ਰਾਏਕੋਟ, 8 ਮਾਰਚ ( ਜਗਰੂਪ ਸੋਹੀ )- ਆਪਣੇ ਮਾਤਾ ਅਤੇ ਪਿਤਾ ਦੇ ਨਾਲ ਏਅਰ ਇੰਡੀਆ ਦੀ ਫਲੈਟ ਵਿੱਚ ਸਫਰ ਕਰ ਰਹੇ ਬਲਰਾਜ ਸਿੰਘ ਕੋਟ ਉਮਰਾ ਦੇ ਚਚੇਰੇ ਭਰਾ ਅਤੇ ਮੱਖਣ ਸਿੰਘ ਗਰੇਵਾਲ ਦੇ ਇਕਲੌਤੇ ਪੁੱਤਰ ਨੂੰ ਸਫਰ ਸ਼ੁਰੂ ਹੋਣ ਤੋਂ ਸੱਤ ਘੰਟਿਆਂ ਬਾਅਦ ਮੌਤ ਨੇ ਆਪਣੇ ਕਲਾਵੇ ਵਿੱਚ ਲੈ ਲਿਆ। ਸੁਪਿੰਦਰ ਸਿੰਘ (ਪਿੰਦਰ) ਮੱਖਣ ਸਿੰਘ ਗਰੇਵਾਲ ਦਾ ਇੱਕਲੋਤਾ ਪੁੱਤਰ ਸੀ ਅਤੇ ਕੁਲਦੀਪ ਸਿੰਘ ਗਰੇਵਾਲ ਦਾ ਸਕਾ ਭਤੀਜਾ ਸੀ। ਪਿੰਦਰ ਆਪਣੇ ਪਿਤਾ ਅਤੇ ਮਾਤਾ ਦਲਜੀਤ ਕੌਰ ਨਾਲ ਆਪਣੇ ਜੱਦੀ ਪਿੰਡ ਰਾਏਕੋਟ ਘਰ ਆਉਣ ਲਈ 6-3-2024 ਨੂੰ ਵੈਨਕੁਵਰ ਤੋਂ ਦਿੱਲੀ ਲਈ ਚੱਲਿਆ ਸੀ। ਸੱਤ ਘੰਟੇ ਦੇ ਸਫਰ ਉਪਰੰਤ ਸੁਪਿੰਦਰ ਨੂੰ ਅਜਿਹਾ ਦੌਰਾ ਪਿਆ ਜੋ ਮੌਤ ਦਾ ਕਾਰਨ ਬਣਿਆ। ਏਅਰ ਲਾਈਨ ਸਟਾਫ ਵੱਲੋਂ ਪਿੰਦਰ ਨੂੰ ਬਚਾਉਣ ਲਈ ਜਦੋ ਜਹਿਦ ਕਰਨ ਦੇ ਬਾਵਜੂਦ ਅਸਮਾਨ ਵਿੱਚ ਮੌਤ ਦੇ ਹਮਲੇ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਸਪਿੰਦਰ ਗਰੇਵਾਲ ਪਰਿਵਾਰ ਨੂੰ ਵੱਡਾ ਸਦਮਾ ਦਿੰਦੇ ਹੋਏ ਆਪਣੇ ਬੁੱਢੇ ਮਾਤਾ ਪਿਤਾ ਆਪਣੀ ਪਤਨੀ ਆਪਣੇ ਦੋ ਨੰਨੇ ਪੁੱਤਰ ਦੇਵ ਤੇ ਸ਼ਾਨ ,ਪਿਆਰੀ ਭੈਣ ਨੂੰ ਦੁਨੀਆ ਵਿੱਚ ਰੋਂਦਿਆਂ ਕਰਲਾਉਂਦਿਆਂ ਨੂੰ ਛੱਡ ਗਿਆ। ਪਤਨੀ ਅਤੇ ਬੱਚਿਆਂ ਦੇ ਪਾਸਪੋਰਟ ਨਿਊ ਨਾ ਹੋਣ ਕਾਰਨ ਪਿੰਦਰ ਦੀ ਬਾਡੀ ਉਸੇ ਏਅਰ ਲਾਈਨ ਰਾਹੀਂ ਅੱਜ ਵੈਨਕੋਵਰ ਵਿਖੇ ਭੇਜ ਦਿੱਤੀ ਗਈ। ਪਿੰਦਰ ਦੀ ਦੇਹ ਅੰਤ ਸਮੇਂ ਆਪਣੇ ਜਨਮ ਅਸਥਾਨ ਜੱਦੀ ਘਰ ਪੁੱਜ ਨਾ ਸਕੀ। ਪਿੰਦਰ ਦੇ ਪਿਤਾ ਮੱਖਣ ਸਿੰਘ ਅਤੇ ਮਾਤਾ ਦੋ ਦਿਨਾਂ ਬਾਅਦ ਆਪਣੇ ਪੁੱਤਰ ਦੇ ਸੰਸਕਾਰ ਲਈ ਕਨੇਡਾ ਚਲੇ ਜਾਣਗੇ।