ਹੁਸ਼ਿਆਰਪੁਰ, 22 ਮਈ (ਮੋਹਿਤ ਜੈਨ) : ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਪਾਣੀ ਦੀ ਮੰਗ ਬਹੁਤ ਜਿਆਦਾ ਵੱਧ ਜਾਂਦੀ ਹੈ, ਪਰ ਵੇਖਣ ਵਿਚ ਆਇਆ ਹੈ ਕਿ ਆਮ ਪਬਲਿਕ ਵਲੋਂ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਦੇ ਹੋਏ ਆਪਣੀਆਂ ਗੱਡੀਆਂ, ਥੜੇ, ਫਰਸ਼ ਆਦਿ ਧੋਤੇ ਜਾਂਦੇ ਹਨ ਜਿਸ ਕਾਰਨ ਪਾਣੀ ਦੀ ਕਿੱਲਤ ਆ ਜਾਂਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਵੱਡਮੁੱਲੀ ਦਾਤ ਦੀ ਵੱਧ ਤੋਂ ਵੱਧ ਬੱਚਤ ਕੀਤੀ ਜਾਵੇ ਅਤੇ ਆਪਣੇ ਵਿਹੜੇ, ਥੜੇ ਅਤੇ ਗੱਡੀਆਂ ਪਾਣੀ ਨਾਲ ਧੋਣ ਤੋਂ ਗੁਰੇਜ ਕੀਤਾ ਜਾਵੇ। ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਆਮ ਪਬਲਿਕ ਨੂੰ ਸਵੱਛ ਅਤੇ ਨਿਰੰਤਰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਹਮੇਸ਼ਾ ਤੱਤਪਰ ਹੈ। ਪਾਣੀ ਦੀ ਵੱਡਮੁੱਲੀ ਦਾਤ ਨੂੰ ਬਚਾਉਣ ਲਈ ਨਗਰ ਨਿਗਮ ਵਲੋਂ ਪੈਟਰੋਲਿੰਗ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਸ਼ਹਿਰ ਅੰਦਰ ਲਗਾਤਾਰ ਪੈਟਰੋਲਿੰਗ ਕਰਕੇ ਉਨ੍ਹਾਂ ਵਿਅਕਤੀਆਂ ਨੂੰ ਟਰੇਸ ਕਰਨਗੀਆਂ, ਜੋ ਪਾਣੀ ਨਾਲ ਆਪਣੀਆਂ ਗੱਡੀਆਂ, ਵਿਹੜੇ ਅਤੇ ਥੜੇ ਆਦਿ ਧੋਂਦੇ ਹਨ ਅਤੇ ਉਲੰਘਣਾ ਕਰਨ ਵਾਲਿਆਂ ਦੇ ਟੀਮ ਵਲੋਂ ਮੌਕੇ ’ਤੇ ਚਲਾਨ ਕਰਕੇ ਭਾਰੀ ਜ਼ੁਰਮਾਨਾ ਕੀਤਾ ਜਾਵੇਗਾ।ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਬਲਿਕ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਲਈ ਨਗਰ ਨਿਗਮ ਵਲੋਂ ਸਵੇਰੇ 4:30 ਵਜੇ ਵਜੇ ਤੋਂ 9:30 ਵਜੇ ਤੱਕ, ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ ਅਤੇ ਸ਼ਾਮ 5:00 ਵਜੇ ਤੋਂ ਰਾਤ 10:00 ਵਜੇ ਤੱਕ ਸਵੱਛ ਪਾਣੀ ਦੀ ਨਿਰਵਿਘਨ ਸਪਲਾਈ ਲਈ ਸਮਾਂ ਨਿਸ਼ਚਿਤ ਕੀਤਾ ਗਿਆ ਹੈ।