ਰਾਜਪੁਰਾ,26 ਮਈ (ਰਾਜੇਸ਼ ਜੈਨ) : ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਭਾਜਪਾ ਪੰਜਾਬ ਵਿਚ 13 ਦੀਆਂ 13 ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗੀ। ਇਸ ਵਾਰ ਪੰਜਾਬ ’ਚ ਭਾਜਪਾ ਨੂੰ ਹਰੇਕ ਵਰਗ ਰਾਹੀਂ ਖੁਸ਼ੀ, ਉਤਸ਼ਾਹ ਅਤੇ ਸਮਰਥਨ ਦੇਖਣ ਨੂੰ ਮਿਲ ਰਿਹਾ ਹੈ ਤੇ ਪੰਜਾਬ ਦੇ ਲੋਕ ਅੱਗੇ ਆ ਕੇ ਨਵਾਂ ਇਤਿਹਾਸ ਬਣਾਉਣਗੇ। ਉਹ ਐਤਵਾਰ ਨੂੰ ਰਾਜਪੁਰਾ ਵਿਖੇ ਭਾਜਪਾ ਹਲਕਾ ਇੰਚਾਰਜ ਜਗਦੀਸ਼ ਜੱਗਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਪੰਜਾਬ ’ਚ ਸਾਰੇ ਵਰਗਾਂ ਦਾ ਬਰਾਬਰ ਵਿਕਾਸ ਹੋ ਰਿਹਾ ਹੈ। ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰ ਸਰਕਾਰ ’ਤੇ ਪੰਜਾਬ ਦੇ 9 ਹਜ਼ਾਰ ਕਰੋੜ ਰੁਪਏ ਰੋਕੇ ਜਾਣ ਦੇ ਦਿੱਤੇ ਬਿਆਨ ਸਬੰਧੀ ਧਾਮੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਕਾਰਜ ਪ੍ਰਣਾਲੀ ਹੈ। ਪੂਰੇ ਦੇਸ਼ ਦੇ ਸੰਪੂਰਨ ਵਿਕਾਸ ਲਈ ਉਹ ਲਗਾਤਾਰ ਬਿਨਾਂ ਕਿਸੇ ਭੇਦਭਾਵ ਦੇ ਯਤਨ ਕਰ ਰਹੇ ਹਨ। ਕੇਂਦਰ ਸਰਕਾਰ ਨੇ ਕਦੇ ਵੀ ਪੰਜਾਬ ਅਤੇ ਦਿੱਲੀ ਵਰਗੇ ਸੂਬਿਆਂ ਦਾ ਪੈਸਾ ਨਹੀਂ ਰੋਕਿਆ ਸਗੋਂ ਇਹ ਸਰਕਾਰਾਂ ਕੇਂਦਰ ਵੱਲੋਂ ਭੇਜੇ ਗਏ ਫੰਡਾਂ ਦੇ ਪੈਸਿਆਂ ਦਾ ਸਹੀ ਇਸਤੇਮਾਲ ਨਹੀਂ ਕਰਦੀਆਂ।ਇਸ ਮੌਕੇ ਹਲਕਾ ਇੰਚਾਰਜ ਜਗਦੀਸ਼ ਜੱਗਾ, ਪ੍ਰਦੀਪ ਨੰਦਾ, ਐਡਵੋਕੇਟ ਇਕਬਾਲ ਕੰਬੋਜ਼, ਐਡਵੋਕੇਟ ਕਿਸ਼ਨ ਸਿੰਘ, ਡਾ: ਨੰਦ ਲਾਲ, ਸ਼ਾਂਤੀ ਸਪਰਾ, ਯਸ਼ ਟੰਡਨ ਤੇ ਤਰਲੋਕ ਚਾਵਲਾ ਸਮੇਤ ਹੋਰਨਾਂ ਨੇ ਮੁੱਖ ਮੰਤਰੀ ਧਾਮੀ ਦਾ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾ।