ਜਗਰਾਓਂ, 27 ਅਗਸਤ ( ਰੋਹਿਤ ਗੋਇਲ, ਅਸ਼ਵਨੀ)-ਪੰਜਾਬ ਦੇ ਮੌਜੂਦਾ ਅਤੇ ਰਿਟਾਇਰ ਮਿਉਂਸਪਲ ਮੁਲਾਜ਼ਮਾਂ ਦੀ ਇੱਕ ਸੂਬਾ ਪੱਧਰੀ ਭਰਵੀਂ ਇਕੱਤਰਤਾ ਬਰਨਾਲਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ। ਇਸ ਇਕੱਤਰਤਾ ਵਿੱਚ ਵੱਖ-ਵੱਖ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਵਿੱਚੋਂ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਸ਼ਾਮਲ ਹੋਏ। ਮੀਟਿੰਗ ਵਿੱਚ ਮੌਜੂਦਾ ਰੈਗੂਲਰ ਮੁਲਾਜ਼ਮਾਂ ਅਤੇ ਰਿਟਾਇਰ ਮੁਲਾਜ਼ਮਾਂ ਤੋਂ ਬਿਨ੍ਹਾਂ ਆਊਟਸੋਰਸ ਕੰਮ ਕਰਦੇ ਕਲੈਰੀਕਲ ਮੁਲਾਜ਼ਮਾਂ ਨੇ ਵੀ ਸ਼ਮੂਲੀਅਤ ਕਰਕੇ ਜਥੇਬੰਦੀ ਨਾਲ ਜੁੜਨ ਦਾ ਪ੍ਰਸਤਾਵ ਰੱਖਿਆ। ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਮੁਲਾਜ਼ਮ ਮੰਗਾਂ ਪ੍ਰਤੀ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਕਾਫੀ ਅਲੋਚਨਾ ਕੀਤੀ ਅਤੇ ਮੰਗ ਕੀਤੀ ਕਿ ਸਰਕਾਰ ਨੂੰ ਜਾਇਜ਼ ਮੰਗਾਂ ਮੰਨ ਕੇ ਲਾਗੂ ਕਰ ਦੇਣੀਆਂ ਚਾਹੀਦੀਆਂ ਹਨ। ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਜਾਬ ਮਿਉਂਸਪਲ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਜੀਰਾ ਨੇ ਜਿੱਥੇ ਮੰਗਾਂ ਪ੍ਰਤੀ ਸਰਕਾਰ ਦੇ ਰਵੱਈਏ ਦੀ ਨਿਖੇਧੀ ਕੀਤੀ, ਉਥੇ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਇੱਕ ਤਾਲਮੇਲ ਕਮੇਟੀ ਬਣਾਕੇ ਸੰਘਰਸ਼ ਕਰਨ ਦੀ ਦਲੀਲ ਰੱਖੀ। ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ ਨੇ ਆਪਣੀ ਤਕਰੀਰ ਰਾਹੀਂ ਸਰਕਾਰ ਅਤੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹਨਾਂ ਮੰਗਾਂ ਤੇ ਇੱਕ ਮਹੀਨੇ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਪੰਜਾਬ ਦੇ ਰੈਗੂਲਰ, ਰਿਟਾਇਰ ਅਤੇ ਆਊਟਸੋਰਸ ਮੁਲਾਜ਼ਮ ਮਿਲਕੇ ਇੱਕ ਸੰਘਰਸ਼ ਸ਼ੁਰੂ ਕਰਨਗੇ। ਪੰਜਾਬ ਮਿਉਂਸਪਲ ਵਰਕਰਜ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਰਿਟਾਇਰ ਯੂਨੀਅਨ ਦੇ ਮੌਜੂਦਾ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ ਨੇ ਸਪੱਸ਼ਟ ਕੀਤਾ ਕਿ ਜੇ ਕਿਸੇ ਵੀ ਆਊਟਸੋਰਸ ਮੁਲਾਜ਼ਮ ਨੂੰ ਬਿਨ੍ਹਾ ਕਿਸੇ ਕਾਰਨ ਡਿਊਟੀ ਤੋਂ ਹਟਾਇਆ ਜਾਂਦਾ ਹੈ ਤਾਂ ਤਿੰਨੋ ਯੂਨੀਅਨਾਂ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਸ਼ਰਤ ਕਿ ਸਬੰਧਿਤ ਆਊਟਸੋਰਸ ਮੁਲਾਜ਼ਮ ਵੀ ਯੂਨੀਅਨ ਦੇ ਪ੍ਰੋਗਰਾਮ ਵਿੱਚ ਆਉਂਦਾ ਜਾਂਦਾ ਹੋਵੇ। ਉਕਤ ਆਗੂ ਨੇ ਨਗਰ ਕੌਂਸਲ ਧਨੌਲਾ ਦੇ ਜੋ 2 ਆਊਟਸੋਰਸ ਮੁਲਾਜ਼ਮਾਂ ਨੂੰ ਹਟਾਇਆ ਜਾ ਚੁੱਕਾ ਹੈ ਉਨ੍ਹਾਂ ਨੂੰ ਵੀ ਡਿਊਟੀ ਤੇ ਹਾਜ਼ਰ ਕਰਵਾਉਣ ਦੀ ਮੰਗ ਕੀਤੀ ਗਈ। ਸੂਬਾ ਜੁਆਂਇੰਟ ਸਕੱਤਰ ਜਤਿੰਦਰ ਕੁਮਾਰ ਫਰੀਦਕੋਟ ਨੇ ਵੀ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦਕ ਘੇਰਾ ਵਿਸ਼ਾਲ ਕਰਨ ਤੇ ਜੋਰ ਦਿੱਤਾ। ਸਲੀਮ ਮੁਹੰਮਦ ਵਲੋਂ ਮਿਉਂਸਪਲ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਮੰਗਾਂ ਲਈ ਲੜਾਈ ਲੜਨ ਲਈ ਫੰਡ ਦੀ ਵੀ ਜ਼ਰੂਰਤ ਪੈਂਦੀ ਹੈ ਜੋ ਮੁਲਾਜ਼ਮਾਂ ਨੂੰ ਆਪਣੇ ਆਪ ਸਹਿਯੋਗ ਦੇਣਾ ਚਾਹੀਦਾ ਹੈ। ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਰਣਜੀਤ ਸਿੰਘ ਬਠਿੰਡਾ ਨੇ ਜਾਣਕਾਰੀ ਦਿੱਤੀ ਕਿ ਬਿਨ੍ਹਾਂ ਸੰਘਰਸ਼ ਕੀਤਿਆਂ ਮੰਗਾਂ ਦਾ ਕੋਈ ਹੋਰ ਹੱਲ ਨਹੀਂ ਹੈ। ਸ੍ਰੀ ਸਿਕੰਦਰ ਸਿੰਘ ਜਵਾਹਰਕੇ ਵੱਲੋਂ ਆਪਣੇ ਥੋੜੇ ਸ਼ਬਦਾਂ ਨਾਲ ਹੀ ਯੂਨੀਅਨ ਦੀਆਂ ਮੁੱਖ ਵੱਡੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਕਤ ਤੋਂ ਇਲਾਵਾ ਇਸ ਭਰਵੀਂ ਇਕੱਤਰਤਾ ਨੂੰ ਪੰਜਾਬ ਮਿਉਂਸਪਲ ਵਰਕਰਜ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਟੇਕ ਚੰਦ ਮਲੋਟ, ਸੂਬਾ ਮੀਤ ਪ੍ਰਧਾਨ ਹਰਬਖਸ਼ ਸਿੰਘ ਬਰਨਾਲਾ, ਸੂਬਾ ਪ੍ਰੈੱਸ ਸਕੱਤਰ ਦਵਿੰਦਰ ਸਿੰਘ ਜਗਰਾਉੰ, ਸੂਬਾ ਪ੍ਰਚਾਰ ਸਕੱਤਰ ਨਾਇਬ ਸਿੰਘ ਹੰਡਿਆਇਆ, ਜਿਲ੍ਹਾ ਬਰਨਾਲਾ ਦੇ ਪ੍ਰਧਾਨ ਚੈਂਚਲ ਕੁਮਾਰ ਧਨੌਲਾ ਤੇ ਜਿਲ੍ਹਾ ਸਕੱਤਰ ਗੋਬਿੰਦ ਰਾਮ ਬਰਨਾਲਾ, ਜਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਮੋੜ ਮੰਡੀ ਤੇ ਸਕੱਤਰ ਹਰਚਰਨ ਸਿੰਘ ਰਾਮਾਂ ਮੰਡੀ, ਜਿਲ੍ਹਾ ਮੋਗਾ ਦੇ ਪ੍ਰਧਾਨ ਕੁਲਦੀਪ ਸਿੰਘ ਨਿਹਾਲ ਸਿੰਘ ਵਾਲਾ, ਬ੍ਰਾਂਚ ਬਰਨਾਲਾ ਦੇ ਪ੍ਰਧਾਨ ਸੁਸ਼ੀਲ ਕੁਮਾਰ, ਕੋਟਕਪੂਰਾ ਇਕਾਈ ਦੇ ਪ੍ਰਧਾਨ ਅਮਰਨਾਥ ਕੋਟਕਪੂਰਾ, ਕੁਰਾਲੀ ਇਕਾਈ ਦੇ ਪ੍ਰਧਾਨ ਅਸ਼ੋਕ ਕੁਮਾਰ ਤੇ ਸਰਦੂਲ ਸਿੰਘ ਭੀਖੀ ਅਤੇ ਪੰਜਾਬ ਰਿਟਾਇਰ ਮਿਉਂਸਪਲ ਵਰਕਰਜ ਯੂਨੀਅਨ ਦੀ ਤਰਫੋਂ ਸੂਬਾ ਜਨਰਲ ਸਕੱਤਰ ਧਰਮਿੰਦਰ ਬਾਂਡਾ, ਸੂਬਾ ਮੀਤ ਪ੍ਰਧਾਨ ਤਾਰਾ ਸਿੰਘ ਗੋਰਾਇਆਂ ਤੇ ਜਗਦੇਵ ਸਿੰਘ ਰਾਮਪੁਰਾ, ਸੂਬਾ ਜੁਆਂਇੰਟ ਸਕੱਤਰ ਪਰਮਜੀਤ ਸਿੰਘ ਬਾਘਾ ਪੁਰਾਣਾ, ਸੂਬਾ ਪ੍ਰੈੱਸ ਸਕੱਤਰ ਸਤਨਾਮ ਸਿੰਘ ਸ਼ਾਹਕੋਟ, ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਵਿਜੈ ਕੁਮਾਰ ਜਗਰਾਉਂ ਅਤੇ ਸੁਖਦੇਵ ਸਿੰਘ ਜਗਰਾਉੰ, ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਇੰਦਰਜੀਤ ਢੰਡ, ਜਿਲ੍ਹਾ ਬਰਨਾਲਾ ਦੇ ਆਗੂ ਗੋਬਿੰਦ ਸਿੰਘ ਤਪਾ, ਜਿਲ੍ਹਾ ਮਲੇਰਕੋਟਲਾ ਦੇ ਆਗੂ ਅਖ਼ਤਰ ਮੁਹੰਮਦ ਤੋਂ ਇਲਾਵਾ ਆਊਟਸੋਰਸ ਇੰਪਲਾਈਜ਼ ਯੂਨੀਅਨ ਤੋਂ ਸੂਬਾ ਪ੍ਰਧਾਨ ਜਗਸੀਰ ਸਿੰਘ ਚੀਮਾਂ ਨੇ ਵੀ ਸੰਬੋਧਨ ਕੀਤਾ। ਅਖ਼ੀਰ ਵਿੱਚ ਤਾਲਮੇਲ ਕਮੇਟੀ ਬਣਾਉਣ ਅਤੇ ਸਰਕਾਰ ਨੂੰ ਮੰਗਾਂ ਸਬੰਧੀ ਇੱਕ ਮਹੀਨੇ ਦਾ ਨੋਟਿਸ ਦੇਣ ਲਈ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਸਮਾਪਤੀ ਸਮੇਂ ਪ੍ਰਧਾਨਗੀ ਮੰਡਲ ਨੇ ਜਿਲ੍ਹਾ ਯੂਨੀਅਨ ਬਰਨਾਲਾ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪ੍ਰਸ਼ੰਸਾ ਕਰਦਿਆਂ ਧੰਨਵਾਦ ਕੀਤਾ ਗਿਆ।