— ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ ਰਲ ਮਿਲ ਕੇ ਹੰਭਲਾ ਮਾਰਨਾ ਸਮੇਂ ਦੀ ਜ਼ਰੂਰਤ : ਅਗਾਂਹ ਵਧੂ ਕਿਸਾਨ ਤੀਰਥ ਸਿੰਘ
ਮਾਲੇਰਕੋਟਲਾ 18 ਅਕਤੂਬਰ :- ( ਵਿਕਾਸ ਮਠਾੜੂ, ਮੋਹਿਤ ਜੈਨ)- ਖੇਤੀਬਾੜੀ ਮਨੁੱਖੀ-ਸਭਿਅਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਖੇਤੀਬਾੜੀ ਦੇ ਖੇਤਰ ਵਿੱਚ ਆਧੁਨਿਕ ਤਕਨੀਕਾਂ ਅਤੇ ਨਵੀਆਂ ਕਾਢਾਂ ਸਦਕਾ ਇਸ ਖੇਤਰ ਵਿੱਚ ਕਾਈ ਬਦਲਾਓ ਆਏ ਹਨ । ਪਰ ਫਿਰ ਵੀ, ਅਸੀਂ ਆਪਣੀ ਰਵਾਇਤੀ ਢੰਗ ਨਾਲ ਖੇਤੀ ਕਰਨ ਨੂੰ ਤਰਜੀਹ ਦਿੰਦੇ ਹੋਏ ਖੇਤੀ ਕਰ ਰਹੇ ਹਾਂ । ਅਜੋਕੇ ਸਮੇਂ ਦੀ ਖੇਤੀ ਪ੍ਰਣਾਲੀ ਵਿੱਚ ਖੇਤੀ ਵਿਭਿੰਨਤਾ ਵੱਲ ਹੁੰਗਾਰਾ ਭਰਦਿਆਂ ਪਿੰਡ ਸੰਦੌੜ ਜ਼ਿਲ੍ਹਾ ਮਲੇਰਕੋਟਲਾ ਦੇ ਮਿਹਨਤੀ ਕਿਸਾਨ ਤੀਰਥ ਸਿੰਘ ਨੇ ਬਾਗ਼ਬਾਨੀ ਦੇ ਖੇਤਰ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ ।
ਬਾਗ਼ਬਾਨੀ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਤੀਰਥ ਨਾਲ ਸਿੰਘ ਨੇ ਸਬਜ਼ੀਆਂ ਦੀ ਢੁਕਵੀਂ ਖੇਤੀ ਵਿੱਚ ਪਹਿਲ ਕੀਤੀ ਉਸ ਨੇ ਤਿੰਨ ਕਨਾਲ ਰਕਬੇ ਵਿਚ ਨੈੱਟ ਹਾਊਸ ਸਥਾਪਿਤ ਕੀਤਾ ਅਤੇ ਜਿਸ ਵਿੱਚ ਉਹ ਆਧੁਨਿਕ ਢੰਗ ਨਾਲ ਸ਼ਿਮਲਾ ਮਿਰਚ ਅਤੇ ਖੀਰੇ ਦੀ ਸਫਲਤਾਪੂਰਵਕ ਕਾਸ਼ਤ ਕਰਨੀ ਸ਼ੁਰੂ ਕੀਤੀ ਅਤੇ ਆਪਣੀ ਉਪਜ ਦੀ ਸੁਚੱਜੇ ਢੰਗ ਨਾਲ ਗਰੇਡਿੰਗ ਕਰਕੇ ਅਤੇ ਆਪ ਮੰਡੀਕਰਨ ਕਰਦਿਆਂ ਉਹ ਮਾਲੇਰਕੋਟਲਾ ਮੰਡੀ ਅਤੇ ਰਾਏਕੋਟ ਮੰਡੀ ਵਿੱਚ ਸਬਜ਼ੀ ਵੇਚ ਕੇ ਚੰਗਾ ਮੁਨਾਫ਼ਾ ਕਮਾ ਰਿਹਾ ਹੈ ਅਤੇ ਆਪਣੇ ਆਪ ਨੂੰ ਆਰਥਿਕ ਤੌਰ ਆਤਮ ਨਿਰਭਰ ਮਹਿਸੂਸ ਕਰ ਰਹੇ ਹਨ।ਬਾਗ਼ਬਾਨੀ ਵਿਭਾਗ ਦੀ ਤਕਨੀਕੀ ਸਲਾਹ ਤੇ ਉਹ ਇੱਕੋ ਹੀ ਸਮੇਂ ਨੈੱਟ ਹਾਊਸ ਵਿਚ ਸ਼ਿਮਲਾ ਮਿਰਚ ਅਤੇ ਟਮਾਟਰ ਦੀ ਕਾਸ਼ਤ ਕਰ ਰਿਹਾ ਹੈ । ਸਬਜ਼ੀਆਂ ਦੀ ਸੁਰੱਖਿਅਤ ਖੇਤੀ ਤੋਂ ਇਲਾਵਾ ਪਿਆਜ਼ ਅਤੇ ਹਾਈਬ੍ਰਿਡ ਮਿਰਚ ਦੀ ਪਨੀਰੀ ਉਗਾ ਕੇ ਜ਼ਿਲ੍ਹੇ ਦੇ ਸਬਜ਼ੀ ਉਤਪਾਦਕਾਂ ਨੂੰ ਪਨੀਰੀ ਵੀ ਮੁਹੱਈਆ ਕਰਵਾ ਰਹੇ ਹਨ । ਮਿਹਨਤੀ ਕਿਸਾਨ ਤੀਰਥ ਸਿੰਘ ਹੋਰਨਾਂ ਜ਼ਿਮੀਂਦਾਰਾਂ ਨੂੰ ਸਬਜ਼ੀ ਉਤਪਾਦਨ ਕਰਨ ਲਈ ਪ੍ਰੇਰਨਾ ਸਰੋਤ ਵਜੋਂ ਇਲਾਕੇ ਵਿੱਚ ਉੱਭਰ ਅੱਗੇ ਆਏ ਹਨ । ਤੀਰਥ ਸਿੰਘ ਨੇ ਆਪਣੀ ਮਿਹਨਤ ਸਦਕਾ ਸਾਲ 2009 ਵਿੱਚ ਮੁੱਖ ਮੰਤਰੀ ਐਵਾਰਡ ਸਾਲ 2014 ਵਿੱਚ ਪੂਨਾ ਵਿਖੇ ਕ੍ਰਿਸ਼ੀ ਸੰਸਥਾ ਤੋਂ ਇਲਾਵਾ ਜ਼ਿਲ੍ਹੇ ਪੱਧਰ ਤੇ ਕਈ ਇਨਾਮ ਆਪਣੀ ਝੋਲੀ ਪਾਏ ਸਨ ਆਪਣੇ ਅਗਾਂਹਵਧੂ ਵਿਚਾਰਾਂ ਸਦਕਾ ਉਹ ਆਉਣ ਵਾਲੇ ਸਮੇਂ ਵਿਚ ਫਲਦਾਰ ਬੂਟਿਆਂ ਦੀ ਨਰਸਰੀ ਲਗਾਉਣ ਲਈ ਤਿਆਰੀ ਕਰ ਰਿਹਾ ਹੈ ਜ਼ਿਲ੍ਹੇ ਦੇ ਹੋਰ ਜ਼ਿਮੀਂਦਾਰਾਂ ਲਈ ਉਸ ਨੇ ਆਪਣੇ ਸੰਦੇਸ਼ ਦਿੰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ ਰਲ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਸਬਜ਼ੀਆਂ ਦੀ ਖੇਤੀ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ
