ਫਤਹਿਗੜ੍ਹ ਸਾਹਿਬ(ਭਗਵਾਨ ਭੰਗੂ)ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਸ਼ੇਰ ਮੁਹੰਮਦ ਖਾਂ ਨਵਾਬ ਮਲੇਰਕੋਟਲਾ ਦੇ ਵੰਸ਼ਜ਼ 102 ਸਾਲਾ ਬੇਗਮ ਮੁਨਵਰ ਉਲ ਨਿਸਾ ਸਮੇਤ ਮਹਾਰਾਜਾ ਨਾਭਾ ਪਰਿਵਾਰ ਦੇ ਵੰਸ਼ਜ਼ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਵਾਬ ਸ਼ੇਰ ਮੁਹੰਮਦ ਖਾਂ ਨਵਾਬ ਮਲੇਰਕੋਟਲਾ ਵੰਸ਼ਜ਼ ਨੂੰ ਭੇਟ ਕੀਤੀ ਗਈ ਸ਼੍ਰੀ ਸਾਹਿਬ ਨੂੰ ਖ਼ੁਦ ਬੇਗਮ ਮੁਨਵਰ ਉਲ ਨਿਸਾ ਇੱਥੇ ਲੈ ਕੇ ਪਹੁੰਚੇ ਤੇੇ ਇਸ ਨੂੰ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਅਦਬ ਅਤੇ ਸਤਿਕਾਰ ਨਾਲ ਸਨਮਾਨ ਸਮਾਰੋਹ ਦੌਰਾਨਸੰਗਤਾਂ ਦੇ ਦਰਸ਼ਨਾਂ ਲਈ ਸਸ਼ੋਭਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਤਿਹਾਸ ਗਵਾਹੀ ਭਰਦਾ ਹੈ ਕਿ ਜਦ ਛੋਟੇ ਸਾਹਿਬਜ਼ਾਦਿਆਂ ’ਤੇ ਜ਼ੁਲਮ ਢਾਹਿਆ ਜਾ ਰਿਹਾ ਸੀ ਤਾਂ ਨਵਾਬ ਸ਼ੇਰ ਮੁਹੰਮਦ ਖਾਂ ਇੱਕੋ ਇਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਧਰਮ, ਜਾਤ ਅਤੇ ਮਜ਼੍ਹਬ ਤੋਂ ਉੱਪਰ ਉੱਠ ਕੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਨਵਾਬ ਸ਼ੇਰ ਮੁਹੰਮਦ ਖਾਂ ਦੇ ਵੰਸ਼ਜ਼ ਬੇਗਮ ਮੁਨਵਰ ਉਲ ਨਿਸਾ ਤੇ ਮਹਾਰਾਜਾ ਰਿਪੁਦਮਨ ਦੇ ਪਰਿਵਾਰ ਦਾ ਸਨਮਾਨ ਕਰ ਕੇ ਸਿਰਮੌਰ ਸੰਸਥਾ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਲੱਗ ਰਹੇ ਸੋਲਰ ਪ੍ਰੋਜੈਕਟ ਲਈ ਇਕ ਐੱਨਆਰਆਈ ਨੇ 1 ਕਰੋੜ ਰੁਪਏ ਦਿੱਤੇ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਨਰਲ ਸਕੱਤਰ ਜਥੇਦਾਰ ਗੁਰਚਰਨ ਸਿੰਘ ਗਰੇਵਾਲ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਅੰਤ੍ਰਿੰਗ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਜਗਦੀਪ ਸਿੰਘ ਚੀਮਾ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਜਥੇਦਾਰ ਰਵਿੰਦਰ ਸਿੰਘ ਖਾਲਸਾ, ਬਾਬਾ ਟੇਕ ਸਿੰਘ ਧਨੌਲਾ ਆਦਿ ਪੁੱਜੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕਰਨ ਵਾਲਿਆਂ ਵਿਚ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ, ਕਰਨੈਲ ਸਿੰਘ ਸੰਧੂ, ਨਿਰਮਲ ਸਿੰਘ ਚੰਦੀ ਅਮਰੀਕਾ, ਇੰਦਰਜੀਤ ਸਿੰਘ ਬੱਲ ਕੈਨੇਡਾ, ਜੇਪੀ ਸਿੰਘ, ਕੈਨੇਡਾ ਦੇ ਪੰਥਕ ਆਗੂ ਗਿਆਨ ਸਿੰਘ ਸੰਧੂ, ਗੁਰਵਿੰਦਰ ਸਿੰਘ ਗੈਰੀ ਕੈਨੇਡਾ, ਇਸਲਾਮ ਭਾਈਚਾਰੇ ਵੱਲੋਂ ਮਹੰਮਦ ਮਹਿਮੂਦ, ਡਾ. ਨਸੀਰ ਅਖ਼ਤਰ, ਕੰਵਲਜੀਤ ਸਿੰਘ ਬੋਪਾਰਾਏ, ਗੁਰਦੇਵ ਸਿੰਘ ਬਰਾੜ ਆਈਏਐੱਸ, ਵਧੀਕ ਸਕੱਤਰ ਸਿਮਰਜੀਤ ਸਿੰਘ, ਮੀਤ ਮੈਨੇਜਰ ਨਰਿੰਦਰਜੀਤ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।