ਹਰਿਆਣਾ, ,12 ਮਾਰਚ ( ਬਿਊਰੋ)- ਹਰਿਆਣਾ ਦੀ ਰਾਜਨੀਤੀ ਵਿਚ ਆਏ ਤੂਫ਼ਾਨ ਤੋਂ ਬਾਅਦ ਜਿਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਸਤੀਫਾ ਦੇ ਦਿੱਤਾ। ਉਸਤੋਂ ਬਾਅਦ ਹਰਿਆਣਾ ਦਾ ਨਵਾਂ ਮੁੱਖ ਮੰਤਰੀ ਵਿਧਾਇਕ ਦਲ ਦੀ ਮੀਟਿੰਗ ਵਿਚ ਨਾਇਬ ਸਿੰਘ ਸੈਣੀ ਨੂੰ ਚੁਣ ਲਿਆ ਗਿਆ। ਸੈਣੀ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਹਨ।ਓਬੀਸੀ ਭਾਈਚਾਰੇ ਨਾਲ ਸਬੰਧਤ ਨਾਇਬ ਸਿੰਘ ਸੈਣੀ ਨੂੰ ਹਾਲ ਹੀ ਵਿੱਚ ਹਰਿਆਣਾ ਭਾਜਪਾ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਉਹ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਹਨ।
ਭਾਜਪਾ ਦੇ ਸੂਬਾ ਪ੍ਰਧਾਨ ਕੁਰੂਕਸ਼ੇਤਰ ਨਾਇਬ ਸਿੰਘ ਸੈਣੀ ਨੇ 1996 ਤੋਂ 2000 ਤੱਕ ਹਰਿਆਣਾ ਭਾਜਪਾ ਦੇ ਸੂਬਾ ਜਨਰਲ ਸਕੱਤਰ ਦੇ ਸੰਗਠਨ ਵਿੱਚ ਸਹਿਯੋਗੀ ਵਜੋਂ ਕੰਮ ਕੀਤਾ ਹੈ। ਇਸ ਤੋਂ ਬਾਅਦ ਸਾਲ 2002 ਵਿੱਚ ਉਹ ਯੁਵਾ ਮੋਰਚਾ ਭਾਜਪਾ ਅੰਬਾਲਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ।
ਫਿਰ ਸਾਲ 2005 ਵਿੱਚ ਅੰਬਾਲਾ ਵਿੱਚ ਯੁਵਾ ਮੋਰਚਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਹੇ। ਨਾਇਬ ਸਿੰਘ ਸੈਣੀ ਨੇ ਸਾਲ 2009 ਵਿੱਚ ਭਾਜਪਾ ਕਿਸਾਨ ਮੋਰਚਾ ਹਰਿਆਣਾ ਦੇ ਸੂਬਾ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ ਸੀ।
ਇਸ ਤੋਂ ਬਾਅਦ ਸਾਲ 2012 ਵਿੱਚ ਅੰਬਾਲਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਣੇ। ਇਸ ਤੋਂ ਬਾਅਦ ਸਾਲ 2014 ਵਿੱਚ ਉਹ ਨਰਾਇਣ ਗੜ੍ਹ ਵਿਧਾਨ ਸਭਾ ਤੋਂ ਵਿਧਾਇਕ ਬਣੇ।
ਫਿਰ ਸਾਲ 2016 ਵਿੱਚ ਉਹ ਹਰਿਆਣਾ ਸਰਕਾਰ ਵਿੱਚ ਰਾਜ ਮੰਤਰੀ ਸਨ। ਉਹ ਸਾਲ 2019 ਵਿੱਚ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਹਰਿਆਣਾ ਵਿੱਚ ਭਾਜਪਾ ਦਾ ਸੂਬਾ ਪ੍ਰਧਾਨ ਬਣਾ ਦਿੱਤਾ।