੋਏ ਨੇਤਾ ਹੋ ਅਤੇ ਪੰਜਾਬ ਦੇ ਪੁੱਤ ਹੋਣ ਦਾ ਫਰਜ਼ ਪਹਿਲਾਂ ਅਦਾ ਕਰੋ। ਪਾਰਟੀਆਂ ਤਾਂ ਆਉਂਦੀਆਂ ਜਾਂਦੀਆਂ ਅਤੇ ਬਦਲਦੀਆਂ ਰਹਿੰਦੀਆਂ ਹਨ। ਇਸ ਲਈ ਕੇਂਦਰ ਦੀ ਚਾਪਲੂਸੀ ਕਰਨੀ ਬੰਦ ਕਰੋ ਅਤੇ ਆਪਣੇ ਪੰਜਾਬ ਦੀ ਗੱਲ ਕਰੋ। ਜੇਕਰ ਤੁਸੀਂ ਆਪਣੇ ਸੂਬੇ ਦੀ ਗੱਲ ਕਰੋਗੇ ਤਾਂ ਸੂਬੇ ਦੇ ਲੋਕ ਤੁਹਾਨੂੰ ਤੁਹਾਡੇ ਬਜ਼ੁਰਗਾਂ ਵਾਂਗ ਸਤਿਕਾਰ ਦੇਣਗੇ। ਹਾਂ ! ਇੱਕ ਗੱਲ ਹੋਰ ਹੈ, ਹੁਣ ਤੁਸੀਂ ਪੰਜਾਬ ਤੋਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਇਕੱਲੇ ਆਗੂ ਨਹੀਂ ਰਹੇ। ਤੁਹਾਡੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ( ਜੋ ਘਰੋੜ ਕੇ ਭਾਜਪਾ ਵਿਚ ਕਦੇ ਵੀ ਨਾ ਜਾਣ ਦੇ ਦਾਅਵੇ ਕਰਿਆ ਕਰਦੇ ਸਨ ) ਵੀ ਹਨ। ਜੋ ਭਾਜਪਾ ਵਿੱਚ ਸ਼ਾਮਲ ਹੋਏ ਹਨ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ। ਕੀ ਉਨ੍ਹਾਂ ਨੂੰ ਪੰਜਾਬ ਦੇ ਹਿਤ ਨਜ਼ਰ ਨਹੀਂ ਆ ਰਹੇ ਜਾਂ ਹੁਣ ਉਨ੍ਹੰ ਦੀ ਕੋਈ ਪੁੱਛ ਪ੍ਰਤੀਤ ਹੀ ਨਹੀਂ। ਜਿਸ ਕਾਰਨ ਉਹ ਕਿਸੇ ਵੀ ਮੁੱਦੇ ਤੇ ਮੂੰਹ ਹੀ ਨਹੀਂ ਖੋਲ੍ਹ ਰਹੇ। ਅੱਜ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ 26 ਜਨਵਰੀ ਨੂੰ ਪੰਜਾਬ ਦੀ ਝਾਕੀ ਵਾਲਾ ਮੁੱਦਾ ਹੋਵੇ ਜਾਂ ਹੋਰ ਅਹਿਮ ਮੁੱਦੇ ਹੋਣ ਉਨ੍ਹਾਂ ਤੇ ਕੇਂਦਰ ਸਰਕਾਰ ਨਾਲ ਗੱਲ ਕਰਨ ਦੀ ਲੋੜ ਹੈ। ਪੰਜਾਬ ਪਹਿਲਾਂ ਹੈ ਪਾਰਟੀਬਾਜ਼ੀ ਬਾਅਦ ਵਿਚ ਹੈ। ਪੰਜਾਬ ਦੇ ਹੋ ਅਤੇ ਪੰਜਾਬ ਦੇ ਸਿਰ ਤੇ ਹੀ ਹੁਣ ਤੱਕ ਰਾਜਭਾਗ ਕਰਦੇ ਰਹੇ ਹੋ। ਇਸ ਲਈ ਹੁਣ ਜਦੋਂ ਪੰਜਾਬ ਦੇ ਹਿੱਤ ਵਿਚ ਕੰਮ ਕਰਨ ਦੀ ਵਾਰੀ ਹੈ ਤਾਂ ਪਾਰਟੀਬਾਜ਼ੀ ਦੇਖ ਰਹੇ ਹੋ। ਜੇਕਰ ਭਵਿੱਖ ਵਿਚ ਵੀ ਇਸ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਹੋਰ ਨਾ ਸਹੀ ਘੱਟੋ-ਘੱਟ ਪੰਜਾਬ ਵਾਸੀਆਂ ਨੇ ਜੋ ਮਾਣ ਸਨਮਾਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਦਿਤਾ ਉਸਦੇ ਖਾਤਰ ਹੀ ਪੰਜਾਬ ਲਈ ਹਾਅ ਦਾ ਨਾਅਰਾ ਮਾਰ ਦਿਓ। ਤੁਹਾਡੇ ਕੋਲ ਅਜੇ ਵੀ ਸਮਾਂ ਹੈ। ਇਸ ਲਈ ਇੱਕ ਪੰਜਾਬੀ ਹੋਣ ਦੇ ਨਾਤੇ ਅਤੇ ਪੰਜਾਬ ਦੇ ਪੁੱਤ ਬਣਕੇ ਇਹ ਸਾਰੇ ਮੁੱਦੇ ਕੇਂਦਰ ਕੋਲ ਉਠਾ ਕੇ ਹੱਲ ਕਰਵਾਓ। ਨਹੀਂ ਤਾਂ ਸਮਾਂ ਬਹੁਤ ਤਾਕਤਵਰ ਹੈ। ਪਰ ਪੰਜਾਬ ਤੁਹਾਨੂੰ ਕਦੇ ਮਾਫ ਨਹੀਂ ਕਰੇਗਾ। ਇਸ ਲਈ ਅਜੇ ਵੀ ਸਮਾਂ ਹੈ, ਪਹਿਲਾਂ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰੋ, ਪਾਰਟੀਬਾਜ਼ੀ ਬਾਅਦ ਵਿਚ ਰੱਖੋ।
ਹਰਵਿੰਦਰ ਸਿੰਘ ਸੱਗੂ

LEAVE A REPLY

Please enter your comment!
Please enter your name here