ਜਗਰਾਉਂ, 1 ਮਈ ( ਬੌਬੀ ਸਹਿਜਲ, ਧਰਮਿੰਦਰ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਮਜ਼ਦੂਰ ਦਿਵਸ ਨੁੰ ਵਿਲੱਖਣ ਢੰਗ ਨਾਲ ਮਨਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਕੂਲ ਦੇ ਜਿੰਨੇ ਵੀ ਸਫ਼ਾਈ ਕਰਮਚਾਰੀ ਹਨ ਉਹਨਾਂ ਲਈ ਆਪਣੇ ਘਰਾਂ ਤੋਂ ਫਲ, ਪਰੌਂਠੇ, ਚਾਵਲ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਈ ਸਮਾਨ ਲੈ ਕੇ ਆਂਦਾ ਤੇ ਖ਼ੁਦ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਬੜੇ ਸੁਚੱਜੇ ਤਰੀਕੇ ਨਾਲ ਵਰਤਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਆਪਣੀ ਦੇਖ-ਰੇਖ ਵਿਚ ਹੋਏ ਇਸ ਕੰਮ ਦੀ ਸ਼ਲਾਘਾ ਕੀਤੀ ਤੇ ਬੱਚਿਆਂ ਨੂੰ ਦੁਆਵਾਂ ਦਿੱਤੀਆਂ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨਾਲ ਉਹਨਾਂ ਅੰਦਰ ਸਤਿਕਾਰ ਦੀ ਭਾਵਨਾ ਪੈਦਾ ਹੋਵੇਗੀ ਤੇ ਉਹ ਕਦੇ ਇਹਨਾਂ ਨੂੰ ਊਚ-ਨੀਚ ਦੀ ਭਾਵਨਾ ਨਾਲ ਨਹੀਂ ਦੇਖਣਗੇ। ਸਮਾਜ ਨੂੰ ਇਹ ਇੱਕ ਚੰਗਾ ਸੁਨੇਹਾ ਹੈ ਕਿ ਉਹ ਵਿਦਿਆਰਥੀਆਂ ਦੀ ਇਸ ਪਹਿਲ ਕਦਮੀ ਨੂੰ ਆਪਣਾ ਸਹਿਯੋਗ ਦੇ ਕੇ ਅੱਗੇ ਵਧਾਉਣ ਤਾਂ ਜੋ ਅਸੀਂ ਆਪਣੇ ਦੇਸ਼ ਨੂੰ ਬਰਾਬਰਤਾ ਦੇ ਹੱਕ ਦੇ ਸਕੀਏ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ,ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਇਹ ਲੋਕ ਸਮਾਜ ਲਈ ਰੀੜ ਦੀ ਹੱਡੀ ਦਾ ਕੰਮ ਕਰ ਰਹੇ ਹਨ।