ਮੋਗਾ 18 ਅਪ੍ਰੈਲ (ਬਿਊਰੋ ) : ਮੋਗਾ ਜਿਲ੍ਹੇ ਦੀਆਂ ਵੱਖ ਵੱਖ ਸਮਾਜ ਸੇਵੀ ਗਤੀਵਿਧੀਆਂ ਵਿੱਚ ਸਰਗਰਮ 80 ਦੇ ਕਰੀਬ ਸੰਸਥਾਵਾਂ ਦੀ ਏਕਤਾ ਤੇ ਆਧਾਰਿਤ ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਵੱਲੋਂ ਅੱਜ ਜਿਲ੍ਹਾ ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ ਦੀ ਅਗਵਾਈ ਵਿੱਚ ਹੋਟਲ ਨੂਰ ਮਹਿਲ ਸੰਨੀ ਟਾਵਰ ਮੋਗਾ ਵਿਖੇ ਮੋਗਾ ਦੀ ਵਿਧਾਇਕਾ ਡਾ ਅਮਨਦੀਪ ਕੌਰ ਅਰੋੜਾ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਸ਼ਹਿਰ ਦੀਆਂ 20 ਪ੍ਰਮੁੱਖ ਸਮੱਸਿਆਵਾਂ, ਸਿਵਲ ਹਸਪਤਾਲ ਮੋਗਾ ਨਾਲ ਸਬੰਧਤ 11 ਮੁੱਖ ਸਮੱਸਿਆਵਾਂ ਅਤੇ ਮਿੰਨੀ ਸਕੱਤਰੇਤ ਮੋਗਾ ਨਾਲ ਸਬੰਧਤ 5 ਪ੍ਰਮੁੱਖ ਸਮੱਸਿਆਵਾਂ ਲਿਖਤੀ ਰੂਪ ਵਿੱਚ ਉਨ੍ਹਾਂ ਨੂੰ ਸੌਂਪੀਆਂ ਅਤੇ ਨਾਲ ਹੀ ਉਨ੍ਹਾਂ ਦੇ ਹੱਲ ਸਬੰਧੀ ਸੁਝਾਅ ਵੀ ਦਿੱਤੇ। ਇਸ ਮੌਕੇ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਨ੍ਹਾਂ ਵਿੱਚ ਜਿਆਦਾਤਰ ਸਮੱਸਿਆਵਾਂ ਬਿਨਾਂ ਕਿਸੇ ਬੱਜਟ ਤੋਂ ਥੋੜ੍ਹੇ ਬਹੁਤ ਪ੍ਰਸਾਸ਼ਨਿਕ ਫੇਰਬਦਲ ਅਤੇ ਇੱਛਾ ਸ਼ਕਤੀ ਨਾਲ ਹੀ ਅਗਲੇ ਇੱਕ ਹਫਤੇ ਦੌਰਾਨ ਹੱਲ ਕੀਤੀਆਂ ਜਾ ਸਕਦੀਆਂ ਹਨ, ਕੁੱਝ ਸਮੱਸਿਆਵਾਂ ਨੂੰ ਹੱਲ ਕਰਨ ਲਈ ਥੋੜ੍ਹੇ ਬੱਜਟ ਦੀ ਜਰੂਰਤ ਪਵੇਗੀ ਤੇ ਕੁੱਝ ਸਮੱਸਿਆਵਾਂ ਵੱਡੇ ਬੱਜਟ ਨਾਲ ਹੱਲ ਹੋਣ ਵਾਲੀਆਂ ਹਨ। ਇਸ ਤੋਂ ਇਲਾਵਾ ਕਮੇਟੀ ਵੱਲੋਂ ਹੋਰ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਦੀ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਹੱਲ ਲਈ ਐਨ ਜੀ ਓ ਸੰਸਥਾਵਾਂ ਪ੍ਰਸਾਸ਼ਨ ਅਤੇ ਸਰਕਾਰ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹਨ। ਉਨ੍ਹਾਂ ਵਿਧਾਇਕਾ ਅਮਨ ਅਰੋੜਾ ਜੀ ਤੋਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਮੋਗਾ ਦੀ ਹਾਜਰੀ ਵਿੱਚ ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਇੱਕ ਪੈਨਲ ਮੀਟਿੰਗ ਰੱਖੀ ਜਾਵੇ, ਜਿਸ ਵਿੱਚ ਮੋਗਾ ਜਿਲ੍ਹੇ ਦੇ ਚਾਰੇ ਚੁਣੇ ਗਏ ਵਿਧਾਇਕ ਵੀ ਸ਼ਾਮਲ ਹੋਣ ਅਤੇ ਜਿਲ੍ਹੇ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ ਵੀ ਇੱਕ ਇੱਕ ਨੁਮਾਇੰਦਾ ਸ਼ਾਮਲ ਹੋਵੇ ਤਾਂ ਅਸੀਂ ਪੂਰੇ ਪੰਜਾਬ ਵਿੱਚੋਂ ਮੋਗਾ ਜਿਲ੍ਹੇ ਅੰਦਰ ਇੱਕ ਮਿਸਾਲ ਪੈਦਾ ਕਰ ਸਕਦੇ ਹਾਂ, ਜਿਸ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦਾ ਵਾਅਦਾ ਵੀ ਪੂਰਾ ਹੋਵੇਗਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਅਤੇ ਚੀਫ ਪੈਟਰਨ ਦਵਿੰਦਰਪਾਲ ਸਿੰਘ ਰਿੰਪੀ ਨੇ ਕੋਆਰਡੀਨੇਸ਼ਨ ਕਮੇਟੀ ਵਿੱਚ ਅੱਜ ਸ਼ਾਮਲ ਹੋਈਆਂ ਔਰਤ ਸਮਾਜ ਸੇਵਿਕਾਵਾਂ ਅਤੇ ਵਿਧਾਇਕ ਅਮਨਦੀਪ ਅਰੋੜਾ ਜੀ ਦਾ ਮੀਟਿੰਗ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕੀਤੀ । ਇਸ ਮੌਕੇ ਵਿਧਾਇਕ ਡਾ ਅਮਨਦੀਪ ਅਰੋੜਾ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ ਤੇ ਸਾਡੀ ਸਰਕਾਰ ਵੱਲੋਂ ਅਤੇ ਪ੍ਰਸਾਸ਼ਨ ਵੱਲੋਂ ਐਨ ਜੀ ਓ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਣ ਦੀ ਪੂਰੀ ਕੋਸ਼ਿਸ਼ ਰਹੇਗੀ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਇਸ ਨਾਲ ਅਸੀਂ ਸੱਚਮੁੱਚ ਉਨ੍ਹਾਂ ਲੋਕਾਂ ਤੱਕ ਪਹੁੰਚ ਬਣਾ ਸਕਾਂਗੇ ਜਿਨ੍ਹਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਦੀ ਵਾਕਈ ਜਰੂਰਤ ਹੈ। ਉਨ੍ਹਾਂ ਜਲਦ ਹੀ ਜਿਲ੍ਹਾ ਪ੍ਰਸਾਸ਼ਨ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੀਟਿੰਗ ਉਪਰੰਤ ਸਰਬਸੰਮਤੀ ਨਾਲ ਅਨੂ ਗੁਲਾਟੀ ਨੂੰ ਸੰਸਥਾ ਦਾ ਮੀਤ ਪ੍ਰਧਾਨ, ਡਾ ਵਰਿੰਦਰ ਕੌਰ ਅਤੇ ਪ੍ਰਿਥੀਪਾਲ ਸਿੰਘ ਢਿੱਲੋਂ ਨੂੰ ਪੈਟਰਨ, ਮੈਡਮ ਬੇਅੰਤ ਕੌਰ ਗਿੱਲ, ਭਾਵਨਾ ਬਾਂਸਲ, ਭਵਦੀਪ ਕੋਹਲੀ, ਪ੍ਰੋਮਿਲਾ ਮੈਨਰਾਏ ਅਤੇ ਅਮਨ ਗਿੱਲ ਨੂੰ ਸੰਸਥਾ ਦੇ ਸਲਾਹਕਾਰ ਨਿਯੁਕਤ ਕੀਤਾ ਗਿਆ। ਦਵਿੰਦਰਜੀਤ ਸਿੰਘ ਗਿੱਲ ਨੂੰ ਸੁਖਦੇਵ ਸਿੰਘ ਬਰਾੜ ਜੀ ਦੇ ਵਿਦੇਸ਼ ਜਾਣ ਕਾਰਨ ਉਨ੍ਹਾਂ ਦੀ ਜਗ੍ਹਾ ਪੇਂਡੂ ਕਲੱਬਾਂ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਇਸ ਮੌਕੇ ਇਹ ਫੈਸਲਾ ਕੀਤਾ ਗਿਆ ਕਿ ਵੀਰਵਾਰ ਨੂੰ ਦੁਪਹਿਰ 12 ਵਜੇ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲ ਕੇ ਇਹ ਮੰਗ ਪੱਤਰ ਉਨ੍ਹਾਂ ਨੂੰ ਵੀ ਦਿੱਤਾ ਜਾਵੇਗਾ ਅਤੇ 24 ਅਪ੍ਰੈਲ ਦਿਨ ਸ਼ਨੀਵਾਰ ਨੂੰ ਸੰਸਥਾ ਦੀ ਵੱਡੀ ਮੀਟਿੰਗ ਸ਼ਾਮ 4 ਵਜੇ ਸਰਬੱਤ ਦਾ ਭਲਾ ਦਫਤਰ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਕੀਤੀ ਜਾਵੇਗੀ। ਇਸ ਮੌਕੇ ਉਕਤ ਤੋਂ ਇਲਾਵਾ ਸਕੱਤਰ ਅਮਰਜੀਤ ਸਿੰਘ ਜੱਸਲ ਅਤੇ ਨਰਿੰਦਰਪਾਲ ਸਿੰਘ ਸਹਾਰਨ, ਇਸਤਰੀ ਕੋਆਰਡੀਨੇਟਰ ਪ੍ਰੋਮਿਲਾ ਕੁਮਾਰੀ, ਚੀਫ ਪੈਟਰਨ ਹਰਜਿੰਦਰ ਚੁਗਾਵਾਂ, ਕੈਸ਼ੀਅਰ ਕ੍ਰਿਸ਼ਨ ਸੂਦ, ਪ੍ਰੈਸ ਸਕੱਤਰ ਭਵਨਦੀਪ ਪੁਰਬਾ, ਸ਼ੋਸ਼ਲ ਮੀਡੀਆ ਇੰਚਾਰਜ ਪਰਮਜੋਤ ਸਿੰਘ ਅਤੇ ਕੁਲਦੀਪ ਸਿੰਘ ਕਲਸੀ, ਡਾ ਸਰਬਜੀਤ ਕੌਰ ਬਰਾੜ, ਮੀਨਾ ਸ਼ਰਮਾ, ਜਸਪ੍ਰੀਤ ਕੌਰ ਢਿੱਲੋਂ, ਅਨਮੋਲ ਸ਼ਰਮਾ, ਮੋਨਿਕਾ ਗੁਲਾਟੀ, ਗੀਤਿਕਾ ਗਰੋਵਰ, ਨੀਤੂ ਚੋਪੜਾ, ਨੇਹਾ ਸ਼ਰਮਾ, ਸ਼ਾਲਿਨੀ, ਗੁਰਜੀਤ ਕੌਰ, ਮਨਪ੍ਰੀਤ ਕੌਰ, ਪ੍ਰਿਤਪਾਲ ਸਿੰਘ, ਦਵਿੰਦਰਜੀਤ ਗਿੱਲ, ਐਡ ਬਲਰਾਜ ਗੁਪਤਾ, ਵੀ ਪੀ ਸੇਠੀ, ਪ੍ਰੀਤੀ ਮਿੱਤਲ, ਮੀਨੂੰ ਮਰਵਾਹਾ, ਪ੍ਰਵੀਨ ਖੁੰਗਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ।