ਫਿਲੌਰ,27 ਅਗਸਤ (ਰਾਜ਼ਨ ਜੈਨ) : ਐਤਵਾਰ ਸਵੇਰੇ 10 ਵਜੇ ਦੇ ਕਰੀਬ ਫਿਲੌਰ-ਨਵਾਂਸ਼ਹਿਰ ਰੋਡ ‘ਤੇ ਇਕ ਪੈਟਰੋਲ ਪੰਪ ‘ਤੇ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ, ਜਦੋਂ ਇਕ ਪੁਰਾਣੀ ਬਿਲਡਿੰਗ ਨੂੰ ਢਾਹੁਣ ਸਮੇਂ ਲੋਹੇ ਦੀ ਗਰਿੱਲ ਬਾਹਰ ਕੱਢਣ ਵੇਲੇ ਅਚਾਨਕ ਲੈਂਟਰ ਡਿੱਗ ਪਿਆ। ਲੈਂਟਰ ਹੇਠਾਂ ਚਾਰ ਵਿਅਕਤੀ ਆ ਗਏ ਜਿਨ੍ਹਾਂ ਵਿਚੋਂ ਮਜ਼ਦੂਰ ਸਤੀਸ਼ ਕੁਮਾਰ ਪੁੱਤਰ ਜੀਤ ਰਾਮ ਪਿੰਡ ਕਰਲਾਟੀ ਬਿਲਾਸਪੁਰ (ਹਿਮਾਚਲ ਪ੍ਰਦੇਸ਼ ) ਤੇ ਵਿਨੋਦ ਨਾਂ ਦੇ ਮਜ਼ਦੂਰ ਦੀ ਮੌਤ ਹੋ ਗਈ।ਪੰਪ ਮੁਲਾਜ਼ਮਾਂ ਤੇ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਨਵਾਂਸ਼ਹਿਰ ਦੇ ਹਸਪਤਾਲ ਵਿਖੇ ਭੇਜਿਆ ਤੇ ਫਿਲੌਰ ਪੁਲਿਸ ਨੂੰ ਸੂਚਿਤ ਕੀਤਾ। ਅਤੇ ਮੌਕੇ ‘ਤੇ ਪੁੱਜ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ। ਓਮੇਸ਼ ਕੁਮਾਰ ਚੌਕੀ ਇੰਚਾਰਜ ਸਾਥੀ ਮੁਲਾਜ਼ਮਾਂ ਨਾਲ ਮੌਕੇ ‘ਤੇ ਪੁੱਜੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਵਾਂ ਜ਼ਖ਼ਮੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।ਇਸ ਮੌਕੇ ਹਲਕਾ ਫਿਲੌਰ ‘ਆਪ’ ਪਾਰਟੀ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਆਪਣੇ ਸਾਥੀਆਂ ਨਾਲ ਪੁੱਜੇ ਤੇ ਘਟਨਾ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਬਣਦੀ ਸਹਾਇਤਾ ਲਈ ਸਰਕਾਰ ਨੂੰ ਕਹਿਣਗੇ।