ਪਿੰਡ ਵਿੱਚ ਨਹੀਂ ਲੱਗੇਗਾ ਕੋਈ ਬੂਥ ਅਤੇ ਕੋਈ ਵੀ ਪਿੰਡ ਵਾਸੀ ਨਹੀਂ ਪਾਏਗਾ ਵੋਟ
ਜਗਰਾਉਂ, 31 ਮਈ ( ਭਗਵਾਨ ਭੰਗੂ, ਜਗਰੂਪ ਸੋਹੀ)-ਬੀਤੀ ਰਾਤ ਲਾਗਲੇ ਪਿੰਡ ਅਖਾੜਾ ਦੇ ਹਰ ਘਰ ਦਾ ਇਕੱਲਾ ਇਕੱਲਾ ਮਰਦ ਅੋਰਤਾਂ ਤੇ ਬੱਚੇ ਕਤਾਰਾਂ ਬੰਨ, ਕਾਲੇ ਤੇ ਕਿਸਾਨ ਜਥੇਬੰਦੀ ਦੇ ਝੰਡੇ ਚੁੱਕ ਸ਼ਾਮ ਢਲਦੀ ਤੋਂ ਦਰਿਆ ਵਾਂਗ ਪਿੰਡ ਦੀਆਂ ਸੜਕਾਂ ਤੇ ਵਹਿ ਤੁਰੇ। ਅਸਮਾਨ ਛੂੰਹਦੇ ਗੜਗੱਜ ਪਾਊਂ ਨਾਅਰੇ ‘ ਗੰਦੀ ਫੈਕਟਰੀ ਲੱਗਣ ਨਹੀ ਦਿਆਂਗੇ” ਵੋਟਾਂ ਦਾ ਬਾਈਕਾਟ ਜ਼ਿੰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ ਨੇ ਪੂਰਾ ਪਿੰਡ ਗੂੰਜਣ ਲਾ ਦਿੱਤਾ। ਪਿੰਡ ਵਾਸੀਆਂ ਅਨੁਸਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਿੰਡ ਅਖਾੜਾ ਹਠੂਰ ਰੋਡ ਤੇ ਲੱਗ ਰਹੀ ਬਾਈਓ ਗੈਸ ਫੈਕਟਰੀ ਪਿੰਡ ਅਤੇ ਇਲਾਕੇ ਨੂੰ ਨਰਕ ਬਣਾ ਦੇਵੇਗੀ। ਹਵਾ ,ਪਾਣੀ ,ਧਰਤੀ, ਰਸਾਇਣਾਂ ਨਾਲ ਪਰਦੁਸ਼ਿਤ ਹੋਵੇਗੀ, ਇਲਾਕੇ ਚ ਬਦਬੂ ਫੈਲੇਗੀ।ਸਾਹ ਲੈਣਾ ਅੋਖਾ ਹੋਵੇਗਾ, ਬੀਮਾਰੀਆਂ ਫੈਲਣ ਨਾਲ ਜੀਵਨ ਖਤਮ ਹੋਵੇਗਾ। ਇੰਨਾਂ ਕਾਰਣਾਂ ਕਰਕੇ ਪਿੰਡ ਦੇ ਆਮ ਜਨਜੀਵਨ ਨੂੰ ਬਚਾਉਣ ਦੀ ਲੋੜ ਅਨੁਸਾਰ ਪਿੰਡ ਵਾਸੀ ਇੱਕ ਮਹੀਨੇ ਤੋ ਉਸਾਰੀ ਅਧੀਨ ਬਾਇਓ ਗੈਸ ਫੈਕਟਰੀ ਬੰਦ ਕਰਨ ਦੀ ਜਾਇਜ਼ ਮੰਗ ਕਰ ਰਹੇ ਹਨ। ਇੱਕ ਮਹੀਨੇ ਤੋਂ ਫੈਕਟਰੀ ਮੂਹਰੇ ਦਿਨ ਰਾਤ ਦੇ ਧਰਨੇ ਤੇ ਬੈਠੇ ਹਨ। ਗੁਰਤੇਜ ਸਿੰਘ ਤੇਜ ਅਤੇ ਸੁਖਜੀਤ ਸਿੰਘ ਦੀ ਅਗਵਾਈ ਚ ਨਿਕਲਿਆਂ ਇਹ ਵਿਸ਼ਾਲ ਜਾਗਰੂਕਤਾ ਮਾਰਚ ਪੂਰੇ ਪਿੰਡ ਦੀ ਹਰ ਗਲੀ ਚੋ ਲੰਘਿਆ, 19 ਮੈਂਬਰੀ ਸੰਘਰਸ਼ ਕਮੇਟੀ ਨੇ ਦੱਸਿਆ ਕਿ ਵੋਟਾਂ ਦੇ ਬਾਈਕਾਟ ਨੂੰ ਲਾਗੂ ਕਰਨ ਲਈ ਪੂਰਾ ਪਿੰਡ ਇੱਕਜੁੱਟ ਹੈ। ਪਿੰਡ ਵਾਸੀਆਂ ਦਾ ਸਾਰੀਆਂ ਵੋਟ ਪਾਰਟੀਆਂ ਤੋਂ ਵਿਸਵਾਸ਼ ਉੱਠ ਚੁੱਕਾ ਹੈ। ਉਨ੍ਹਾਂ ਦਸਿਆ ਕਿ ਪਿੰਡ ਨਿਵਾਸੀ ਕਿਸੇ ਵੀ ਪਾਰਟੀ ਦਾ ਬੂਥ ਨਹੀ ਲਵਾਉਣਗੇ। ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਮਿਸਾਲੀ ਏਕਤਾ ਇੰਝ ਹੀ ਬਣੀ ਰਹੇਗੀ ਤੇ ਮਜਦੂਰਾਂ ਕਿਸਾਨਾਂ ਦੇ ਸਾਂਝੇ ਸ਼ੰਘਰਸ਼ਾ ਦੀ ਕਾਮਯਾਬੀ ਲਈ ਹੋਰ ਵਿਸ਼ਾਲ ਅਤੇ ਮਜ਼ਬੂਤ ਹੋਵੇਗੀ ।ਇਸ ਸਮੇਂ ਅੋਰਤ ਵਿੰਗ ਦੀ ਪ੍ਰਧਾਨ ਬਲਜੀਤ ਕੋਰ, ਸਲਾਹਕਾਰ ਨਸੀਬ ਕੋਰ,ਮੈਂਬਰ ਬਲਜੀਤ ਕੋਰ, ਸਵਰਨਜੀਤ ਕੋਰ, ਸਰਪੰਚ ਜਸਵਿੰਦਰ ਕੋਰ , ਰਛਪਿੰਦਰ ਕੋਰ , ਹਰਦੇਵ ਸਿੰਘ , ਸੁਖਦੇਵ ਸਿੰਘ , ਜਗਦੇਵ ਸਿੰਘ, ਪਾਲ਼ਾ ਸਿੰਘ,ਡਾ ਇਕਬਾਲ ਸਿੰਘ , ਬਲਜਿੰਦਰ ਬਰਿਆਰ,ਜਸਪਾਲ ਸਿੰਘ ਸਮਰਾ, ਜੀਤਾ ਸਮਰਾ,ਜਸਵੀਰ ਸਿੰਘ ਖ਼ਾਲਸਾ,ਹਰਪ੍ਰੀਤ ਸਿੰਘ , ਪ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਲੋਹਟ,ਬਲਵਿੰਦਰ ਸਿੰਘ, ਭਗਵੰਤ ਸਿੰਘ,ਸੁੱਖ ਸਮਰਾ, ਸ਼ੀਰਾ ਸਮਰਾ,ਤਾਰਾ ਸਿੰਘ, ਦਰਸ਼ਨ ਸਿੰਘ, ਮਨਿੰਦਰ ਸਿੰਘ ਆਦਿ ਹਾਜ਼ਰ ਸਨ। ਮੋਰਚਾ ਆਗੂਆ ਨੇ ਦੱਸਿਆ ਕਿ ਤਿੰਨ ਜੂਨ ਨੂੰ ਲੁਧਿਆਣਾ ਵਿਖੇ ਹੋ ਰਹੀ ਸਾਰੇ ਗੈਸ ਫ਼ੈਕਟਰੀਆਂ ਵਿਰੋਧੀ ਸੰਘਰਸ਼ ਮੋਰਚਿਆ ਦੀ ਸਾਂਝੀ ਮੀਟਿੰਗ ਚ ਅਖਾੜਾ ਤੋਂ ਨੁਮਾਇੰਦੇ ਜਾਣਗੇ।