ਨਸ਼ਿਆਂ ਦੇ ਮਾਮਲੇ ’ਚ ਗਿ੍ਰਫਤਾਰੀ ਤੋਂ ਬਾਅਦ 110 ਦਿਨ ਜੇਲ੍ਹ ’ਚ ਕੱਟਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਜੋ ਕਿ ਇਸ ਸਮੇਂ ਭੁੱਲਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ, ਨੂੰ ਅਦਾਲਤ ’ਚ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਅ ਕਰ ਦਿਤਾ ਗਿਆ। ਉਨ੍ਹਾਂ ਨੇ ਜੇਲ੍ਹ ਵਿਚੋਂ ਬਾਹਰ ਆਉਂਦੇ ਹੀ ਇਕ ਸ਼ਬਦ ਕਿਹਾ ਕਿ ਉਹ ਬੇਕਸੂਰ ਹਨ ਅਤੇ ਉਸ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਸ ਨੂੰ ਬੇਕਸੂਰ ਹੋਣ ਦੇ ਬਾਵਜੂਦ ਜੇਲ੍ਹ ਕੱਟਣੀ ਪਈ। ਖੈਰ ! ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਜਦੋਂ ਕਿਸੇ ਬੇਕਸੂਰ ਨੂੰ ਬਿਨਾਂ ਕਾਨੂੰਨੀ ਦਾਅ ਪੇਚ ਵਿਚ ਉਲਝਾਇਆ ਜਾਂਦਾ ਹੈ ਅਤੇ ਉਸਨੂੰ ਜੇਲਲ੍ਹ ਤੱਕ ਜਾਣਾ ਪਏ ਤਾਂ ਉਸ ਨੂੰ ਅਤੇ ਉਸ ਦਾ ਪਰਿਵਾਰ ਜ਼ਰੂਰ ਦੁਖੀ ਹੁੰਦਾ ਹੈ। ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਕੀ ਰਾਜਨੀਤਿਕ ਆਗੂ ਅਤੇ ਆਮ ਜਨਤਾ ਵਿਚਕਾਰ ਕੀ ਫਰਕ ਹੈ ਜਦਗੋਂ ਇਸ ਤਰ੍ਹਾਂ ਦੀ ਕਾਰਵਾਈ ਸਾਹਮਣੇ ਆਉਂਦੀ ਹੈ ? ਇਹ ਰਾਜਨੀਤਿਕ ਲੀਡਰ ਵੀ ਤਾਂ ਆਮ ਲੋਕਾਂ ਰਾਹੀਂ ਹੀ ਅੱਗੇ ਵੱਧਦੇ ਹਨ। ਸੱਤਾ ਦਾ ਨਸ਼ਾ ਇਕ ਅਜਿਹਾ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਨਸ਼ਾ ਹੈ, ਜਿਸ ਦਾ ਜਾਦੂ ਹਮੇਸ਼ਾ ਹੀ ਸਿਰ ਚੜ੍ਹ ਕੇ ਬੋਲਦਾ ਹੈ। ਉਸਦੀ ਮਿਸਾਲ ਲਈ ਤੁਸੀਂ ਸਭ ਆਪੋ ਆਪਣੇ ਹਲਕੇ ਵਿਚ ਛੋਟੇ ਤੋਂ ਵੱਡੇ ਲੀਡਰ ਤੱਕ ਨੂੰ ਦੇਖ ਸਕਦੇ ਹੋ। ਜਦੋਂ ਕਿਸੇ ਲੀਡਰ ਖਿਲਾਫ ਕਾਰਵਾਈ ਸੱਚੀ ਜਾਂ ਝੂਠੀ ਹੁੰਦੀ ਹੈ ਤਾਂ ਉਹ ਚਾਰੇ ਪਾਸੇ ਦੁਹਾਈ ਦਿੰਦੇ ਹਨ ਅਤੇ ਜਦੋਂ ਆਮ ਪਹਲਿਕ ਰੋਜਾਨਾਂ ਹੀ ਇਸ ਤਰ੍ਹਾਂ ਦੀ ਧਕੇਸ਼ਾਹੀ ਦਾ ਸ਼ਿਕਾਰਹੁੰਦੀ ਹੈ ਤਾਂ ਇਨ੍ਹਾਂ ਵਿਚੋਂ ਕੋਈ ਵੀ ਨਹੀਂ ਬੋਲਦਾ ਕਿਉਂਕਿ ਉਸ ਵਰਤਾਰੇ ਲਈ ਇਹ ਸਭ ਜਿੰਮੇਵਾਰ ਹੁੰਦੇ ਹਨ। ਕੋਈ ਥੋੜਾ ਅਤੇ ਕੋਈ ਬਹੁਤਾ। ਅਜਿਹਾ ਹੀ ਹਾਲ ਖਹਿਰਾ ਦੇ ਮਾਮਲੇ ਵਿਚ ਵੀ ਸਾਹਮਣੇ ਆਇਆ। ਖਹਿਰੇ ਨੂੰ ਸਭ ਕੁਝ ਇਕੱਲੇ ਹੀ ਝੱਲਣਾ ਪਿਆ। ਉਹ ਬੇਕਸੂਰ ਹੈ ਜਾਂ ਦੋਸ਼ੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਥੇ ਇਕ ਗੱਲ ਹੋਰ ਬਹੁਤ ਅਹਿਮ ਹੈ ਕਿ ਦੇਸ਼ ਦੀ ਰਾਜਨੀਤੀ ਵਿਚ ਅਜਿਹਾ ਸਮਾਂ ਬਹੁਤ ਘੱਟ ਆਇਆ ਹੈ ਜਦੋਂ ਕਿਸੇ ਸਰਕਾਰ ਨੇ ਵੱਡੇ ਵੱਡੇ ਲੀਡਰਾਂ ਨੂੰ ਹੱਥ ਪਾਇਆ ਹੋਵੇ। ਆਮ ਆਦਮੀ ਪਾਰਟੀ ਦੇ ਸ਼ਾਸਨਕਾਲ ’ਚ ਅਜਿਹਾ ਹੋ ਗਿਆ ਹੈ ਕਿ ਵੱਡੇ ਲੀਡਰ ਜੋ ਆਪਣੇ ਆਪ ਨੂੰ ਆਪਣੇ ਸਮੇਂ ਵਿਚ ਖੰਬੀ ਖਾਂ ਕਹਾਉਂਦੇ ਸਨ ਅਤੇ ਇਹ ਸਮਝਦੇ ਸਨ ਕਿ ਉਨ੍ਹਾਂ ਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਹਿੱਲ ਸਕਦਾ ਅਤੇ ਉਹ ਜੋ ਚਾਹੁਣ ਉਹ ਹੋਵੇਗਾ। ਇਸੇ ਸੱਤਾ ਦੇ ਨਸ਼ੇ ਵਿਚ ਚੂਰ ਰਾਜਨੀਤਿਕ ਲੀਡਰ ਅਪਣੇ ਲੈਵਲ ਅਨੁਸਾਰ ਆਮ ਪਬਲਿਕ ਨੂੰ ਨਿਸ਼ਾਨਾ ਬਣਾਉਂਦੇ ਹਨ। ਆਮ ਆਦਮੀ ਪਾਰਟੀ ਇਸ ਵਿੱਚ ਸਹੀ ਜਾਂ ਗਲਤ ਕਰ ਰਹੀ ਹੈ, ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ। ਸਰਕਾਰ ਚਾਹੇ ਕਿਸੇ ਦੀ ਵੀ ਹੋਵੇ ਜਾਂ ਕਿਸੇ ਪਾਰਟੀ ਦੀ ਹੋਵੇ, ਆਮ ਆਦਮੀ ’ਤੇ ਹਮੇਸ਼ਾ ਜ਼ੁਲਮ ਹੁੰਦੇ ਹਨ। ਕਦੇ ਨੇਤਾਵਾਂ ਖਿਲਾਫ ਬੋਲਣ ਵਾਲੇ, ਕਦੇ ਅਧਿਕਾਰੀਆਂ ਖਿਲਾਫ ਬੋਲਣ ਵਾਲੇ ਵਿਅਕਤੀਆਂ ਨੂੰ ਹਮੇਸ਼ਾ ਹੀ ਮਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਅਤੇ ਬਣਾਇਆ ਜਾ ਰਿਹਾ ਹੈ। ਰਾਜਨੀਤਿਕ ਲੋਕ ਆਪਣੇ ਵਿਰੋਧੀਆਂ ਨੂੰ ਅਤੇ ਆਪਣੇ ਖਿਲਾਫ ਆਵਾਜ਼ ਬੁਲੰਦ ਕਰਪਨ ਵਾਲਿਆਂ ਨੂੰ ਕਦੇ ਆਪਣੇ ਨਿੱਜ਼ ਹਿੱਤ ਲਈ ਅਤੇ ਕਦੇ ਆਪਣੇ ਚਮਚਿਆਂ ਦੇ ਕਹਿਣ ਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਪੁਲਿਸ ਪਾਸੋਂ ਨਜਾਇਜ਼ ਮੁਕਦਮੇ ਦਰਜ ਕਰਵਾ ਕੇ ਬੇਕਸੂਰ ਲੋਕਾਂ ਨੂੰ ਜੇਲਾਂ ਤੱਕ ਭਿਜਵਾ ਦਿੰਦੇ ਹਨ। ਅਜਿਹੇ ਵਿਚ ਹਮੇਸ਼ਾ ਸੱਚ ਤੇ ਪਹਿਰਾ ਦੇਣ ਵਾਲਾ ਆਮ ਆਦਮੀ ਤਸ਼ੱਦਦ ਦਾ ਸ਼ਿਕਾਰ ਹੁੰਦਾ ਹੈ। ਇਥੇ ਖਹਿਰੇ ਦਾ ਦਰਦ ਸਮਝਿਆ ਜਾ ਸਕਦਾ ਹੈ ਪਰ ਆਮ ਜਨਤਾ ਦਾ ਦਰਦ ਇਹ ਲੀਡਰ ਕਦੋਂ ਸਮਝਣਗੇ ? ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਦੇ ਲੋਕ ਹਰ ਸਰਕਾਰ ਦੇ ਸ਼ਾਸਨ ਵਿੱਚ ਅਜਿਹੀਆਂ ਬੇਇਨਸਾਫੀਆਂ ਦੀਆਂ ਦੁਹਾਈਆਂ ਦਿੰਦੇ ਥੱਕ ਜਾਂਦੇ ਹਨ ਪਰ ਉਨ੍ਹਾਂ ਦੀ ਕੋਈ ਨਹੀਂ ਸੁਣਦਾ। ਪੈਸੇ ਦੀ ਚਕਾਚੌਂਧ ਅਤੇ ਸਿਆਸੀ ਦਬਾਅ ਹੇਠ ਅਜਿਹੇ ਗਲਤ ਕੰਮ ਕਰਕੇ ਪੁਲਿਸ ਬੇਕਸੂਰ ਲੋਕਾਂ ’ਤੇ ਕੇਸ ਦਰਜ ਕਰ ਰਹੀ ਹੈ। ਮਨਘੜਤ ਕਹਾਣੀਆਂ ਨੂੰ ਦਰਸਾ ਕੇ ਬੇਕਸੂਰਾਂ ਨੂੰ ਜੇਲ੍ਹ ਭਿਜਵਾਉਣਾ ਹੁਣ ਆਮ ਗੱਲ ਹੋ ਗਈ ਹੈ। ਇਸ ਮਾਮਲੇ ਵਿਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਬਾਕੀ ਅਕਾਲੀ, ਭਾਜਪਾ ਅਤੇ ਕਾਂਗਰਸ ਸਰਕਾਰਾਂ ਦੇ ਸ਼ਾਸਨ ਦਾ ਮੁਲਾਂਕਣ ਕਰੀਏ ਤਾਂ ਇਨ੍ਹਾਂ ਵਿਚਕਾਰ ਕੋਈ ਫਰਕ ਨਹੀਂ ਹੈ। ਪੁਲਿਸ ਜਾਂ ਸਰਕਾਰ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਲੋਕਾਂ ਨਾਲ ਪਹਿਲਾਂ ਵੀ ਇਹੀ ਵਤੀਰਾ ਹੁੰਦਾ ਸੀ ਅਤੇ ਹੁਣ ਵੀ ਹੋ ਰਿਹਾ ਹੈ। ਇਸ ਦੀਆਂ ਉਦਾਹਰਣਾਂ ਹਰ ਵਿਧਾਨ ਸਭਾ ਹਲਕੇ ਤੋਂ ਮਿਲ ਸਕਦੀਆਂ ਹਨ। ਜਿਸ ਦੀ ਪੁਸ਼ਟੀ ਅਸੀਂ ਆਪਣੇ ਹੀ ਵਿਧਾਨ ਸਭਾ ਹਲਕੇ ਤੋਂ ਕਰ ਸਕਦੇ ਹਾਂ, ਜਿੱਥੇ ਅਜਿਹੇ ਕਈ ਮਾਮਲੇ ਸਾਡੀਆਂ ਅੱਖਾਂ ਸਾਹਮਣੇ ਆ ਚੁੱਕੇ ਹਨ। ਰਾਜਨੀਤਿਕ ਲੋਕਾਂ ਵਲੋਂ ਆਪਣੇ ਚਮਚਿਆਂ ਦੇ ਇਸ਼ਾਰੇ ’ਤੇ ਬੇਕਸੂਰਾਂ ’ਤੇ ਗੈਰ-ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਕਾਨੂੰਨੀ ਕਾਰਵਾਈ ਕਰਕੇ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਹਲਕੇ ਵਿਚ ਕਈ ਮਾਮਲੇ ਸੁਰਖੀਆਂ ’ਚ ਰਹੇ ਅਤੇ ਉਨ੍ਹਾਂ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਉਨ੍ਹਾਂ ਬਾਰੇ ਨਾ ਸੱਤਾਧਾਰੀ ਅਤੇ ਨਾ ਹੀ ਕੋਈ ਵਿਰੋਧੀ ਪਾਰਟੀ ਦੇ ਲੀਡਰ ਨੇ ਕਦੇ ਮੂੰਹ ਖੋਲਿ੍ਹਆ। ਫਿਰ ਉਹੀ ਗੱਲ ਆਉਂਦੀ ਹੈ ਕਿ ਰਾਜਸੀ ਲੋਕ ਆਮ ਲੋਕਾਂ ਨੂੰ ਕੀੜੇ-ਮਕੌੜੇ ਵਾਂਗ ਦੇਖਦੇ ਹਨ ਅਤੇ ਉਨ੍ਹਾਂ ਨਾਲ ਅਜਿਹਾ ਵਿਵਹਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਬਦਲਾਅ ਸਭ ਨੂੰ ਨਜ਼ਰ ਆਉਂਦਾ ਹੈ। ਜਦੋਂ ਕਿਸੇ ਰਾਜਨੀਤਿਕ ਲੀਡਰ ਦੀ ਵਾਰੀ ਆਐਉਂਦੀ ਹੈ ਤਾਂ ਸਭ ਦੁਹਾਈ ਦਿੰਦੇ ਹਨ। ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ। ਸੰਸਦ ਮੈਂਬਰ ਰਵਨੀਤ ਬਿੱਟੂ ਜੋ ਕਿ ਹਮੇਸ਼ਾ ਸੋਸ਼ਲ ਮੀਡੀਆ ’ਤੇ ਟਵੀਟ ਕਰਕੇ ਵੱਡੇ-ਵੱਡੇ ਕੇਸ ਹੱਲ ਕਰ ਦਿੰਦੇ ਹਨ, ਉਨ੍ਹਾਂ ਸੁਖਪਾਲ ਸਿੰਘ ਖਹਿਰਾ ਦੇ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਾਡਾ ਬੱਬਰ ਸ਼ੇਰ ਆ ਗਿਆ ਹੈ। ਰਾਜਨੀਤਿਕ ਲੋਕਾਂ ਲਈ ਜੇਲ੍ਹ ਜਾਣਾ ਚੰਗੀ ਗੱਲ ਮੰਨੀ ਜਾਂਦੀ ਹੈ। ਜਨਤਾ ਜਾਣਦੀ ਹੈ। ਅਸੀਂ ਇੱਥੇ ਪਾਰਲੀਮੈਂਟ ਮੈਂਬਰ ਬਿੱਟੂ ਨੂੰ ਕਹਿਣਾ ਚਾਹੁੰਦੇ ਹਾਂ ਕਿ ਭਾਵੇਂ ਲੀਡਰਾਂ ਦਾ ਜੇਲ੍ਹ ਜਾਣਾ ਚੰਗੀ ਕਿਸਮਤ ਦੀ ਤੁਸੀਂ ਆਖ ਰਹੇ ਹੋ ਪਰ ਉਨ੍ਹਾਂ ਕੋਲ ਪੈਸਾ, ਤਾਕਤ ਅਤੇ ਸਭ ਕੁਝ ਹੁੰਦਾ ਹੈ। ਪੈਸਾ ਖਰਚ ਕਰਨ ਵਿਚ ਉਨ੍ਹਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਕਿਉਂਕਿ ਜ਼ਿਆਦਾਤਰ ਕਮਾਈ ਉਪਰੋਂ ਹੁੰਦੀ ਹੈ। ਪਰ ਜਿਸ ਤਰ੍ਹਾਂ ਨਾਲ ਸਿਆਸੀ ਲੋਕ ਆਮ ਜਨਤਾ ਨਾਲ ਵਿਵਹਾਰ ਕਰਦੇ ਹਨ, ਉਸ ਵਿਚ ਆਮ ਆਦਮੀ ਨੂੰ ਆਰਥਿਕ, ਸਮਾਜਿਕ ਅਤੇ ਕਾਨੂੰਨੀ ਤੌਰ ’ਤੇ ਉਹ ਤਸੀਹੇ ਮਿਲਦੇ ਹਨ ਜਿਸਦੇ ਉਹ ਹੱਕਦਾਰ ਨਹੀਂ ਹੁੰਦੇ। ਜਿਸ ਮਾਨਸਿਕ ਪੀੜਾ ਨੂੰ ਸਹਿਣਾ ਪੈਂਦਾ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਲਈ ਜੇਕਰ ਸਾਰੀਆਂ ਸਿਆਸੀ ਪਾਰਟੀਆਂ ਸੋਚਣ ਕਿ ਉਨ੍ਹਾਂ ਦੇ ਰਾਜ ਦੌਰਾਨ ਉਨ੍ਹਾਂ ਦੇ ਜਾਂ ਉਨ੍ਹਾਂ ਦੇ ਨੇਤਾਵਾਂ ਦੇ ਇਸ਼ਾਰੇ ’ਤੇ ਜਾਂ ਉਨ੍ਹਾਂ ਦੇ ਚਮਚਿਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ਵਲੋਂ ਗੈਰ-ਕਾਨੂੰਨੀ ਢੰਗ ਨਾਲ ਕਿੰਨੇ ਬੇਕਸੂਰ ਲੋਕਾਂ ਤੇ ਨਜਾਇਜ ਕਾਰਵਾਈ ਕਰਵਾਈ ਗਈ। ਇਮਾਨਦਾਰੀ ਨਾਲ ਸੋਚਣ ਤੇ ਸਭ ਦੇ ਅੱਗੇ ਸਾਰੀ ਤਸਵੀਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸਾਫ਼ ਹੋ ਜਾਵੇਗੀ। ਰਾਜਨੀਤਿਕ ਦੌਰ ਵਿਚ ਅਤੇ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਕਿਸ ਤਰ੍ਹਾਂ ਨਜਾਇਜ਼ ਤੌਰ ਤੇ ਆਮ ਪਬਲਿਕ ਨੂੰ ਫਸਾਇਆ ਜਾਂਦਾ ਹੈ ਸਾਰੇ ਨੇਤਾ ਜੀ ਇਸ ਵੱਲ ਜਰੂਰ ਸੋਚਣ। ਇਥੇ ਮਾਮਲਾ ਸੁਖਪਾਲ ਖੈਹਰੇ ਦਾ ਹੋਵੇ ਜਾਂ ਆਮ ਆਦਮੀ ਦਾ ਇਕ ਬਰਾਬਰ ਹੋ ਜਾਂਦੇ ਹਨ। ਬੇਇਨਸਾਫੀ ਸਭ ਨੂੰ ਦੁਖੀ ਕਰਦੀ ਹੈ। ਇਸ ਲਈ ਭਾਵੇਂ ਕੋਈ ਨੇਤਾ ਹੋਵੇ ਜਾਂ ਆਮ ਆਦਮੀ ਕਿਸੇ ਖਿਲਾਫ ਰਾਜਨੀਤਿਕ ਰੰਜਿਸ਼ਬਾਜ਼ੀ, ਪੈਸੇ ਦੇ ਲਾਲਚ ਜਾਂ ਆਪਣੇ ਚਹੇਤਿੱਾਂ ਨੂੰ ਖੁਸ਼ ਕਰਨ ਲਈ ਗਲਤ ਕਾਰਵਾਈ ਦਾ ਸਭ ਨੂੰ ਵਿਰੋਧ ਕਰਨਾ ਚਾਹੀਦਾ ਹੈ ਭਾਵੇਂ ਕੋਈ ਵੀ ਨੇਤਾ ਹੋਵੇ ਜਾਂ ਆਮ ਆਦਮੀ।
ਹਰਵਿੰਦਰ ਸਿੰਘ ਸੱਗੂ।