Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਸੁਪਰੀਮ ਕੋਰਟ ਦੇ ਹੁਕਮ ਅਤੇ ਬਿਲਕਿਸ ਬਾਨੋ ਦਾ...

ਨਾਂ ਮੈਂ ਕੋਈ ਝੂਠ ਬੋਲਿਆ..?
ਸੁਪਰੀਮ ਕੋਰਟ ਦੇ ਹੁਕਮ ਅਤੇ ਬਿਲਕਿਸ ਬਾਨੋ ਦਾ ਨਵਾਂ ਸਾਲ

44
0


ਭਾਰਤ ਭਾਵੇਂ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਪਰ ਇਥੇ ਰਾਜਨੀਤਿਕ ਪਾਰਟੀਆਂ ਜੋ ਸੱਤਾ ਵਿਚ ਰਹੀਆਂ ਅਤੇ ਸੱਤਾਧਾਰੀ ਹਨ ( ਭਾਵੇਂ ਉਹ ਕਿਸੇ ਵੀ ਪਾਰਟੀ ਦੀਆਂ ਹੋਣ ) ਉਨ੍ਹਾਂ ਵਲੋਂ ਆਪਣੀ ਰਾਜਸੀ ਤਾਕਤ ਦਾ ਮੁਜਾਹਰਾ ਹਮੇਸ਼ਾ ਮਜਬੂਰ, ਹਰੀਬ ਅਤੇ ਲਾਚਾਰ ਲੋਕਾਂ ਤੇ ਕੀਤਾ ਹੈ। ਇਸ ਦੀਆਂ ਅਨੇਕਾਂ ਮਿਸਾਲਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਈ ਵਾਰ ਸਾਹਮਣੇ ਆਈਆਂ ਹਨ। ਦਿੱਲੀ ਦਾ ਸਿੱਖ ਨਰਸੰਹਾਰ ਹੋਵੇ, ਗੁਜਰਾਤ ਦਾ ਗੋਧਰਾ ਕਾਂਡ ਹੋਵੇ, ਦੇਸ਼ ਦੇ ਇਕ ਸੂਬੇ ਵਿਚ ਮਹਿਲਾਵਾਂ ਨੂੰ ਨੰਗੇ ਕਰਕੇ ਘੁਮਾਉਣ ਅਤੇ ਕਤਲ ਦਾ ਮਾਮਲਾ ਹੋਵੇ, ਇਨ੍ਹਾਂ ਸਭ ਮਾਮਲਿਆਂ ਨੇ ਸਮੇਂ ਦੀਆਂ ਸਰਕਾਰਾਂ ਅਤੇ ਹਾਕਮਾ ਦੇ ਚਿਹਰੇ ਨੰਗੇ ਕੀਤੇ ਪਰ ਪੀੜਿਤਾਂ ਨੂੰ ਇਨਸਾਫ ਅੱਜ ਤੱਕ ਵੀ ਨਹੀਂ ਮਿਲ ਸਕਿਆ। ਹਾਂ ਇਕ ਗੱਲ ਜਰੂਰ ਹੈ ਕਿ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਅਜਿਹੇ ਸ਼ਰਮਨਾਕ ਮਾਮਲਿਆਂ ਵਿਚ ਵੀ ਖੂਬ ਰਾਜਨੀਤੀ ਜਰੂਰ ਕਰਦੀਆਂ ਹਨ। ਇਸ ਸਮੇਂ ਦੇਸ਼ ਦੇ ਸਭ ਤੋਂ ਚਰਚਿਤ ਬਿਲਕਿਸ ਬਾਨੋ ਕੇਸ ਵੀ ਸੁਰਖੀਆਂ ਵਿਚ ਹੈ ਜਿਸ ਵਿਚ ਗੁਜਰਾਤ ਦੀ ਭਾਜਪਾ ਸਰਕਾਰ ਵੱਲੋਂ ਬੇਹੱਦ ਸੰਗੀਨ ਜੁਰਮਾਂ ਦੇ ਦੋਸ਼ੀਆਂ ਨੂੰ ਮੁਆਫ਼ੀ ਦੇ ਕੇ ਉਨ੍ਹਾਂ ਨੂੰ ਇਕ ਹੀਰੋ ਵਜੋਂ ਪੇਸ਼ ਕਰਨ ਤੇ ਹਿੰਦੂ ਅਤੇ ਮੁਸਲਿਮ ਭਾਈਚਾਰੇ ਵਿੱਚ ਪੈਦਾ ਹੋਏ ਡੂੰਘੇ ਪਾੜੇ ਨੂੰ ਸੁਪਰੀਮ ਕੋਰਟ ਨੇ ਤਾਜੇ ਹੁਕਮਾਂ ਵਿਚ ਉਸਨੂੰ ਭਰਨ ਦਾ ਕੰਮ ਕੀਤਾ ਅਤੇ ਘੱਟ ਗਿਣਤੀਆਂ ਦੇ ਮਨ ਤੇ ਮਲ੍ਹਮ ਲਗਾਈ। ਅਦਾਲਤ ਦੇ ਹੁਕਮਾਂ ਨੇ ਦੇਸ਼ ਦੀ ਸਰਵਉੱਚ ਅਦਾਲਤ ਦੀ ਗਰਿਮਾ ਨੂੰ ਬਰਕਰਾਰ ਰੱਖਿਆ। ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਵੱਲੋਂ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਮੁਆਫੀ ਦੇ ਕੇ ਰਿਹਾਅ ਕਰਨ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਅਤੇ ਸਾਰੇ ਦੋਸ਼ੀਆਂ ਨੂੰ ਜੇਲ ਵਿਚ ਹਾਜ਼ਰੀ ਲਗਵਾਉਣ ਦੇ ਆਦੇਸ਼ ਜਾਰੀ ਕੀਤੇ। ਸੁਪਰਕੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਬਿਲਕਿਸ ਬਾਨੋ ਨੇ ਬੇਹੱਦ ਭਾਵੁਕ ਸ਼ਬਦ ਕਹੇ ਕਿ ਅੱਜ ਉਸਦਾ ਨਵਾਂ ਸਾਲ ਹੈ ਅਤੇ ਉਹ ਕਈ ਸਾਲਾਂ ਤੋਂ ਮੁਸਕਰਾਈ ਨਹੀਂ ਹੈ ਅਤੇ ਆਪਣੇ ਬੱਚਿਆਂ ਨੂੰ ਗਲਵਕੱੜੀ ਨਹੀਂ ਪਾ ਸਕੀ। ਪਰ ਅੱਜ ਉਹ ਆਪਣੇ ਬੱਚਿੱਆਂ ਨੂੰ ਗਲਵੱਕੜੀ ਵਿਚ ਲੈ ਕੇ ਮੁਸਕਰਾਈ ਹੈ। ਸੁਪਰੀਮ ਕੋਰਟ ਦੇ ਫੈਸਲੇ ਨੇ ਉਸਨੂੰ ਇਨਸਾਫ਼ ਦੀ ਉਮੀਦ ਜਗਾਈ ਹੈ। ਉਹ ਵਿਸ਼ਵਾਸ ਕਰਦੀ ਹੈ ਕਿ ਉਸਨੂੰ ਨਿਆਂ ਮਿਲੇਗਾ। ਜਿਕਰਯੋਗ ਹੈ ਕਿ ਬਿਲਕੀਸ ਬਾਨੋ ਵਲੋਂ ਇਨਸਾਫ਼ ਲਈ ਲੜੀ ਲੜਾਈ ਅਤੇ ਸੰਘਰਸ਼ ਵਿੱਚ ਉਨ੍ਹਾਂ ਦੀ ਹਿੰਮਤ ਅਤੇ ਬਹਾਦਰੀ ਨਿਆਂ ਲਈ ਲੜ ਰਹੀਆਂ ਔਰਤਾਂ ਲਈ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਬਣ ਗਈ ਹੈ। ਤਿੰਨ ਸਾਲ ਦੀ ਬੱਚੀ ਅਤੇ ਮਾਂ ਸਮੇਤ ਆਪਣੇ ਪ੍ਰੀਵਾਰ ਦੇ ਸੱਤ ਮੈਂਬਰਾਂ ਨੂੰ ਗੁਆ ਚੁੱਕੀ ਬਿਲਕੀਸ ਬਾਨੋ ਦੀ ਕਮਾਲ ਦੀ ਦਲੇਰੀ, ਦ੍ਰਿੜਤਾ ਤੇ ਜਾਂਬਾਜੀ ਨਾਲ ਇਸ ਲੋਕ ਦੋਖੀ ਪ੍ਰਬੰਧ ਚ ਲਗਾਤਾਰ 22 ਸਾਲ ਨਿਆਂ ਹਾਸਲ ਕਰਨ ਦੀ ਜ਼ੰਗ ਨੂੰ ਜਾਰੀ ਰੱਖਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਇਸ ਮਾਮਲੇ ਵਿਚ ਸਭ ਤੋਂ ਅਹਿਮ ਪੱਖ ਇਹ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਜੋ ਟਿੱਪਣੀਆਂ ਕੀਤੀਆਂ ਹਨ, ਉਸ ਨੇ ਭਾਜਪਾ ਦਾ ਮਨੂੰਵਾਦੀ ਚਿਹਰਾ ਨੰਗਾ ਕਰ ਦਿੱਤਾ ਹੈ। ਇਸ ਫ਼ੈਸਲੇ ਨੇ ਗੁਜਰਾਤ ਦੀ ਭਾਜਪਾ ਸਰਕਾਰ ਦਾ ਔਰਤ ਨਾਲ ਹੋਏ ਇੱਕ ਅਤਿਅੰਤ ਵਹਿਸ਼ੀ ਜ਼ੁਰਮ ਦੇ ਦੋਸ਼ੀਆਂ ਨੂੰ ਮਾਫ਼ੀ ਦੇ ਕਿ ਇਕੱਲੇ ਬਿਲਕਸ ਬਾਨੋ ਦਾ ਹੀ ਨਹੀਂ ਬਲਕਿ ਸਮੁੱਚੀਆਂ ਘੱਟ ਗਿਣਤੀਆਂ ਨੂੰ ਗਹਿਰੀ ਚੋਟ ਪਹੁੰਚਾਈ ਸੀ। ਭਾਜਪਾ ਦਾ ਘੱਟ ਗਿਣਤੀਆਂ ਪ੍ਰਤੀ ਰਵਈਆ ਚਿੰਤਾਜਨਕ ਹੈ। ਸਮੂਹਿਕ ਬਲਾਤਕਾਰ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਬਰੀ ਕਰਾਕੇ ਹਾਰ ਪਹਿਨਾਉਣ, ਮਿਠਾਈ ਵੰਡ ਕੇ ਖੁਸ਼ੀ ਮਨਾਉਣ ਨਾਲ ਉਥੋਂ ਦੀ ਸਰਕਾਰ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਘੱਟ ਗਿਣਤੀਆਂ ਪ੍ਰਤੀ ਸੋਚ ਨੂੰ ਸਪਸ਼ਟ ਕਰ ਦਿੱਤਾ ਸੀ। ਸੰਗੀਨ ਅਪਰਾਧੀਆਂ ਨੂੰ ਸੰਸਕਾਰੀ ਤੇ ਜੇਲ੍ਹ ’ਚ ਵਧੀਆ ਚਾਲਚਲਨ ਦਾ ਖ਼ਿਤਾਬ ਦੇ ਕੇ 7 ਕਤਲਾਂ ਤੇ ਸਮੂਹਿਕ ਬਲਾਤਕਾਰ ਜਿਹੇ ਅਤਿ ਘਿਨਾਉਣੇ ਦੋਸ਼ਾਂ ਤੋਂ ਬਰੀ ਕਰਨਾ ਦਰਸਾਉਂਦਾ ਹੈ ਕਿ ਦੇਸ਼ ਵਿਚ ਕਿਹੋ ਜਿਹਾ ਰਾਮਰਾਜ ਉਸਾਰਨ ਲਈ ਤਰਲੋਮੱਛੀ ਹੋ ਰਹੇ ਹਨ। ਜਿਸ ਰਾਮ ਰਾਜ ਲਿਆਉਣ ਦੀ ਗੱਲ ਹਮੇਸ਼ਾ ਕੀਤੀ ਜਾਂਦੀ ਹੈ , ਉਹ ਅਜਿਹੇ ਪ੍ਰਬੰਧਾ ਵਾਲਾ ਹੋਵੇਗਾ? ਜੇਕਰ ਇਸ ਤਰ੍ਹਾਂ ਇਨਸਾਫ਼ ਜੋ ਗੁਜਰਾਤ ਸਰਕਾਰ ਨੇ ਬਿਲਕਸ ਬਾਨੋ ਮਾਮਲੇ ਚ ਕੀਤਾ ਸੀ ਤਾਂ ਸ਼ਾਇਦ ਕੋਈ ਵੀ ਅਜਿਹਾ ਰਾਮਰਾਜ ਨਹੀਂ ਚਾਹੇਗਾ। ਦੋਸ਼ੀਆਂ ਨੂੰ ਜੇਲ੍ਹ ’ਚੋਂ ਬਾਹਰ ਕੱਢਣ ਉਪਰੰਤ ਜਿਸ ਸੂਰਮਗਤੀ ਨਾਲ ਇਸ ਮਹਾਨ ਔਰਤ ਨੇ ਦਿਲ ਤੇ ਪੱਥਰ ਰੱਖ ਕੇ ਲੜਾਈ ਲੜੀ ਹੈ, ਵੱਡੇ ਸਲਾਮ ਦੀ ਹੱਕਦਾਰ ਹੈ। ਇਸਦੇ ਨਾਲ ਹੀ ਰਾਜਨੀਤਿਕ ਪਾਰਟੀ ਦੀ ਮਾਨਸਿਕਤਾ ਇਕ ਹੋਰ ਛੋਟੀ ਮਾਸੂਮ ਬੱਚੀ ਦੇ ਬਲਾਤਕਾਰ ਅਤੇ ਕਤਲ ਸਮੇਂ ਵੀ ਪੂਰੀ ਤਰ੍ਹਾਂ ਨਾਲ ਉਜ਼ਾਗਰ ਹੋਈ ਸੀ, ਜਦੋਂ ਉਸਦੀ ਦੀ ਇਕ ਇਕਾਈ ਦੇ ਅਹੁਦੇਦਾਰਾਂ ਨੇ ਬਲਾਤਕਾਰੀ ਕਾਤਲਾਂ ਦੇ ਹੱਕ ’ਚ ਜੰਮੂ ’ਚ ਜਲੂਸ ਕੱਢੇ ਗਏ ਸਨ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਬਿਲਕੀਸ ਬਾਨੋ ਨੇ ਕਿਹਾ ਕਿ ਅੱਜ ਉਸ ਲਈ ਨਵਾਂ ਸਾਲ ਚੜ੍ਹਿਆ ਹੈ ਤੇ ਅਪਣੇ ਬੱਚਿਆਂ ਨੂੰ ਕਲਾਵੇ ’ਚ ਲੈ ਕੇ ਡੇਢ ਸਾਲ ਬਾਅਦ ਉਹ ਪਹਿਲੀ ਵਾਰ ਮੁਸਕਰਾਈ ਹੈ। ਇਹ ਬਿਆਨ ਕੱਟੜਪੰਥੀ ਸੋਚ ਰੱਖਣ ਵਾਲੇ ਅਤੇ ਇਨਸਾਫ਼ ਦਾ ਗਲਾ ਘੁੱਟਣ ਵਾਲੇ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਬਿਲਕਿਸ ਬਾਨੋ ਦੀ ਲੜਾਈ ਵਿਚ ਸ਼ਾਮਲ ਹੋਣ ਵਾਲੇ ਆਮ ਲੋਕਾਂ ਅਤੇ ਕੇਸ ਦੀ ਪੈਰਵਾਈ ਕਰਕੇ ਇਨਸਾਫ ਦਵਾਉਣ ਵਾਲੇ ਵਕੀਲ ਵੀ ਸਲਾਮ ਦੇ ਹੱਕਦਾਰ ਹਨ।
ਹਰਵਿੰਦਰ ਸਿੰਘ ਸ਼ੱਗੂ।

LEAVE A REPLY

Please enter your comment!
Please enter your name here