ਜਗਰਾਉਂ , 18 ਅਕਤੂਬਰ(ਪ੍ਰਤਾਪ ਸਿੰਘ): ਸਮਾਜ ਵਿੱਚ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜੋ ਕਿਸੇ ਦਾ ਨੁਕਸਾਨ ਜਾਂ ਕਿਸੇ ਦੀ ਚੀਜ਼ ਗਵਾਚਣ ਤੇ ਵੀ ਚਿੰਤਤ ਹੋ ਜਾਂਦੇ ਹਨ, ਅਜਿਹਾ ਹੀ ਵਾਪਰਿਆ ਗੁਰਮਤ ਨਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਨਾਲ। ਪਰਸੋਂ ਰਾਤ ਪ੍ਰਧਾਨ ਰਜਿੰਦਰਪਾਲ ਸਿੰਘ ਮੱਕਡ਼ ਆਪਣੀ ਪਤਨੀ ਨਾਲ ਲੁਧਿਆਣਾ ਤੋਂ ਬਾਪਸ ਜਗਰਾਉਂ ਆ ਰਹੇ ਸਨ ਤੇ ਜਗਰਾਉਂ ਬੱਸ ਅੱਡੇ ਤੇ ਉਤਰਨ ਸਮੇਂ ਉਨ੍ਹਾਂ ਨੂੰ ਇਕ ਡਿੱਗਿਆ ਪਰਸ ਮਿਲਿਆ ਜਿਸ ਵਿਚ ਜ਼ਰੂਰੀ ਕਾਗਜ਼ਾਤ ਤੇ ਨਗਦੀ ਵੀ ਸੀ। ਉਨ੍ਹਾਂ ਇਸ ਬਾਰੇ ਪੱਤਰਕਾਰ ਕੋਲੋਂ ਅਖ਼ਬਾਰ ਵਿੱਚ ਖ਼ਬਰ ਵੀ ਲਵਾਈ ਤੇ ਮਿਹਨਤ ਕਰ ਕੇ ਉਸ ਨੂੰ ਢੂੰਡਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਵੱਲੋਂ ਕੀਤੀ ਮਿਹਨਤ ਨਾਲ ਅਖ਼ੀਰ ਉਸ ਸ਼ਖ਼ਸ ਤਕ ਪਹੁੰਚ ਹੋ ਗਈ। ਅੱਜ ਉਹ ਵਿਅਕਤੀ ਜਿਸ ਦਾ ਨਾਂ ਹਰਪ੍ਰੀਤ ਸਿੰਘ ਹੈ ਉਨ੍ਹਾਂ ਦੀ ਦੁਕਾਨ ਤੇ ਆਇਆ ਤੇ ਆਪਣੀ ਪਛਾਣ ਦੱਸਣ ਤੇ ਪ੍ਰਧਾਨ ਜੀ ਨੇ ਉਨ੍ਹਾਂ ਨੂੰ ਬਟੂਆ ਸੌਂਪ ਦਿੱਤਾ। ਹਰਪ੍ਰੀਤ ਸਿੰਘ ਬਟੂਏ ਵਿਚ ਆਪਣੇ ਜ਼ਰੂਰੀ ਕਾਗਜ਼ਾਤ, ਏ ਟੀ ਐਮ ਕਾਰਡ, ਆਰ ਸੀ, ਪੂਰੀ ਨਗ਼ਦੀ ਦੇਖ ਕੇ ਬਾਗੋ ਬਾਗ ਹੋ ਗਿਆ। ਉਸ ਨੇ ਪ੍ਰਧਾਨ ਜੀ ਨੂੰ ਇਨਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿਣ ਲੱਗੇ ਕਿ ਅਸੀਂ ਤਾਂ ਦੋ ਦਿਨ ਤੋਂ ਨੀਂਦ ਤੋਂ ਵੀ ਵਾਂਝੇ ਹੋ ਗਏ ਸਾਂ ਹੁਣ ਸਾਨੂੰ ਇਹ ਸਕੂਨ ਮਿਲ ਗਿਆ ਹੈ ਕਿ ਜਿਸ ਦੀ ਚੀਜ਼ ਸੀ ਉਸ ਨੂੰ ਮਿਲ ਗਈ ਹੈ। ਇਹੀ ਸਾਡਾ ਇਨਾਮ ਹੈ ! ਪ੍ਰਧਾਨ ਮੱਕੜ ਨੇ ਇਸ ਗੱਲ ਤੇ ਵੀ ਡਾਹਢੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਆਧਾਰ ਕਾਰਡ ਤੇ ਉਸ ਵਿਅਕਤੀ ਦੀ ਫੋਟੋ ਬਿਨਾਂ ਕੇਸਾਂ ਤੋਂ ਹੈ ਪਰ ਹੁਣ ਹਰਪ੍ਰੀਤ ਸਿੰਘ ਅੰਮ੍ਰਿਤ ਛਕ ਕੇ ਸਿੰਘ ਸਜ ਚੁੱਕਾ ਹੈ। ਸਾਰੇ ਕਾਰਜ ਰਾਸ ਹੋਣ ਤੇ ਪ੍ਰਧਾਨ ਰਜਿੰਦਰਪਾਲ ਸਿੰਘ ਮੱਕੜ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।