ਜਗਰਾਓਂ, 27 ਅਗਸਤ ( ਭਗਵਾਨ ਭੰਗੂ, ਜਗਰੂਪ ਸੋਹੀ)-ਐਨ ਆਰ ਆਈ ਜਾਇਦਾਦ ਬਚਾਓ ਐਕਸ਼ਨ ਕਮੇਟੀ ਦੀ ਮੀਟਿੰਗ ਕਿਸਾਨ ਆਗੂ ਹਰਦੇਵ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਨਛੱਤਰ ਸਿੰਘ ਯਾਦਗਾਰ ਹਾਲ ਜਗਰਾਂਓ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਕਮੇਟੀ ਮੈਂਬਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਮੀਟਿੰਗ ਵਿੱਚ ਹਲਕਾ ਵਿਧਾਇਕ ਵਲੋਂ ਸਾਜਸ਼ੀ ਢੰਗ ਨਾਲ ਕਬਜਾਈ ਕੋਠੀ ਦੇ ਮਸਲੇ ਦੀ ਤਾਜਾ ਸਥਿਤੀ ਬਾਰੇ ਵਿਸਥਾਰ ਚ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਪ੍ਰਵਾਸੀ ਅਮਰਜੀਤ ਕੋਰ ਦੀ ਬੇਨਤੀ ਤੇ ਇਸ ਚਰਚਿਤ ਮਾਮਲੇ ਚ ਲਿਪਤ ਸਾਰੀਆਂ ਧਿਰਾਂ ਨੂੰ ਹਾਈਕੋਰਟ ਚ ਤਲਬ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ। ਮੀਟਿੰਗ ਨੇ ਨੋਟ ਕੀਤਾ ਕਿ ਕੋਰਟ ਵਲੋਂ ਪੁਲਸ ਦੀ ਮਿਲੀਭੁਗਤ ਨਾਲ ਅਸ਼ੋਕ ਕੁਮਾਰ ਖਿਲਾਫ ਦਰਜ ਜਾਲੀ ਅਥਾਰਟੀ ਲੈਟਰ ਦੇ ਆਧਾਰ ਤੇ ਅਮਰਜੀਤ ਕੋਰ ਦੀ ਕੋਠੀ ਦੀ ਰਜਿਸਟਰੀ ਕਰਵਾਉਣ ਦੇ ਮਾਮਲੇ ਚ ਐਫ ਆਈ ਆਰ ਕਰਮ ਸਿੰਘ ਦੀ ਅਰਜੀ ਤੇ ਮਾਮਲੇ ਨੂੰ ਅੰਦਰਖਾਤੇ ਖਤਮ ਕਰਨ ਦੀ ਕਾਰਵਾਈ ਤਾਂ ਕੀਤੀ ਗਈ। ਪਰ ਅਮਰਜੀਤ ਕੋਰ ਅਸਲ ਪੀੜਤਾ ਦੀ ਅਰਜੀ ਤੇ ਅਜੇ ਤਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਕੋਰਟ ਵਲੋਂ ਚਾਲਾਨ ਟੂ ਕੋਰਟ ਨਾ ਕਰਨ ਦੇ ਕੋਰਟ ਦੇ ਆਦੇਸ਼ਾਂ ਨੂੰ ਸਮੇਂ ਸਿਰ ਯੋਗ ਕਾਰਵਾਈ ਕਰਨ ਦੇ ਕਦਮ ਦਾ ਵੀ ਧੰਨਵਾਦ ਕੀਤਾ ਗਿਆ।ਮੀਟਿੰਗ ਨੇ ਇਸ ਸਮੁੱਚੇ ਮਾਮਲੇ ਦੀ ਸੀ ਬੀ ਆਈ ਤੋਂ ਸਮਾਂਬੱਧ ਜਾਂਚ ਕਰਵਾਉਣ ਦੀ ਜੋਰਦਾਰ ਮੰਗ ਕੀਤੀ ਹੈ।ਮੀਟਿੰਗ ਨੇ ਜਗਰਾਂਓ ਪੁਲਸ ਦੇ ਟਰਕਾਉ, ਲਮਕਾਊ ਅਤੇੋ ਦੋਸ਼ੀਆਂ ਨੂੰ ਬਚਾਉਣ ਦੇ ਵਤੀਰੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਹਕੂਮਤੀ ਦਬਾਅ ਨੇ ਇਕ ਪ੍ਰਵਾਸੀ ਪਰਿਵਾਰ ਨੂੰ ਪੀੜਤ ਕਰਨ ਚ ਮੁਖ ਰੋਲ ਨਿਭਾਇਆ ਹੈ। ਐਕਸ਼ਨ ਕਮੇਟੀ ਨੇ ਸਰਵਸੰਮਤੀ ਨਾਲ ਪ੍ਰਵਾਸੀ ਪਰਿਵਾਰ ਦੀ ਹਰ ਤਰਾਂ ਨਾਲ ਮਦਦ ਜਾਰੀ ਰਖਣ ਦਾ ਫੈਸਲਾ ਕਰਦਿਆਂ ਜਗਰਾਂਓ ਪੁਲਸ ਪ੍ਰਸ਼ਾਸਨ ਤੋਂ ਮਾਮਲੇ ਚ ਯੋਗ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨਾਂ ਕਥਿਤ ਕਿਰਾਏਦਾਰ ਵਲੋਂ ਕੋਠੀ ਦੇ ਪਿਛਲੇ ਹਿੱਸੇ ਚ ਨਾਜਾਇਜ ਉਸਾਰੀ ਕਰਨ ਅਤੇ ਘਰ ਦਾ ਸਮਾਨ ਚੋਰੀ ਕਰਨ ਖਿਲਾਫ ਵੀ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
ਮੀਟਿੰਗ ਵਿੱਚ ਉਪਰੋਕਤ ਤੋਂ ਬਿਨਾਂ ਬਲਰਾਜ ਸਿੰਘ ਕੋਟੳਮਰਾ, ਗੁਰਮੇਲ ਸਿੰਘ ਰੂਮੀ, ਗੁਰਪ੍ਰੀਤ ਸਿੰਘ ਸਿਧਵਾਂਬੇਟ, ਕਰਮਜੀਤ ਸਿੰਘ ਕਾਉਂਕੇ, ਤਰਲੋਚਨ ਸਿੰਘ ਝੋਰੜਾਂ, ਹੁਕਮ ਰਾਜ ਦੇਹੜਕਾ, ਮਦਨ ਸਿੰਘ, ਬਚਿੱਤਰ ਸਿੰਘ ਥੋਥੜ,ਜਗਤਾਰ ਸਿੰਘ ਤਲਵੰਡੀ, ਜਗਦੇਵ ਸਿੰਘ ਸੱਵਦੀ, ਜਗਦੀਸ਼ ਸਿੰਘ ਕਾਉਂਕੇ, ਜਗਸੀਰ ਸਿੰਘ ਢੁੱਡੀਕੇ ਆਦਿ ਹਾਜਰ ਸਨ।