ਜਗਰਾਓ, , 13 ਮਾਰਚ ( ਜਗਰੂਪ ਸੋਹੀ, ਅਸ਼ਵਨੀ) -ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਜਗਰਾਂਓ ਰੇਲਵੇ ਸਟੇਸ਼ਨ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਦਾ ਜੱਥਾ ਦਿੱਲੀ ਮਹਾਂਪੰਚਾਇਤ ਲਈ ਰਵਾਨਾ ਹੋਇਆ।ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਚ ਜਗਰਾਂਓ, ਸਿੱਧਵਾਂਬੇਟ,ਰਾਏਕੋਟ ਬਲਾਕਾਂ ਦੇ ਪਿੰਡਾ ਚੋਂ ਵੱਡੀ ਗਿਣਤੀ ਕਿਸਾਨ ਭਲਕੇ ਰਾਮਲੀਲਾ ਮੈਦਾਨ ਦਿੱਲੀ ਵਿਖੇ ਹੋ ਰਹੀ ਦਿੱਲੀ ਮਹਾਂਪੰਚਾਇਤ ਚ ਸ਼ਾਮਿਲ ਹੋਣ ਲਈ ਰਵਾਨਾ ਹੋਏ। ਸਥਾਨਕ ਰੇਲਵੇ ਸਟੇਸ਼ਨ ਤੋਂ ਰੇਲ ਤੋਂ ਸਵਾਰ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਮੋਦੀ ਹਕੂਮਤ ਵਲੋਂ ਲਾਗੂ ਕੀਤੇ ਗਏ ਨਾਗਰਿਕਤਾ ਸੋਧ ਕਨੂੰਨ ਨੂੰ ਘਟਗਿਣਤੀਆਂ ਵਿਰੋਧੀ ਕਨੂੰਨ ਕਰਾਰ ਦਿੰਦਿਆਂ ਇਸ ਨੂੰ ਰੱਦ ਕਰਨ ਦੀ ਨਾਰੇ ਲਗਾਉੰਦਿਆਂ ਜੋਰਦਾਰ ਮੰਗ ਕੀਤੀ।ਇਸ ਸਮੇਂ ਅਪਣੇ ਸੰਬੋਧਨ ਚ ਰਛਪਾਲ ਸਿੰਘ ਡੱਲਾ ਬਲਾਕ ਸਕੱਤਰ, ਸਰਬਜੀਤ ਸਿੰਘ ਧੂੜਕੋਟ ਬਲਾਕ ਪ੍ਰਧਾਨ ਰਾਏਕੋਟ ਨੇ ਦੱਸਿਆ ਕਿ ਇਸ ਮਹਾਂਪੰਚਾਇਤ ਰਾਹੀਂ ਮੋਦੀ ਹਕੂਮਤ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋ ਰੋਕਣ ਖਿਲਾਫ,ਹਰਿਆਣਾ ਸਰਕਾਰ ਵਲੋਂ ਕਿਸਾਨਾਂ ਉਪਰ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਜਬਰ ਢਾਹੁਣ ਖਿਲਾਫ, ਦੇਸ਼ ਭਰ ਦੇ ਕਿਸਾਨਾਂ ਨੂੰ ਤੇਈ ਫਸਲਾਂ ਤੇ ਐਮ ਐਸ ਪੀ ਹਾਸਲ ਕਰਾਉਣ,ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ, ਨਵੀਂ ਖੇਤੀ ਨੀਤੀ ਬਨਵਾਉਣ ਤੇ ਲਾਗੂ ਕਰਵਾਉਣ, ਪੂਰਨ ਕਰਜਾ ਮੁਕਤੀ ਹਾਸਿਲ ਕਰਾਉਣ,ਕਿਸਾਨਾਂ ਲਈ ਨਵੀਂ ਪੈਨਸ਼ਨ ਸਕੀਮ ਲਾਗੂ ਕਰਵਾਉਣ,ਲਖੀਮਪੁਰ ਖੀਰੀ ਕਾਂਡ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਦੇਸ਼ ਭਰ ਦੇ ਕਿਸਾਨ ਮੋਦੀ ਸਰਕਾਰ ਨੂੰ ਲਲਕਾਰਨਗੇ।ਉਨਾਂ ਕਿਹਾ ਕਿ ਭਾਜਪਾ ਨੇ ਸਰਕਾਰੀ ਖਜਾਨਾ ਲੁਟਾ ਕੇ ਦੇਸ਼ ਭਰ ਦੇ ਸੂਬਿਆਂ ਚ ਲੋਕਾਂ ਨੂੰ ਵੋਟਾਂ ਲਈ ਭਰਮਾਉਣ ਦਾ ਜੋ ਰਥ ਫੜਿਆ ਹੈ ਲੋਕ ਉਸ ਦੀ ਅਸਲੀਅਤ ਸਮਝ ਚੁੱਕੇ ਹਨ । ਉਨਾਂ ਸਵਾਲ ਕੀਤਾ ਕਿ ਬਿਜਲਈ ਮੀਡੀਏ ਰਾਹੀਂ ਮੋਦੀ ਵਲੋਂ ਗਰੰਟੀ ਗਰੰਟੀ ਦਾ ਪਾਇਆ ਜਾ ਰਿਹਾ ਚੀਕ ਚਿਹਾੜਾ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਣ ਹਟਾਉਣ ਦੀ ਸਾਜਿਸ਼ ਹੈ। ਉਨਾਂ ਮੋਦੀ ਸਰਕਾਰ ਦੇ ਫਾਸ਼ੀਵਾਦੀ ਹਮਲਿਆਂ ਨੂੰ ਕਿਰਤੀ ਵਰਗ ਲਈ ਇਕ ਗੰਭੀਰ ਚੁਣੋਤੀ ਕਰਾਰ ਦਿੱਤਾ।ਇਸ ਸਮੇਂ ਪਰਮਿੰਦਰ ਸਿੰਘ ਪਿੱਕਾ,ਕੁੰਡਾ ਸਿੰਘ ਕਾਉਂਕੇ, ਸੁਰਜੀਤ ਸਿੰਘ ਦਾਉਧਰ, ਕੁਲਵਿੰਦਰ ਸਿੰਘ ਬੱਸੂਵਾਲ ਆਦਿ ਆਗੂ ਹਾਜਰ ਸਨ।